ਭਾਰਤ ਦੀ ਰਾਜਨੀਤੀ ਵਿੱਚ ਸਾਰੇ ਵਾਅਦੇ ਪੂਰੇ ਕਰਨ ਵਾਲੀ ਇੱਕਲੀ ਪਾਰਟੀ ਹੈ ‘ਆਪ’: ਸਤਿੰਦਰ ਜੈਨ

ਯੈੱਸ ਪੰਜਾਬ
ਫ਼ਾਜ਼ਿਲਕਾ, 27 ਦਸੰਬਰ, 2021 –
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਨੇ ਦਾਅਵਾ ਕੀਤਾ ਕਿ ਭਾਰਤ ਦੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਇੱਕਲੀ ਅਜਿਹੀ ਪਾਰਟੀ ਹੈ, ਜਿਸ ਨੇ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਪੰਜਾਬ ਦੇ ਲੋਕਾਂ ਨੂੰ ਵੀ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਜਿਹੜੀ ਵੀ ਗਰੰਟੀ ਦਿੱਤੀ ਹੈ, ਸਰਕਾਰ ਬਣਨ ’ਤੇ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ।

ਸੋਮਵਾਰ ਨੂੰ ਸਤਿੰਦਰ ਜੈਨ ਨੇ ਫ਼ਾਜ਼ਿਲਕਾ ਅਤੇ ਆਸਪਾਸ ਦੇ ਕਾਰੋਬਾਰੀਆਂ ਅਤੇ ਵਪਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪੱਕੇ ਹੱਲ ਲਈ ਸੁਝਾਅ ਵੀ ਮੰਗੇ। ਆਪਣੇ ਸੰਬੋਧਨ ਵਿੱਚ ਜੈਨ ਨੇ ਕਿਹਾ ਕਿ ਪੰਜਾਬ ਦੇ ਵਪਾਰੀਆਂ ਲਈ ਸੁਰੱਖਿਆ ਸਭ ਤੋਂ ਵੱਡਾ ਮੁੱਦਾ ਹੈ।

ਪੰਜਾਬ ਦੇ ਵਪਾਰੀ ਡਰ ਮਹਿਸੂਸ ਕਰ ਰਹੇ ਹਨ, ਕਿਉਂਕਿ ਸੱਤਾਧਾਰੀ ਆਗੂ ਸੁਰੱਖਿਆ ਕਰਨ ਦੀ ਥਾਂ ਉਨ੍ਹਾਂ ਦੇ ਵਪਾਰ ਵਿੱਚ ਹਿੱਸਾ ਮੰਗਦੇ ਹਨ। ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਪੰਜਾਬ ਦੇ ਵਪਾਰੀ ਦੂਜੇ ਰਾਜਾਂ ਵਿੱਚ ਨਿਵੇਸ਼ ਕਰ ਰਹੇ ਹਨ। ਉਨ੍ਹਾਂ ਵਪਾਰੀਆਂ ਨਾਲ ਵਾਅਦਾ ਕੀਤਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਵਪਾਰ ਲਈ ਸੁਰੱਖਿਅਤ ਮਹੌਲ ਬਣਾਇਆ ਜਾਵੇਗਾ ਅਤੇ ਵਪਾਰੀਆਂ ਦੀ ਸੁਰੱਖਿਆ ਦੀ ਪੂਰੀ ਗਰੰਟੀ ‘ਆਪ’ ਸਰਕਾਰ ਲਵੇਗੀ।

ਅਕਾਲੀ ਦਲ ਬਾਦਲ ਅਤੇ ਕਾਂਗਰਸ ਦੀ ਅਲੋਚਨਾ ਕਰਦਿਆਂ ਸਤਿੰਦਰ ਜੈਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਿਕਾਸ ਦੀ ਉਮੀਦ ਨਾਲ ਵਾਰ- ਵਾਰ ਸਰਕਾਰ ਬਦਲੀ, ਪਰ ਉਨ੍ਹਾਂ ਦੀ ਸਥਿਤੀ ਨਹੀਂ ਬਦਲੀ। ਲੋਕਾਂ ਨੇ ਕਦੇ ਅਕਾਲੀ- ਭਾਜਪਾ ਅਤੇ ਕਦੇ ਕਾਂਗਰਸ- ਕੈਪਟਨ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ, ਪਰ ਇਨਾਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਲਈ ਕੁੱਝ ਨਹੀਂ ਕੀਤਾ।

ਰਾਜ ਦੇ ਲੋਕਾਂ ਦਾ ਰੁਝਾਨ ਆਮ ਆਦਮੀ ਪਾਰਟੀ ਵੱਲ ਦੇਖ ਕੇ ਅੰਦਰ ਤੋਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਹਨ। ਇਨਾਂ ਦਾ ਇੱਕ ਮਕਸਦ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਰੋਕਿਆ ਜਾਵੇ, ਕਿਉਂਕਿ 2017 ਦੀਆਂ ਚੋਣਾ ਵਿੱਚ ਵੀ ਕੈਪਟਨ ਅਤੇ ਬਾਦਲ ਨੇ ਆਪਸੀ ਸਮਝੌਤਾ ਕਰਕੇ ਕਾਂਗਰਸ ਦੀ ਸਰਕਾਰ ਬਣਾਈ ਸੀ।

ਜੈਨ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਆਮ ਲੋਕਾਂ ਨਾਲ ਰਾਜਿਆਂ- ਮਹਾਰਾਜਿਆਂ ਵਾਲਾ ਵਰਤਾਓ ਕਰਦੇ ਹਨ, ਜਦੋਂ ਕਿ ਇਨਾਂ ਲੋਕਾਂ ਨੇ ਹੀ ਵੋਟਾਂ ਪਾ ਕੇ ਸਰਕਾਰ ਬਣਾਈ ਹੈ। ਸੱਤਾਧਾਰੀ ਆਗੂ ਲੋਕਾਂ ਦੀ ਸੁਰੱਖਿਆ ਕਰਨ ਦੀ ਥਾਂ ਉਨ੍ਹਾਂ ਨੂੰ ਡਰਾਉਂਦੇ- ਧਮਕਾਉਂਦੇ ਹਨ। ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਆਮ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ।

ਇਸ ਲਈ ਉਹ ਆਮ ਆਦਮੀ ਦੀ ਤਕਲੀਫ਼ ਅਤੇ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਚੰਡੀਗੜ੍ਹ ਨਗਰ ਨਿਗਮ ਚੋਣਾ ਵਿੱਚ ‘ਆਪ’ ਨੂੰ ਮਿਲੀ ਜਿੱਤ ਬਾਰੇ ਜੈਨ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਗੰਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ।

ਪੰਜਾਬ ਦੇ ਲੋਕ ਵੀ 2022 ਦੀਆਂ ਚੋਣਾ ਵਿੱਚ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਕੈਪਟਨ ਦੀ ਰਾਜਨੀਤੀ ਨੂੰ ਰੱਦ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਚੰਡੀਗੜ੍ਹ ਦੀ ਤਰ੍ਹਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਨੰਬਰ ਇੱਕ ਪਾਰਟੀ ਬਣੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ