ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦਾ ਉਦੇਸ਼ ਸਿੱਖਾਂ ਦੇ ਰਿਸਦੇ ਜ਼ਖ਼ਮਾਂ ’ਤੇ ਮਲ੍ਹਮ ਲਾਉਣਾ: ਅਕਾਲੀ ਦਲ

ਚੰਡੀਗੜ੍ਹ, 02 ਅਕਤੂਬਰ, 2019:

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦਾ ਉਦੇਸ਼ ਸਿੱਖਾਂ ਦੇ ਰਿਸਦੇ ਜ਼ਖ਼ਮਾਂ ਨੂੰ ਬੰਦ ਕਰਨ ਲਈ ਸ਼ੁਰੂ ਕੀਤੀ ਪ੍ਰਕਿਰਿਆ ਦਾ ਹਿੱਸਾ ਹੈ। ਪਾਰਟੀ ਨੇ ਇਸ ਮਨੁੱਖਤਾਵਾਦੀ ਕਦਮ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਸ਼ਰਾਰਤੀ, ਮੰਦਭਾਗੀਆਂ ਅਤੇ ਸ਼ਾਂਤੀ ਦੀ ਭਾਵਨਾ ਦੇ ਵਿਰੁੱਧ ਕਰਾਰ ਦਿੱਤਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਭਾਈ ਰਾਜੋਆਣਾ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਗਤ ਪ੍ਰਤੀ ਹਮਦਰਦੀ ਅਤੇ ਸਹਿਣਸ਼ੀਲਤਾ ਵਿਖਾਉਣ ਦੀ ਬਜਾਇ ਕੁੱਝ ਕਾਂਗਰਸੀ ਆਗੂਆਂ ਦੁਆਰਾ ਇਸ ਅਦਾਲਤੀ ਫੈਸਲੇ ਦਾ ਵਿਰੋਧ ਕਰਕੇ ਸਮਾਜ ਅੰਦਰ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਉਹਨਾਂ ਕਿਹਾ ਕਿ ਅਕਾਲੀ ਦਲ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਅਜਿਹੀਆਂ ਕੋਸ਼ਿਸ਼ਾਂ ਦੇ ਪੂਰੀ ਤਰ੍ਹਾਂ ਵਿਰੁੱਧ ਹੈ ਅਤੇ ਭਾਈ ਰਾਜੋਆਣਾ ਨੂੰ ਮਿਲੀ ਮਨੁੱਖੀ ਰਾਹਤ ਨੂੰ ਰੱਦ ਕਰਵਾਉਣ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਰਾਜੋਆਣਾ ਪਰਿਵਾਰ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗਾ।

ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਅਤੇ ਐਸਜੀਪੀਸੀ ਸਿਧਾਂਤਕ ਤੌਰ ਤੇ ਹਮੇਸ਼ਾਂ ਹੀ ਮੌਤ ਦੀ ਸਜ਼ਾ ਦਾ ਵਿਰੋਧ ਕੀਤਾ ਹੈ ਅਤੇ ਕਰਦੀ ਰਹੇਗੀ।

ਉਹਨਾਂ ਕਿਹਾ ਕਿ ਅਸੀਂ ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਇਸ ਮਾਮਲੇ ਉਤੇ ਸਰਬਸੰਮਤੀ ਬਣਾਉਣ ਲਈ ਲੰਬੀ ਲੜਾਈ ਲੜੀ ਹੈ, ਜਿਸ ਵਿਚ ਅਨੇਕਾਂ ਮੌਕਿਆਂ ਉਤੇ ਕੇਂਦਰ ਸਰਕਾਰ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਮਿਲਣਾ ਵੀ ਸ਼ਾਮਿਲ ਹੈ।

ਉਹਨਾਂ ਕਿਹਾ ਕਿ ਅੱਠ ਸਿੱਖ ਕੈਦੀਆਂ ਦੀ ਰਿਹਾਈ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦਾ ਫੈਸਲਾ ਇਸ ਮੁੱਦੇ ਉੱਤੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ।

ਇਹ ਕਹਿੰਦਿਆਂ ਕਿ ਅਕਾਲੀ ਦਲ ਨੇ ਹਮੇਸ਼ਾਂ ਹੀ ਇਸ ਮੁੱਦੇ ਉੱਤੇ ਮਨੁੱਖਤਾਵਾਦੀ ਪਹੁੰਚ ਅਪਣਾਈ ਹੈ, ਸਰਦਾਰ ਗਰੇਵਾਲ ਨੇ ਕਿਹਾ ਕਿ ਜਿਹੜਾ ਕਾਂਗਰਸੀ ਆਗੂ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ ਕਰਨ ਦਾ ਵਿਰੋਧ ਕਰ ਰਿਹਾ ਹੈ, ਉਹ ਉਸ ਸਮੇਂ ਵਿਧਾਨ ਸਭਾ ਦਾ ਹਿੱਸਾ ਸੀ, ਜਦੋਂ ਸਦਨ ਵੱਲੋਂ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਸੰਬੰਧੀ ਕੇਂਦਰ ਨੂੰ ਅਪੀਲ ਕਰਨ ਵਾਲਾ ਮਤਾ ਪਾਸ ਕੀਤਾ ਗਿਆ ਸੀ।

ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਪਹਿਲਾਂ ਜਿਹਨਾਂ ਸਿਆਸੀ ਲਾਲਸਾਵਾਂ ਨੇ ਪੰਜਾਬ ਦੀ ਸ਼ਾਂਤੀ ਭੰਗ ਕੀਤੀ ਸੀ, ਉਹ ਦੁਬਾਰਾ ਸਿਰ ਚੁੱਕ ਰਹੀਆਂ ਹਨ ਅਤੇ ਕਾਂਗਰਸੀ ਆਪਣੇ ਸੌੜੇ ਸਿਆਸੀ ਫਾਇਦਿਆਂ ਲਈ ਪੰਜਾਬ ਨੂੰ ਦੁਬਾਰਾ ਤੋਂ ਹਿੰਸਾ ਦੀ ਅੱਗ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਸੰਵੇਦਨਸ਼ੀਲ ਮੁੱਦੇ ਉੱਤੇ ਮੁੱਖ ਮੰਤਰੀ ਦੇ ਦੋਗਲੇਪਣ ਤੋਂ ਇਹੀ ਝਲਕਦਾ ਹੈ।

ਸਾਰੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਇਸ ਮੁੱਦੇ ਦੀ ਅਸਲੀਅਤ ਨੂੰ ਸਮਝਣ ਅਤੇ ਅਤੀਤ ਦੀ ਕੁੜੱਤਣ ਭੁਲਾ ਕੇ ਇਕ ਨਵੀਂ ਸ਼ੁਰੂਆਤ ਕਰਨ ਦੀ ਅਪੀਲ ਕਰਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਵੇਲੇ ਕੀਤੇ ਗਏ ਸਰਕਾਰੀ ਅੱਤਵਾਦ ਦੇ ਪੀੜਤਾਂ ਦਾ ਸਾਡੇ ਸਿਰ ਕਰਜ਼ ਹੈ।

ਉਹਨਾਂ ਕਿਹਾ ਕਿ ਉਸ ਸਮੇਂ ਸਰਕਾਰੀ ਏਜੰਸੀਆਂ ਵੱਲੋਂ ਬੇਗੁਨਾਹਾਂ ਉੱਤੇ ਢਾਹੇ ਅੱਤਿਆਚਾਰਾਂ ਨੂੰ ਕੌਣ ਭੁੱਲ ਸਕਦਾ ਹੈ, ਜਿਹਨਾਂ ਨੇ ਸਿੱਖ ਨੌਜਵਾਨਾਂ ਦੇ ਅੰਨ੍ਹੇਵਾਹ ਕਤਲ ਕੀਤੇ ਸਨ, ਕੁੜੀਆਂ ਦੀ ਪੱਤਾਂ ਲੁੱਟੀਆਂ ਅਤੇ ਤਬਾਹੀ ਮਚਾਈ ਸੀ। ਅੱਠ ਸਿੱਖ ਕੈਦੀਆਂ ਦੀ ਰਿਹਾਈ ਅਤੇ ਭਾਈ ਰਾਜੋਆਣਾ ਦੀ ਸਜ਼ਾ ਮੁਆਫੀ ਇਹਨਾਂ ਪੀੜਤਾਂ ਦੀ ਜਖ਼ਮੀ ਮਾਨਸਿਕਤਾ ਲਈ ਮੱਲ੍ਹਮ ਦਾ ਕੰਮ ਰਹੀ ਹੈ।

ਸਰਦਾਰ ਗਰੇਵਾਲ ਨੇ ਕਿਹਾ ਕਿ ਅਤੀਤ ਦੀਆਂ ਸੱਟਾਂ ਨੂੰ ਮਿਟਾਉਣ ਦੀ ਭਾਵਨਾ ਨਾਲ ਕੇਂਦਰ ਸਰਕਾਰ ਨੂੰ ਉਹਨਾਂ ਸਾਰੇ ਸਿੱਖ ਕੈਦੀਆਂ ਨੂੰ ਰਿਹਾ ਕਰਨਾ ਚਾਹੀਦਾ ਹੈ, ਜਿਹੜੇ ਆਪਣੀ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ ਅੰਦਰ ਰੁਲ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਸੂਬੇ ਦੀਆਂ ਜੇਲ੍ਹਾਂ ਵਿਚ ਬੰਦ ਅਜਿਹੇ ਸਾਰੇ ਕੈਦੀਆਂ ਨੂੰ ਰਿਹਾ ਕਰਨਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਇਹ ਅਕਾਲੀ ਦਲ ਦਾ ਮੁੱਖ ਸਟੈਂਡ ਹੈ। ਉਹਨਾਂ ਕਿਹਾ ਕਿ ਸਿੱਖ ਸੰਗਤ ਵੀ ਚੋਣਵੇਂ ਸਿੱਖ ਕੈਦੀਆਂ ਨੂੰ ਰਿਹਾ ਕਰਨ ਦੀ ਬਜਾਇ ਸਾਰੇ ਕੈਦੀਆਂ ਨੂੰ ਰਿਹਾ ਕਰਨ ਦੇ ਪੱਖ ਵਿਚ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਤਾਂ ਦੇਸ਼ ਦੇ ਉਹਨਾਂ ਸਾਰੇ ਕੈਦੀਆਂ ਨੂੰ ਰਿਹਾ ਕੀਤੇ ਜਾਣ ਦੇ ਹੱਕ ਵਿਚ ਹੈ, ਜਿਹੜੇ ਕਾਨੂੰਨ ਮੁਤਾਬਿਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਉਹਨਾਂ ਕਿਹਾ ਕਿ 550ਵੇਂ ਪਰਕਾਸ਼ ਪੁਰਬ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਹ ਸਭ ਤੋਂ ਵੱਡੀ ਸ਼ਰਧਾਂਜ਼ਲੀ ਹੋਵੇਗੀ।

Share News / Article

YP Headlines