ਭਾਜਪਾ ’ਚ ਸ਼ਾਮਲ ਹੋਏ ਰਾਣਾ ਸੋਢੀ ਨੂੰ ਮਿਲੀ ਜ਼ੈੱਡ ਸ਼੍ਰੇਣੀ ਦੀ ਸੁਰੱਖ਼ਿਆ

ਯੈੱਸ ਪੰਜਾਬ
ਚੰਡੀਗੜ੍ਹ, 30 ਦਸੰਬਰ, 2021:
ਬੀਤੇ ਦਿਨੀਂ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜ਼ੈੱਡ ਸ਼ੇ੍ਰਣੀ ਦੀ ਸੁਰੱਖ਼ਿਆ ਪ੍ਰਦਾਨ ਕੀਤੀ ਗਈ ਹੈ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀ ਅਤੇ ਗੁਰੂ ਹਰਸਹਾਏ ਵਿਧਾਨਸਭਾ ਹਲਕੇ ਤੋਂ ਚਾਰ ਵਾਰ ਦੇ ਵਿਧਾਇਕ ਅਤੇ ਕੈਪਟਨ ਵਜ਼ਾਰਤ ਵਿੱਚ ਖ਼ੇਡ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਕੈਬਨਿਟ ਮੰਤਰੀ ਰਹੇ ਰਾਣਾ ਸੋਢੀ ਨੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਝਟਕਾ ਦਿੱਤਾ ਸੀ ਜਦ ਉਹਨਾਂ ਨੇ ਕਾਂਗਰਸ ਨੂੰ ਅਲਵਿਦਾ ਆਖ਼ਦਿਆਂ ਭਾਜਪਾ ਦਾ ਪੱਲਾ ਫ਼ੜ ਲਿਆ ਸੀ।

ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਨੂੰ ਅਲਵਿਦਾ ਆਖ਼ਣ ਅਤੇ ਨਵੀਂ ਪਾਰਟੀ ਬਣਾਉਣ ਦੇ ਫ਼ੈਸਲੇ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਪਾਰਟੀ ਨੂੰ ਲੱਗ ਸਕਦੇ ਸੰਭਾਵੀ ਖ਼ੋਰੇ ਤੋਂ ਬਚਾਅ ਲਈ ਰਾਣਾ ਸੋਢੀ ਸਣੇ ਕਈ ਨਾਰਾਜ਼ ਸਾਬਕਾ ਮੰਤਰੀਆਂ ਨਾਲ ਮੁਲਾਕਾਤ ਕੀਤੀ ਸੀ।

ਸ੍ਰੀ ਰਾਹੁਲ ਗਾਂਧੀ ਨਾਲ ਹੋਈ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਅਤੇ ਸਮਝਿਆ ਜਾ ਰਿਹਾ ਸੀ ਕਿ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਾਰਗਰ ਸਾਬਿਤ ਹੋਵੇਗੀ ਪਰ ਸ੍ਰੀ ਰਾਣਾ ਸੋਢੀ ਦੇ ਕਾਂਗਰਸ ਛੱਡ ਜਾਣ ਮਗਰੋਂ ਹੁਣ ਦੋ ਮੌਜੂਦਾ ਵਿਧਾਇਕਾਂ ਸ: ਫ਼ਤਹਿਜੰਗ ਸਿੰਘ ਬਾਜਵਾ ਅਤੇ ਸ: ਬਲਵਿੰਦਰ ਸਿੰਘ ਲਾਡੀ ਦੇ ਪਾਰਟੀ ਛੱਡ ਜਾਣ ਨਾਲ ਇਹ ਸਾਹਮਣੇ ਆ ਰਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਖੋਰਾ ਲੱਗਣ ਤੋਂ ਬਚਾਇਆ ਨਹੀਂ ਜਾ ਸਕੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ