ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਵਿਧਾਨ ਸਭਾ ਚੋਣਾਂ ’ਚ ਹਿੱਸਾ ਨਾ ਲੈਣ ਦਾ ਫ਼ੈਸਲਾ, ਸੰਯੁਕਤ ਸਮਾਜ ਮੋਰਚੇ ਦਾ ਵੀ ਨਹੀਂ ਕੀਤਾ ਜਾਵੇਗਾ ਸਮਰਥਨ

ਯੈੱਸ ਪੰਜਾਬ
ਚੰਡੀਗੜ੍ਹ, 27 ਦਸੰਬਰ, 2021 –
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਪੰਜਾਬ ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਜਾਂ ਧੜੇ ਦੀ ਹਮਾਇਤ ਨਹੀਂ ਕਰੇਗੀ। ਇਹ ਫੈਸਲਾ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੀ ਬੂਟਾ ਸਿੰਘ ਬੁਰਜ਼ਗਿੱਲ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ, ਬਰਨਾਲਾ ਵਿਖੇ ਹੋਈ ਸੂਬਾ ਪੱਧਰੀ ਅਹਿਮ ਮੀਟਿੰਗ ਵਿੱਚ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਅੱਜ ਪੂਰੇ ਪੰਜਾਬ ਵਿੱਚੋਂ ਜਿਲ੍ਹਿਆਂ ਦੇ ਪ੍ਰਧਾਨ-ਸਕੱਤਰਾਂ ਨੇ ਖੁੱਲ੍ਹਕੇ ਵਿਚਾਰ ਚਰਚਾ ਕੀਤੀ। ਲੰਬੀ ਵਿਚਾਰ ਚਰਚਾ ਤੋਂ ਬਾਅਦ ਸਰਬਸੰਮਤੀ ਨਾਲ ਬੀਕੇਯੂ-ਏਕਤਾ (ਡਕੌਂਦਾ) ਦੇ ਸੰਵਿਧਾਨ ਅਨੁਸਾਰ ਫੈਸਲਾ ਕੀਤਾ ਜਥੇਬੰਦੀ ‘ਵਿਧਾਨ ਸਭਾ ਚੋਣਾਂ ‘ਚ ਨਹੀਂ ਲਵੇਗੀ, ਸੰਯੁਕਤ ਸਮਾਜ ਮੋਰਚੇ’ ਦਾ ਵੀ ਸਮਰਥਨ ਨਹੀਂ ਕੀਤਾ ਜਾਵੇਗਾ।

ਕਿਸਾਨ- ਆਗੂਆਂ ਮਨਜੀਤ ਸਿੰਘ ਧਨੇਰ, ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਜਥੇਬੰਦੀ ਦਾ ਦ੍ਰਿੜ ਵਿਸ਼ਵਾਸ ਹੈ ਕਿ ਸੰਘਰਸ਼ਾਂ ਦੇ ਜ਼ੋਰ ਹੀ ਕਿਸਾਨੀ ਮੰਗਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਕਾਲੇ ਕਾਨੂੰਨਾਂ ਖਿਲਾਫ਼ ਚੱਲੇ ਇਤਿਹਾਸਕ ਜੇਤੂ ਅੰਦੋਲਨ ਵਿੱਚ ਆਗੂ ਟੀਮਾਂ ਵੱਲੋਂ ਨਿਭਾਈ ਭੂਮਿਕਾ ਦੀ ਜੋਰਦਾਰ ਸਰਾਹਨਾ ਕੀਤੀ।

ਪੰਜਾਬ ਸਰਕਾਰ ਨਾਲ ਕਰਜ਼ਾ ਸਮੇਤ ਬੁਨਿਆਦੀ ਮੰਗਾਂ ਉੱਪਰ ਹੋਈ ਵਿਸਥਾਰ ਮੀਟਿੰਗ ਬਾਰੇ ਵੀ ਭਰਵੀਂ ਚਰਚਾ ਹੋਈ ਅਤੇ 10 ਜਨਵਰੀ 2021 ਨੂੰ ਦਾਣਾ ਮੰਡੀ ਬਰਨਾਲਾ ਵਿਖੇ ਪੰਜਾਬ ਪੱਧਰੀ”ਜੁਝਾਰ ਰੈਲੀ” ਕਰਨ ਦਾ ਫੈਸਲਾ ਕੀਤਾ ਗਿਆ।

ਅੱਜ ਮੀਟਿੰਗ ਵਿੱਚ ਰਾਮ ਸਿੰਘ ਮਟੋਰੜਾਂ, ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਕਿਸ਼ਨਗੜੵ, ਹਰਨੇਕ ਸਿੰਘ ਮਹਿਮਾ, ਹਰੀਸ਼ ਨੱਢਾ, ਪਰਮਿੰਦਰ ਮੁਕਤਸਰ, ਦਰਸ਼ਨ ਸਿੰਘ ਉੱਗੋਕੇ, ਬਲਦੇਵ ਸਿੰਘ ਭਾਈਰੂਪਾ,ਮਹਿੰਦਰ ਸਿੰਘ ਦਿਆਲਪੁਰਾ, ਜਗਜੀਤ ਸਿੰਘ ਕਰਾਲਾ, ਮਹਿੰਦਰ ਸਿੰਘ ਕਮਾਲਪੁਰ, ਜਗਮੇਲ ਸਿੰਘ ਪਟਿਆਲਾ, ਕਰਮ ਸਿੰਘ ਬਲਿਆਲ, ਧਰਮਿੰਦਰ ਕਪੂਰਥਲਾ, ਗੁਰਮੀਤ ਗੁਰਦਾਸਪੁਰ,ਸੁਖਚੈਨ ਸਿੰਘ ਰਾਜੂ, ਧਰਮਪਾਲ ਸਿੰਘ ਰੋੜੀਕਪੂਰਾ, ਗੁਰਦੇਵ ਸਿੰਘ ਮਾਂਗੇਵਾਲ ਆਦਿ ਤੋਂ ਇਲਾਵਾ ਬਹੁਤ ਸਾਰੇ ਆਗੂਆਂ ਨੇ ਵੀ ਵਿਚਾਰ ਰੱਖੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ