ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਹਾਈਕੋਰਟ ਵਿੱਚ ਸੁਣਵਾਈ ਵੀਰਵਾਰ ਨੂੰ – ਇਕ ਪਾਸੇ ਰਾਹਤ ਦੂਜੇ ਬੰਨੇ ਝਟਕਾ!

ਯੈੱਸ ਪੰਜਾਬ
ਚੰਡੀਗੜ੍ਹ, 29 ਦਸੰਬਰ, 2021:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਵੀਰਵਾਰ 30 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਤੈਅ ਹੋਈ ਹੈ।

ਵੀਰਵਾਰ ਦਾ ਇਹ ਦਿਨ ਨਾ ਕੇਵਲ ਸ: ਬਿਕਰਮ ਸਿੰਘ ਮਜੀਠੀਆ ਲਈ ਸਗੋਂ ਸਰਕਾਰ ਲਈ ਵੀ ਅਹਿਮ ਹੋਵੇਗਾ ਕਿਉਂਕਿ ਜੇ ਸ:ਮਜੀਠੀਆ ਦੀ ਜ਼ਮਾਨਤ ਰੱਦ ਹੁੰਦੀ ਹੈ ਤਾਂ ਸ: ਮਜੀਠੀਆ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ ਪਰ ਜੇ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਇਹ ਨਾ ਕੇਵਲ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਲਈ ਸਗੋਂ ਖ਼ਾਸ ਤੌਰ ’ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਲਈ ਵੱਡਾ ਝਟਕਾ ਸਾਬਿਤ ਹੋ ਸਕਦਾ ਹੈ।

ਸ: ਮਜੀਠੀਆ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਹਾਈਕੋਰਟ ਦੀ ਜੱਜ ਸ੍ਰੀਮਤੀ ਲੀਜ਼ਾ ਗਿੱਲ ਦੀ ਅਦਾਲਤ ਵਿੱਚ ਹੋਵੇਗੀ। ਇਸ ਮਾਮਲੇ ਵਿੱਚ ਐਡਵੋਕੇਟ ਸ: ਦਮਨਬੀਰ ਸਿੰਘ ਸੋਬਤੀ ਵੱਲੋਂ ਸ: ਮਜੀਠੀਆ ਦੀ ਅਗਾਊਂ ਜ਼ਮਾਨਤ ਲਈ ਪਟੀਸ਼ਨ ਲਗਾਈ ਗਈ ਹੈ।

ਜ਼ਿਕਰਯੋਗ ਹੈ ਕਿ 20 ਦਸੰਬਰ ਨੂੰ ਮੋਹਾਲੀ ਦੇ ਥਾਣੇ ਵਿੱਚ ਐਨ.ਡੀ.ਪੀ.ਐਸ.ਐਕਟ ਦੀਆਂ ਧਾਰਾਵਾਂ 25, 27-ਏ ਅਤੇ 29 ਤਹਿਤ ਦਰਜ ਐਫ.ਆਈ.ਆਰ. ਨੰਬਰ 2 ਤੋਂ ਬਾਅਦ ਸ: ਮਜੀਠੀਆ ਵੱਲੋਂ ਮੁਹਾਲੀ ਸੈਸ਼ਨਜ਼ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਗਾਈ ਗਈ ਸੀ।

ਮੁਹਾਲੀ ਦੇ ਐਡੀਸ਼ਨਲ ਸੈਸ਼ਨਜ਼ ਜੱਜ ਸ੍ਰੀ ਸੰਦੀਪ ਕੁਮਾਰ ਸਿੰਗਲਾ ਵੱਲੋਂ ਇਸ ਮਾਮਲੇ ਦੀ ਸੁਣਵਾਈ ਦੇ ਬਾਅਦ ਸ: ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ।

ਜ਼ਿਕਰਯੋਗ ਹੈ ਕਿ 20 ਦਸੰਬਰ ਨੂੰ ਐਫ.ਆਈ.ਆਰ.ਦਰਜ ਹੋ ਜਾਣ ਤੋਂ ਬਾਅਦ ਸ: ਮਜੀਠੀਆ ਰੂਪੋਸ਼ ਹੋ ਕੇ ਕਾਨੂੰਨੀ ਚਾਰਾਜੋਈ ਦੇ ਉਹਨਾਂ ਨੂੰ ਉਪਲਬਧ ਮੌਕਿਆਂ ਦੇ ਆਧਾਰ ’ਤੇ ਅਗਾਊਂ ਜ਼ਮਾਨਤ ਦੀ ਕੋਸ਼ਿਸ਼ ਕਰ ਰਹੇ ਹਨ।