ਮਜੀਠੀਆ ਨੇ ਦੁਆਬਾ ਖੇਤਰ ‘ਚ ਪਹਿਲੀ ਕਤਾਰ ਦੇ ਕੋਵਿਡ ਯੋਧਿਆਂ ਨੂੰ 500 ਪੀਪੀਈ ਕਿਟਾਂ ਵੰਡੀਆਂ

ਜਲੰਧਰ, 30 ਅਪ੍ਰੈਲ, 2020 –

ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਦੁਆਬਾ ਖੇਤਰ ਦੇ ਜਲੰਧਰ, ਕਪੂਰਥਲਾ ਅਤੇ ਨਵਾਂ ਸ਼ਹਿਰ ਵਿਚ ਲੋਕਾਂ ਦੀ ਰਾਖੀ ਲਈ ਲੜਾਈ ਲੜ ਰਹੇ ਪਹਿਲੀ ਕਤਾਰ ਦੇ ਕੋਵਿਡ ਯੋਧਿਆਂ ਡਾਕਟਰਾਂ, ਮੈਡੀਕਲ ਸਟਾਫ, ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੂੰ 500 ਦੇ ਕਰੀਬ ਪੀਪੀਈ ਕਿਟਾਂ ਵੰਡੀਆਂ। ਇਸ ਮੌਕੇ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਅਤੇ ਯੂਥ ਅਕਾਲੀ ਦਲ ਦੁਆਬਾ ਇਕਾਈ ਦੇ ਪ੍ਰਧਾਨ ਸੁਖਦੀਪ ਸਿੰਘ ਸੁਕਰ ਵੀ ਉਹਨਾਂ ਦੇ ਨਾਲ ਸਨ।

ਜਲੰਧਰ ਵਿਖੇ ਕੋਵਿਡ ਯੋਧਿਆਂ ਨੂੰ ਸੁਰੱਖਿਆ ਕਿਟਾਂ ਵੰਡਣ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਸੂਬੇ ਅੰਦਰ ਵਧ ਰਹੇ ਕੋਵਿਡ ਕੇਸਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਸੂਬਾ ਸਰਕਾਰ ਕੋਰੋਨਾ ਦੀ ਬੀਮਾਰੀ ਨੂੰ ਨੱਥ ਪਾਉਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।

ਉਹਨਾਂ ਕਿਹਾ ਕਿ ਬਿਨਾਂ ਟੈਸਟ ਰਿਪੋਰਟ ਵੇਖੇ ਮਰੀਜ਼ ਨੂੰ ਘਰ ਭੇਜ ਦੇਣਾ ਅਤੇ ਰਿਪੋਰਟ ਪਾਜ਼ੇਟਿਵ ਆਉਣ ਤੇ ਦੁਬਾਰਾ ਬੁਲਾਉਣਾ ਸਾਬਿਤ ਕਰਦਾ ਹੈ ਕਿ ਪੰਜਾਬ ਵਿਚ ਕੋਵਿਡ ਸੰਬੰਧੀ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਜਦੋਂ ਪੂਰਾ ਦੇਸ਼ ਕੋਵਿਡ ਮਹਾਂਮਾਰੀ ਕਰਕੇ ਇੱਕ ਵੱਡੇ ਸਿਹਤ ਸੰਕਟ ਵਿਚੋਂ ਲੰਘ ਰਿਹਾ ਹੈ ਤਾਂ ਸਰਕਾਰ ਇਸ ਔਖੀ ਘੜੀ ਵਿਚ ਲੋਕਾਂ ਦੀ ਜਾਨ ਬਚਾਉਣ ਦੀ ਆਪਣੀ ਮੁੱਢਲੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।

ਪੰਜਾਬ ਅੰਦਰ ਕੋਵਿਡ ਮੌਤਾਂ ਦੀ ਸਭ ਤੋਂ ਉੱਚੀ ਦਰ ਉੱਤੇ ਦੁੱਖ ਪ੍ਰਗਟ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸਾਡੇ ਡਾਕਟਰ ਅਤੇ ਬਾਕੀ ਮੈਡੀਕਲ ਸਟਾਫ ਅਜੇ ਤੀਕ ਸੁਰੱਖਿਆ ਉਪਕਰਣਾਂ ਦੀ ਉਡੀਕ ਕਰ ਰਹੇ ਹਨ ਅਤੇ ਬਿਨਾਂ ਪੀਪੀਈ ਕਿਟਾਂ ਤੋਂ ਕੋਵਿਡ ਮਰੀਜ਼ਾਂ ਦਾ ਇਲਾਜ ਕਰਦਿਆਂ ਇਸ ਬੀਮਾਰੀ ਦੀ ਲਪੇਟ ਵਿਚ ਆਉਣ ਦਾ ਖਤਰਾ ਹੰਢਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਨੂੰ ਵੈਂਟੀਲੇਟਰਾਂ, ਦਸਤਾਨਿਆਂ, ਮਾਸਕਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਟਿੱਪਣੀ ਕਰਦਿਆਂ ਕਿ ਸ਼ੱਕੀ ਕੇਸਾਂ ਦੇ ਵੱਧ ਤੋਂ ਵੱਧ ਟੈਸਟ ਕਰਨ ਨਾਲ ਪੰਜਾਬ ਵਿਚ ਕੋਵਿਡ ਬੀਮਾਰੀ ਨੂੰ ਠੱਲ੍ਹ ਪਾਉਣ ਵਿਚ ਮੱਦਦ ਮਿਲੇਗੀ, ਅਕਾਲੀ ਆਗੂ ਨੇ ਕਿਹਾ ਕਿ ਕੋਰੋਨਾ ਕੇਸਾਂ ਦੀ ਗਿਣਤੀ ਵਿਚ ਹੋਇਆ ਤਾਜ਼ਾ ਵਾਧਾ ਸੂਬਾ ਸਰਕਾਰ ਦੁਆਰਾ ਕੋਵਿਡ ਪ੍ਰੋਟੋਕੋਲ ਲਾਗੂ ਕਰਨ ਵਿਚ ਉਸ ਸਮੇਂ ਵਰਤੀ ਲਾਪਰਵਾਹੀ ਦਾ ਸਿੱਟਾ ਹੈ, ਜਦੋਂ ਬਾਹਰਲੇ ਰਾਜਾਂ ਤੋਂ ਸ਼ਰਧਾਲੂ ਅਤੇ ਵਿਦਿਆਰਥੀ ਪੰਜਾਬ ਅੰਦਰ ਆ ਰਹੇ ਸਨ।

ਯੂਥ ਅਕਾਲੀ ਦਲ ਦੀ ਦੁਆਬਾ ਇਕਾਈ ਵੱਲੋਂ ਨਿਭਾਈ ਸੇਵਾ ਦੀ ਸ਼ਲਾਘਾ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਯੂਥ ਅਕਾਲੀ ਦਲ ਨੇ ਇੱਕ ਮਹੀਨੇ ਤੋਂ ਜ਼ਮੀਨੀ ਪੱਧਰ ਉੱਤੇ ਕੰਮ ਕਰਕੇ ਮਨੁੱਖਤਾ ਦੀ ਵੱਡੀ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਵਲੰਟੀਅਰਾਂ ਨੇ ਲੋੜਵੰਦਾਂ ਨੂੰ ਲੰਗਰ ਵੰਡਣ ਵਿਚ ਜ਼ਿਲ੍ਹਾ ਪ੍ਰਸਾਸ਼ਨਾਂ, ਐਸਜੀਪੀਸੀ ਅਤੇ ਸਮਾਜ ਸੇਵੀ ਸੰਗਠਨਾਂ ਦੀ ਮੱਦਦ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਨੇ ਪਹਿਲੀ ਕਤਾਰ ਦੇ ਕੋਵਿਡ ਯੋਧਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੈਸੇ ਇਕੱਠੇ ਕਰਕੇ ਪੀਪੀਈ ਕਿਟਾਂ ਖਰੀਦੀਆਂ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES