ਮਗਨਰੇਗਾ ਵਿਚ 145 ਕਰੋੜ ਖਰਚ ਫਾਜ਼ਿਲਕਾ ਹੋਇਆ ਪੰਜਾਬ ਵਿਚੋਂ ਮੋਹਰੀ: ਡਾ: ਹਿਮਾਂਸ਼ੂ ਅਗਰਵਾਲ

ਯੈੱਸ ਪੰਜਾਬ
ਫਾਜਿ਼ਲਕਾ, 7 ਮਈ, 2022 –
ਫਾਜਿ਼ਲਕਾ ਪੰਜਾਬ ਦੇ ਦੱਖਣ ਪੱਛਮ ਵਿਚ ਪਾਕਿਸਤਾਨ ਤੇ ਰਾਜਸਥਾਨ ਦੀ ਹੱਦ ਨਾਲ ਵਸਿਆ ਜਿ਼ਲ੍ਹਾ ਹੈ, ਜਿਸ ਨੇ ਸਾਲ 2021-22 ਦੌਰਾਨ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜਗਾਰ ਗਰੰਟੀ ਕਾਨੂੰਨ (ਮਗਨਰੇਗਾ) ਤਹਿਤ ਰਾਜ ਵਿਚੋਂ ਸਭ ਤੋਂ ਵੱਧ ਕੰਮ ਕਰਕੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਜਿ਼ਲ੍ਹੇ ਨੇ ਲੰਘੇ ਸਾਲ 145.48 ਕਰੋੜ ਰੁਪਏ ਮਗਨਰੇਗਾ ਤਹਿਤ ਖਰਚ ਕੀਤੇ ਹਨ ਅਤੇ 30,47,342 ਦਿਹਾੜੀਆਂ ਦੀ ਸਿਰਜਣਾ ਕਰਕੇ ਜਿ਼ਲ੍ਹਾ ਵਾਸੀਆਂ ਦੀਆਂ ਰੁਜਗਾਰ ਲੋੜਾਂ ਪੂਰੀਆਂ ਕਰ ਉਨ੍ਹਾਂ ਦੇ ਚੁੱਲ੍ਹੇ ਮਘਾਏ ਹਨ।

ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਨੇ ਨਿਰਧਾਰਤ ਟੀਚੇ ਦਾ 168 ਫੀਸਦੀ ਪ੍ਰਾਪਤੀ ਕੀਤੀ ਹੈ। ਜਿ਼ਲ੍ਹੇ ਨੇ ਸਿਰਫ ਟੀਚੇ ਤੋਂ ਵੱਧ ਕੰਮ ਹੀ ਨਹੀਂ ਕੀਤਾ ਹੈ ਬਲਕਿ ਮਗਨਰੇਗਾ ਸਕੀਮ ਰਾਹੀਂ ਜਿ਼ਲ੍ਹੇ ਦੇ ਪਿੰਡਾਂ ਦਾ ਮੁੰਹ ਮਹਾਂਦਰਾ ਬਦਲੇ ਇਸ ਲਈ ਅਜਿਹੇ ਪ੍ਰੋਜ਼ੈਕਟ ਮਗਨਰੇਗਾ ਸਕੀਮ ਤਹਿਤ ਲਾਗੂ ਕੀਤੇ ਗਏ ਜਿਸ ਨਾਲ ਲੋਕਾਂ ਦੇ ਜੀਵਨ ਪੱਧਰ ਵਿਚ ਵੀ ਸੁਧਾਰ ਹੋਵੇ।

ਜੋਸ ਤੇ ਜਨੂੰਨ ਨਾਲ ਫਾਜਿ਼ਲਕਾ ਜਿ਼ਲ੍ਹੇ ਵਿਚ ਮਗਨਰੇਗਾ ਸਕੀਮ ਨੂੰ ਲਾਗੂ ਕਰਨ ਵਿਚ ਲੱਗੇ ਜਿ਼ਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਆਈਏਐਸ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੱਛਲੇ ਸਾਲ ਜਿ਼ਲ੍ਹੇ ਨੂੰ 23 ਲੱਖ ਦਿਹਾੜੀਆਂ ਦੀ ਸਿਰਜਨਾਂ ਦਾ ਟੀਚਾ ਦਿੱਤਾ ਗਿਆ ਸੀ ਪਰ ਜਿ਼ਲ੍ਹੇ ਨੇ 30.47 ਲੱਖ ਦਿਹਾੜੀਆਂ ਦੀ ਸਿਰਜਣਾ ਕਰਕੇ ਆਪਣੇ ਲੋਕਾਂ ਨੂੰ ਵੱਧ ਤੋਂ ਵੱਧ ਕੰਮ ਮੁਹਈਆ ਕਰਵਾਇਆ।

ਉਨ੍ਹਾਂ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਦੇ ਮਹੱਤਵ ਨੂੰ ਸਮਝਦਿਆਂ ਵਿੱਤੀ ਸਾਲ ਦੌਰਾਨ ਮਗਨਰੇਗਾ ਤਹਿਤ 23 ਨਰਸਰੀਆ ਵਿਚ 12 ਲੱਖ ਬੂਟੇ ਤਿਆਰ ਕੀਤੇ ਗਏ ਹਨ ਜ਼ੋ ਕਿ ਇਸ ਸਾਲ ਜਿ਼ਲ੍ਹੇ ਵਿਚ ਵੱਖ ਵੱਖ ਥਾਂਵਾਂ ਤੇ ਲਗਾਏ ਜਾਣਗੇ ਜਦ ਕਿ ਇਸ ਤੋਂ ਬਿਨ੍ਹਾਂ 342500 ਪੌਦੇ ਲੰਘੇ ਸਾਲ ਵਿਚ ਲਗਾਏ ਗਏ ਹਨ।ਕੋਹਾੜਿਆਂ ਵਾਲੀ ਅਤੇ ਹਰੀਪੂਰਾ ਵਿਚ ਮੀਆਂਵਾਕੀ ਜੰਗਲ ਲਗਾਏ ਗਏ ਹਨ।

ਫਾਜਿ਼ਲਕਾ ਦੀ ਜਿਆਦਾਤਰ ਵਾਹੀਯੋਗ ਜਮੀਨ ਨਹਿਰਾਂ ਦੇ ਟੇਲ ਤੇ ਹੈ ਅਤੇ ਨਹਿਰੀ ਪਾਣੀ ਕਿਸਾਨਾਂ ਦੀ ਵੱਡੀ ਲੋੜ ਹੈ। ਇਸ ਲਈ ਜਿ਼ਲ੍ਹੇ ਵਿਚ ਮਗਨਰੇਗਾ ਤਹਿਤ 3,45,462 ਫੁੱਟ ਲੰਬਾਈ ਦੇ 16.40 ਕਰੋੜ ਦੀ ਲਾਗਤ ਨਾਲ ਖਾਲੇ ਪੱਕੇ ਕੀਤੇ ਗਏ ਹਨ ਤਾਂ ਜ਼ੋ ਕਿਸਾਨਾਂ ਦੇ ਖੇਤਾਂ ਤੱਕ ਪੂਰਾ ਪਾਣੀ ਪਹੁੰਚ ਸਕੇ।

ਇਸੇ ਤਰਾਂ ਜਿ਼ਲ੍ਹੇ ਵਿਚ ਮਗਨਰੇਗਾ ਤਹਿਤ 17 ਛੱਪੜਾਂ ਨੂੰ ਥਾਪਰ ਮਾਡਲ ਨਾਲ ਵਿਕਸਤ ਕੀਤਾ ਗਿਆ ਹੈ।ਇਸੇ ਤਰਾਂ ਮਗਨਰੇਗਾ ਤਹਿਤ ਹੀ 451 ਲੱਖ ਨਾਲ 31 ਖੇਡ ਮੈਦਾਨ ਪਿੰਡਾਂ ਵਿਚ ਬਣਾਏ ਗਏ ਹਨ ਤਾਂ ਜ਼ੋ ਸਾਡੇ ਨੌਜਵਾਨਾਂ ਨੂੰ ਚੰਗੀਆਂ ਖੇਡ ਸਹੁਲਤਾਂ ਮਿਲ ਸਕਨ।ਇੰਜ ਹੀ 464.80 ਲੱਖ ਨਾਲ 54 ਪਾਰਕ ਪਿੰਡਾਂ ਵਿਚ ਬਣਾਏ ਗਏ ਹਨ।

ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਸਕੂਲਾਂ ਵਿਚ ਵੀ ਮਗਨਰੇਗਾ ਤਹਿਤ ਕਿਚਨ ਸੈਡ, ਪਾਰਕ, ਪਲੇਅ ਗਰਾਉਂਡ ਬਣਾਏ ਗਏ ਹਨ ਅਤੇ 121 ਸਕੂਲਾਂ ਦੀ ਚਾਰਦਿਵਾਰੀ ਮਗਨਰੇਗਾ ਤਹਿਤ ਕੀਤੀ ਗਈ ਹੈ। ਪਿੰਡਾਂ ਵਿਚ 679 ਲੋਕਾਂ ਨੂੰ ਪਸੂਆ ਲਈ ਕੈਡਲ ਸੈਡ ਬਣਾ ਕੇ ਦਿੱਤੇ ਗਏ ਹਨ। ਇਸ ਤੋਂ ਬਿਨ੍ਹਾਂ ਪਿੰਡਾਂ ਵਿਚ ਗਲੀਆਂ ਦੀ ਇੰਟਰਲਾਕਿੰਗ ਦਾ ਕੰਮ ਕਰਵਾਇਆ ਗਿਆ ਹੈ ਅਤੇ ਢਾਣੀ ਕੈਲਾਸ ਨਗਰ, ਬਲਾਕ ਅਬੋਹਰ ਵਿਖੇ ਕੈਨਾਲ ਫਰੰਟ ਵਿਊ ਦਾ ਸਪੈਸ਼ਲ ਪ੍ਰੋਜ਼ੈਕਟ ਦਾ ਕੰਮ ਕਰਵਾਇਆ ਗਿਆ ਹੈ।

ਜਲ ਸ਼ੋ੍ਰਤਾਂ ਦੀ ਸੰਭਾਂਲ ਤੇ ਰਿਹਾ ਜ਼ੋਰ ਸਾਲ 2021-22 ਦੌਰਾਨ ਫਾਜਿ਼ਲਕਾ ਜਿ਼ਲ੍ਹੇ ਵਿਚ 111 ਟੋਭਿਆਂ ਦੀ ਸਫਾਈ ਮਗਨਰੇਗਾ ਤਹਿਤ ਕਰਵਾਈ ਗਈ। ਇਸ ਨਾਲ 210121 ਦਿਹਾੜੀਆਂ ਦੀ ਸਿਰਜਣਾ ਹੋਈ ਉਥੇ ਹੀ ਜਲ ਸ਼ੋ੍ਰਤਾਂ ਦੀ ਸੰਭਾਲ ਲਈ ਵੀ ਇਹ ਯੋਜਨਾ ਸਹਾਈ ਸਿੱਧ ਹੋਈ। ਇਸੇ ਲੜੀ ਵਿਚ ਚਾਲੂ ਵਿੱਤੀ ਸਾਲ ਵਿਚ ਜਿ਼ਲ੍ਹੇ ਵਿਚ 75 ਅ੍ਰੰਮਿਤ ਸਰੋਵਰ ਤਿਆਰ ਕੀਤੇ ਜਾਣਗੇ ਤਾਂ ਜ਼ੋ ਮੀਂਹ ਦੇ ਪਾਣੀ ਦੀ ਸੰਭਾਲ ਹੋ ਸਕੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ