ਭਾਕਿਯੂ ਏਕਤਾ ਉਗਰਾਹਾਂ ਵੱਲੋਂ ਮੰਨੀਆਂ ਹੋਈਆਂ ਸਾਰੀਆਂ ਕਿਸਾਨ ਮੰਗਾਂ ਬਿਨਾਂ ਸ਼ਰਤ ਲਾਗੂ ਕਰਵਾਉਣ ਲਈ ਡੀ.ਸੀ. ਦਫ਼ਤਰਾਂ ਦਾ ਘਿਰਾਓ ਮੁੜ ਸ਼ੁਰੂ

ਚੰਡੀਗੜ੍ਹ, 31 ਦਸੰਬਰ, 2021 (ਦਲਜੀਤ ਕੌਰ ਭਵਾਨੀਗੜ੍ਹ)
ਕੱਲ੍ਹ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਨਾਲ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਰਾਮਪੁਰਾ ਹੈਲੀਪੈਡ ‘ਤੇ ਹੋਈ ਗੱਲਬਾਤ ਮੌਕੇ ਫ਼ਸਲੀ ਖ਼ਰਾਬੇ ਦੇ ਮੁਆਵਜ਼ੇ ‘ਤੇ ਲਾਈ 5 ਏਕੜ ਦੀ ਬੇਤੁਕੀ ਸ਼ਰਤ ਰੱਦ ਕਰਨ ਦੀ ਮੰਗ ਬਾਰੇ ਕੋਈ ਵੀ ਜਾਣਕਾਰੀ ਹੁਣ ਤੱਕ ਵੀ ਨਾ ਦੇਣ ਅਤੇ ਕਿਸਾਨ ਮੰਗਾਂ ਬਾਰੇ ਲਗਾਤਾਰ ਧਾਰਨ ਕੀਤੇ ਡੰਗ-ਟਪਾਊ ਵਤੀਰੇ ਵਿਰੁੱਧ ਰੋਸ ਵਜੋਂ ਅੱਜ ਬਾਅਦ ਦੁਪਹਿਰ 1 ਵਜੇ 15 ਜ਼ਿਲ੍ਹਿਆਂ ਵਿੱਚ 12 ਡੀ ਸੀ ਅਤੇ 3 ਐੱਸ ਡੀ ਐੱਮ ਦਫ਼ਤਰਾਂ ਦੇ ਘਿਰਾਓ ਮੁੜ ਸ਼ੁਰੂ ਕਰ ਦਿੱਤੇ ਗਏ।

ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 23 ਦਸੰਬਰ ਦੀ ਸੰਖੇਪ ਮੀਟਿੰਗ ਵਿੱਚ ਫਸਲੀ ਖ਼ਰਾਬੇ ਅਤੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਸਮੇਤ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਤੇ ਨੌਕਰੀਆਂ ਦੇਣ ਵਰਗੀਆਂ 6 ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਤੋਂ ਲਗਾਤਾਰ ਟਾਲਮਟੋਲ ਕੀਤਾ ਜਾ ਰਿਹਾ ਹੈ। 28 ਅਤੇ 30 ਦਸੰਬਰ ਨੂੰ ਮੁੜ ਮੀਟਿੰਗਾਂ ਸੱਦ ਕੇ ਵੀ ਬਿਨਾਂ ਸੁਣਵਾਈ ਤੋਂ ਮੋੜਿਆ ਗਿਆ।

ਜਥੇਬੰਦੀ ਦੇ ਆਗੂਆਂ ਨੂੰ ਖਾਹਮਖਾਹ ਪ੍ਰੇਸ਼ਾਨ ਕਰਨ ਵਾਲੇ ਇਸ ਡੰਗ ਟਪਾਊ ਵਤੀਰੇ ਕਾਰਨ ਅਤੇ ਕੜਾਕੇ ਦੀ ਠੰਢ ਵਿੱਚ ਦਿਨੇ ਰਾਤ ਸੜਕਾਂ ‘ਤੇ ਪਰਵਾਰਾਂ ਸਮੇਤ ਰੁਲਣ ਲਈ ਮਜਬੂਰ ਕੀਤੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨਾਲ ਅਜਿਹੇ ਅਣਮਨੁੱਖੀ ਗ਼ੈਰ ਜ਼ਿੰਮੇਵਾਰ ਵਤੀਰੇ ਨੇ ਹੀ ਜਥੇਬੰਦੀ ਨੂੰ ਦਫ਼ਤਰਾਂ ਦੇ ਘਿਰਾਓ ਵਰਗੇ ਸਖ਼ਤ ਫ਼ੈਸਲੇ ਲਈ ਮਜਬੂਰ ਕੀਤਾ ਹੈ। ਬੇਸ਼ੱਕ ਇਸ ਫੈਸਲੇ ਕਾਰਨ ਅਤਿ ਜ਼ਰੂਰੀ ਕੰਮਾਂ ਕਾਰਾਂ ਵਾਲੇ ਵਿਅਕਤੀਆਂ ਨੂੰ ਪ੍ਰੇਸ਼ਾਨੀ ਵੀ ਹੋ ਸਕਦੀ ਜਿਸ ਦਾ ਜਥੇਬੰਦੀ ਨੂੰ ਅਫਸੋਸ ਹੈ।

ਘਿਰਾਓ ਮੋਰਚਿਆਂ ਵਿੱਚ ਅੱਜ ਵੀ ਭਾਰੀ ਗਿਣਤੀ ਵਿੱਚ ਔਰਤਾਂ ਨੌਜਵਾਨਾਂ ਸਮੇਤ ਕੁੱਲ ਦਹਿ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ। ਇਹ ਘਿਰਾਓ ਕਿਸਾਨ ਮੰਗਾਂ ਦੇ ਤਸੱਲੀਬਖ਼ਸ਼ ਨਿਪਟਾਰੇ ਤੱਕ ਜਾਰੀ ਰਹਿਣਗੇ ਜਿਸ ਦੀ 3 ਜਨਵਰੀ ਨੂੰ 10 ਵਜੇ ਮੁੜ ਚੰਡੀਗੜ੍ਹ ਵਿਖੇ ਸੱਦੀ ਗਈ ਮੀਟਿੰਗ ਵਿੱਚ ਆਸ ਕਰਨੀ ਬਣਦੀ ਹੈ। ਕਿਸਾਨ ਆਗੂਆਂ ਵੱਲੋਂ ਗੱਲ-ਬਾਤ ਦੀ ਮੇਜ਼ ਉੱਤੇ ਵੀ ਮੰਗਾਂ ਦੀ ਜ਼ੋਰਦਾਰ ਪੈਰਵੀਂ ਕੀਤੀ ਜਾਵੇਗੀ।

ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਜਸਵਿੰਦਰ ਸਿੰਘ ਲੌਂਗੋਵਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਗੁਰਪ੍ਰੀਤ ਕੌਰ ਬਰਾਸ ਅਤੇ ਕੁਲਦੀਪ ਕੌਰ ਕੁੱਸਾ ਸਮੇਤ ਜ਼ਿਲ੍ਹਾ ਤੇ ਬਲਾਕ ਪੱਧਰੇ ਆਗੂ ਸ਼ਾਮਲ ਸਨ।

ਕਿਸਾਨ ਆਗੂਆਂ ਨੇ ਇਸ ਪੱਖ ਉੱਤੇ ਵੀ ਬਰਾਬਰ ਜ਼ੋਰ ਦਿੱਤਾ ਕਿ ਮੁਲਕ ਪੱਧਰੇ ਕਿਸਾਨ ਅੰਦੋਲਨ ਦੇ ਵੀ ਕਈ ਮੁੱਦੇ ਅਜੇ ਖੜ੍ਹੇ ਹਨ ਜਿਨ੍ਹਾਂ ‘ਤੇ ਮੋਦੀ ਸਰਕਾਰ ਨੇ ਚੁੱਪ ਵੱਟੀ ਹੋਈ ਹੈ। ਕੇਸ ਵਾਪਸੀ ਤੇ ਮੁਆਵਜ਼ਾ ਹੱਕ ਲਈ ਅਜੇ ਤੱਕ ਕੋਈ ਕਦਮ ਨਹੀਂ ਚੁੱਕੇ ਗਏ। ਐਮ ਐੱਸ ਪੀ ਦੇ ਮਸਲੇ ‘ਤੇ ਸਰਕਾਰ ਦੀ ਕਿਸਾਨ ਵਿਰੋਧੀ ਮਨਸ਼ਾ ਤੇ ‘ਨਕਾਰੀ ਰਵੱਈਆ ਪਹਿਲਾਂ ਹੀ ਜ਼ਾਹਰ ਹੋ ਚੁੱਕਿਆ ਹੈ।

ਲਖੀਮਪੁਰ ਕੇਸਾਂ ਵਿਚ ਸਥਾਨਕ ਕਿਸਾਨ ਆਗੂਆਂ ਨੂੰ ਵੀ ਉਲਝਾਇਆ ਜਾ ਰਿਹਾ ਹੈ। ਇਸ ਲਈ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਜ਼ਿਲ੍ਹਾ ਕੇਂਦਰਾਂ ‘ਤੇ ਵਿਸ਼ਾਲ ਰੋਸ ਮੁਜ਼ਾਹਰਿਆਂ ਨਾਲ ਉਨ੍ਹਾਂ ਦੇ ਵੱਡ ਆਕਾਰੀ ਪੁਤਲੇ ਅਗਨ ਭੇਂਟ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨਾ ਸਿਰਫ਼ ਕਾਨੂੰਨਾਂ ਨੂੰ ਮੁੜ ਲਿਆਉਣ ਦੇ ਮਨਸੂਬੇ ਪਾਲ਼ ਰਹੀ ਹੈ ਸਗੋਂ ਦੇਸ਼ ਦੇ ਸਭਨਾਂ ਜਨਤਕ ਸਾਧਨਾਂ ਤੇ ਕੁਦਰਤੀ ਸੋਮਿਆਂ ਨੂੰ ਦੇਸੀ ਵਿਦੇਸ਼ੀ ਕਾਰਪੋਰੇਟਾਂ ਹਵਾਲੇ ਕਰਨ ਦੇ ਰਾਹ ਤੁਰੀ ਹੋਈ ਹੈ। ਪੰਜਾਬ ਫੇਰੀ ਨਾਲ ਨਰਿੰਦਰ ਮੋਦੀ ਫੋਕੇ ਐਲਾਨਾਂ ਰਾਹੀਂ ਲੋਕਾਂ ਦੇ ਮਸਲੇ ਹੱਲ ਕਰਨ ਦਾ ਦੰਭ ਕਰਨ ਜਾ ਰਿਹਾ ਹੈ ਜਦ ਕਿ ਐੱਮ ਐੱਸ ਪੀ, ਜਨਤਕ ਵੰਡ ਪ੍ਰਣਾਲੀ, ਤੇਲ ਕੀਮਤਾਂ ਜਨਤਕ ਅਦਾਰੇ ਵੇਚਣ, ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਰਿਹਾਅ ਕਰਨ ਵਰਗੇ ਲੋਕ ਮੁੱਦਿਆਂ ‘ਤੇ ਇਹ ਸਰਕਾਰ ਪੂਰੀ ਤਰ੍ਹਾਂ ਸਾਮਰਾਜੀ ਬਹੁਕੌਮੀ ਕੰਪਨੀਆਂ ਤੇ ਦੇਸੀ ਕਾਰਪੋਰੇਟ ਘਰਾਣਿਆਂ ਦੀ ਸੇਵਾ ‘ਚ ਡਟੀ ਖੜ੍ਹੀ ਹੈ।

ਬੁਲਾਰਿਆਂ ਨੇ ਐਲਾਨ ਕੀਤਾ ਕਿ ਫ਼ਸਲੀ ਖ਼ਰਾਬੇ ਬਾਰੇ 5 ਏਕੜ ਦੀ ਸ਼ਰਤ ਰੱਦ ਕਰਨ ਦੀ ਮੰਗ ਮੰਨੇ ਜਾਣ ਦੀ ਸੂਰਤ ਵਿੱਚ ਘਿਰਾਓ ਵਾਲਾ ਫੈਸਲਾ ਮੁੜ ਵਿਚਾਰਿਆ ਜਾ ਸਕਦਾ ਹੈ ਜੇਕਰ 3 ਜਨਵਰੀ ਦੀ ਮੀਟਿੰਗ ਬਾਕੀ ਮੰਗਾਂ ਬਾਰੇ ਵਿਚਾਰ ਚਰਚਾ ਲਈ ਖੁਲ੍ਹੇ ਸਮੇਂ ਦੀ ਗਰੰਟੀ ਹੋਵੇਗੀ। ਉਨ੍ਹਾਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਨੂੰ ਮੌਜੂਦਾ ਹੱਕੀ ਸੰਘਰਸ਼ ਦੇ ਨਾਲ ਹੀ 5 ਜਨਵਰੀ ਦੇ ਰੋਸ ਪ੍ਰਦਰਸ਼ਨਾਂ ਵਿੱਚ ਵੀ ਵਧ ਚੜ੍ਹ ਕੇ ਸ਼ਾਮਲ ਹੋਣ ਅਤੇ ਸਾਥ ਦੇਣ ਦੀ ਅਪੀਲ ਕੀਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ