ਮਜੀਠੀਆ ਨੂੰ ਅਜੇ ਨਹੀਂ ਮਿਲੀ ਰਾਹਤ – ਜ਼ਮਾਨਤ ਅਰਜੀ ’ਤੇ ਅਗਲੀ ਸੁਣਵਾਈ 5 ਜਨਵਰੀ ’ਤੇ ਪਈ

ਯੈੱਸ ਪੰਜਾਬ
ਚੰਡੀਗੜ੍ਹ, 30 ਦਸੰਬਰ, 2021:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਐਨ.ਡੀ.ਪੀ.ਐਸ.ਦੀਆਂ ਧਾਰਾਵਾਂ ਤਹਿਤ ਦਰਜ ਕੇਸ ਵਿੱਚ ਉਨ੍ਹਾਂ ਨੂੰ ਹਾਈਕੋਰਟ ਤੋਂ ਅੱਜ ਕੋਈ ਰਾਹਤ ਨਹੀਂ ਮਿਲੀ ਹੈ ਕਿਉਂਕਿ ਅੱਜ ਇਸ ਮਾਮਲੇ ਵਿੱਚ ਸੁਣਵਾਈ ਹੀ ਅੱਗੇ ਨਹੀਂ ਵਧੀ।

ਸ:ਮਜੀਠੀਆ ਦੀ ਅਗਾਊਂ ਜ਼ਮਾਨਤ ਸੰਬੰਧੀ ਹੋਈ ਸੁਣਵਾਈ ਦੌਰਾਨ ਦੋਹਾਂ ਧਿਰਾਂ ਵੱਲੋਂ ਹੀ ਇਸ ਮਾਮਲੇ ਵਿੱਚ ਬਹਿਸ ਲਈ ਸਮਾਂ ਮੰਗੇ ਜਾਣ ’ਤੇ ਹਾਈਕੋਰਟ ਦੀ ਜੱਜ ਸ੍ਰੀਮਤੀ ਲੀਜ਼ਾ ਗਿੱਲ ਦੀ ਅਦਾਲਤ ਨੇ ਅਗਲੀ ਸੁਣਵਾਈ ਲਈ 5 ਜਨਵਰੀ ਦੀ ਤਾਰੀਖ਼ ਨਿਸਚਿਤ ਕੀਤੀ ਹੈ।

ਇਸ ਸੰਬੰਧੀ ਗੱਲਬਾਤ ਕਰਦਿਆਂ ਸ: ਮਜੀਠੀਆ ਦੇ ਵਕੀਲ ਸ: ਦਮਨਬੀਰ ਸਿੰਘ ਸੋਬਤੀ ਨੇ ਕਿਹਾ ਕਿ ਅਸੀਂ ਬਦਲਾਖ਼ੋਰੀ ਦੀ ਸਿਆਸਤ ਦਾ ਹਵਾਲਾ ਦੇ ਕੇ ਅਤੇ ਹੋਰ ਬਹੁਤ ਸਾਰੇ ਤਕਨੀਕੀ ਮੁੱਦੇ ਅਦਾਲਤ ਦੇ ਸਾਹਮਣੇ ਰੱਖ ਕੇ ਸ: ਮਜੀਠੀਆ ਲਈ ਜ਼ਮਾਨਤ ਦੀ ਮੰਗ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਹ ਸਭ ਦੇ ਸਾਹਮਣੇ ਹੈ ਕਿ ਸ: ਮਜੀਠੀਆ ਨੂੰ ਗ਼ਲਤ ਤਰੀਕੇ ਨਾਲ ਫ਼ਸਾਉਣ ਲਈ ਡੀ.ਜੀ.ਪੀ., ਐਡਵੋਕੇਟ ਜਨਰਲ ਅਤੇ ਤਿੰਨ ਏ.ਡੀ.ਜੀ.ਪੀ.ਵੀ ਤਬਦੀਲ ਕਰ ਦਿੱਤੇ ਗਏ।

ਉਹਨਾਂ ਕਿਹਾ ਕਿ 4 ਜਨਵਰੀ ਤਕ ਹਾਈਕੋਰਟ ਵਿੱਚ ਛੁੱਟੀਆਂ ਹਨ ਅਤੇ ‘ਫ਼ਿਜ਼ੀਕਲ’ ਹੀਅਰਿੰਗ 5 ਜਨਵਰੀ ਤੋਂ ਹੋਣੀ ਹੈ। ਇਹ ਵੀ ਪਤਾ ਲੱਗਾ ਹੈ ਕਿ ਅੱਜ ਸ: ਮਜੀਠੀਆ ਵੱਲੋਂ ਨਾਮਵਰ ਵਕੀਲ ਸ੍ਰੀ ਮੁਕੁਲ ਰੋਹਤਗੀ ਨੇ ਬਹਿਸ ਕਰਨੀ ਸੀ ਪਰ ਉਹ ਵੀ ਉਪਲਬਧ ਨਹੀਂ ਸਨ। ਸਰਕਾਰ ਵੱਲੋਂ ਸੀਨੀਅਰ ਵਕੀਲ ਅਤੇ ਕਾਂਗਰਸ ਨੇਤਾ ਸ੍ਰੀ ਪੀ. ਚਿਦਾਂਬਰਮ ਨੇ ਬਹਿਸ ਕਰਨੀ ਸੀ ਪਰ ਅੱਜ ਉਹ ਵੀ ਹਾਈਕੋਰਟ ਵਿੱਚ ਨਜ਼ਰ ਨਹੀਂ ਆਏ।

ਜ਼ਿਕਰਯੋਗ ਹੈ ਕਿ ਮੋਹਾਲੀ ਅਦਾਲਤ ਵਿੱਚ ਐਡੀਸ਼ਨਲ ਸੈਸ਼ਨਜ਼ ਜੱਜ ਸ੍ਰੀ ਸੰਦੀਪ ਕੁਮਾਰ ਬਾਂਸਲ ਨੇ ਸ: ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖ਼ਾਰਿਜ ਕਰ ਦਿੱਤੀ ਸੀ ਜਿਸ ਮਗਰੋਂ ਸ: ਮਜੀਠੀਆ ਨੇ ਹਾਈਕੋਰਟ ਦਾ ਰੁਖ਼ ਕੀਤਾ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ