ਭਾਅ ਜੀ ਗੁਰਸ਼ਰਨ ਸਿੰਘ ਨਾਟ ਉਤਸਵ ਸ਼ੁਰੂ – ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਰਾਸ਼ਟਰੀ ਰੰਗ ਮੰਚ ਸੈਮੀਨਾਰ

ਚੰਡੀਗੜ, 16 ਸਤੰਬਰ, 2019 –

ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਪੰਜਾਬ ਕਲਾ ਭਵਨ ਵਿਖੇ ਭਾਅ ਜੀ ਗੁਰਸ਼ਰਨ ਸਿੰਘ ਦੇ 90ਵੇਂ ਜਨਮ ਦਿਹਾੜੇ ਨੂੰ ਸਮਰਪਤ ਤਿੰਨ ਰੋਜ਼ਾ ਨਾਟ ਉਤਸਵ ਦੀ ਸ਼ੁਰੂਆਤ ਅੱਜ ਰਾਸ਼ਟਰੀ ਰੰਗਮੰਚ ਸੈਮੀਨਾਰ ਨਾਲ ਹੋਈ।

ਇਸ ਸੈਮੀਨਾਰ ਦਾ ਉਦਘਾਟਨ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਕੀਤਾ ਜਦਕਿ ਪਦਮਸ੍ਰੀ ਰਾਮ ਗੋਪਾਲ ਬਜਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੈਮੀਨਾਰ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸਦ ਦੀ ਵਾਈਸ ਚੇਅਰਪਰਸਨ ਡਾ ਨੀਲਮ ਮਾਨ ਸਿੰਘ ਨੇ ਕੀਤੀ। ਸੈਮੀਨਾਰ ਦੀ ਸ਼ੁਰੂਆਤ ਪਦਮਸ੍ਰੀ ਬੰਸੀ ਕੌਂਲ ਨੇ ਆਪਣੇ ਮੁੱਖ ਸੁਰ ਭਾਸ਼ਣ ਨਾਲ ਕੀਤੀ।

ਸ੍ਰੀ ਸੁਰਜੀਤ ਪਾਤਰ ਨੇ ਆਪਣੇ ਉਦਘਾਟਣੀ ਭਾਸ਼ਣ ਵਿਚ ਕਿਹਾ ਕਿ ਗੁਰਸ਼ਰਨ ਭਾਅ ਜੀ ਦੁੱਬੇ ਕੁਚਲੇ ਅਤੇ ਨਿਮਾਣੇ ਲੋਕਾਂ ਦੀ ਆਵਾਜ਼ ਬਣ ਕੇ ਪੰਜਾਬ ਦੀ ਸਰ ਜ਼ਮੀਨ ਤੇ ਉਭਰੇ। ਉਨਾਂ ਕਿਹਾ ਕਿ ਰੰਗਮੰਚ ਹੁਨਰਾਂ ਦਾ ਹੁਨਰ ਹੈ ਜਿਸ ਵਿਚ ਸਾਰੀਆ ਕਲਾਵਾਂ ਸਮਾਈਆਂ ਹੋਈਆਂ ਹਨ। ਉਨਾਂ ਕਿਹਾ ਕਿ ਗੁਰਸ਼ਰਨ ਸਿੰਘ ਆਪਣੇ ਰੰਗਮੰਚ ਰਾਹੀਂ ਉਨਾਂ ਲੋਕਾਂ ਤੱਕ ਪਹੁੰਚੇ ਜਿੱਥੇ ਆਮ ਤੌਰ ‘ਤੇ ਸਾਹਿਤਕਾਰ ਨਹੀਂ ਪਹੁੰਚ ਸਕਦਾ।

ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਦੇ ਅਧਿਆਪਕ ਅਤੇ ਉੱਘੇ ਰੰਗਕਰਮੀ ਸ੍ਰੀ ਬੰਸੀ ਕੌਂਲ ਨੇ ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿਚ ਸਾਡੇ ਰੰਗਕਰਮੀਆਂ ਅਤੇ ਨੌਜਵਾਨ ਨਾਟਕਕਾਰਾਂ ਨੂੰ ਨਵੇਂ ਵਿਸ਼ੇ ਲੱਭਣੇ ਪੈਣਗੇ। ਉਨਾਂ ਕਿਹਾ ਕਿ ਗੁਰਸ਼ਰਨ ਸਿੰਘ ਦੀ ਵਿਚਾਰਧਾਰਾ ਅਤੇ ਨਾਟ ਸੈਲੀ ਅਜੋਕੇ ਦੌਰ ਵਿਚ ਪੂਰੀ ਤਰਾਂ ਸਾਰਥੱਕ ਹੈ ਕਿਉਂਕਿ ਉਨਾਂ ਦੀ ਇਹ ਧਾਰਨਾ ਸੀ ਕਿ ਨਾਟਕ ਰਾਹੀਂ ਆਮ ਲੋਕਾਂ ਨਾਲ ਸੰਵਾਦ ਰਚਾਉਣਾ ਬਹੁਤ ਜ਼ਰੂਰੀ ਹੈ।

ਸ੍ਰੀ ਬੰਸੀ ਕੌਂਲ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਰੰਗਕਰਮੀਆਂ ਨੂੰ ਵਧੇਰੇ ਸੋਚਣ ਦੀ ਜ਼ਰੂਰਤ ਹੈ ਅਤੇ ਉਨਾਂ ਨੂੰ ਅਜਿਹੇ ਵਿਸ਼ਿਆਂ ਉਪਰ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਜੋ ਸਿੱਧੇ ਰੂਪ ਵਿਚ ਵਿਖਾਈ ਨਹੀਂ ਦਿੰਦੇ। ਉਨਾਂ ਕਿਹਾ ਕਿ ਦੇਸ਼ ਦੇ ਕੋਈ ਢਾਈ ਕਰੋੜ ਲੋਕ ਥੀਏਟਰ ਕਰ ਰਹੇ ਹਨ ਅਤੇ 12 ਕਰੋੜ ਤੋਂ ਵੱਧ ਲੋਕ ਪੇਸ਼ਕਾਰ ਕਲਾਵਾਂ ਨਾਲ ਜੁੜੇ ਹੋਏ ਹਨ।

ਨਾਟਕਕਾਰ ਡਾ ਸਵਰਾਜਬੀਰ ਨੇ ਗੁਰਸ਼ਰਨ ਸਿੰਘ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਇਪਟਾ ਲਹਿਰ ਤੋਂ ਬਾਅਦ ਗੁਰਸ਼ਰਨ ਸਿੰਘ ਪੰਜਾਬ ਦੇ ਧਰਾਤਲ ਉਪਰ ਇਕ ਲੋਕ ਲਹਿਰ ਬਣ ਕੇ ਉਭਰੇ ਜਿਨਾਂ ਨੇ ਅਵਾਮ ਤੱਕ ਰੰਗਮੰਚ ਦੇ ਮਾਧਿਆਮ ਰਾਹੀਂ ਨਿਰਧਨ ਲੋਕਾਂ ਦੀ ਆਵਾਜ਼ ਪਹੁੰਚਾਈ ਅਤੇ ਪੂਰੀ ਦਲੇਰੀ ਨਾਲ ਹੱਕ ਸੱਚ ਲਈ ਨਿਤਰੇ। ਉਨਾਂ ਕਿਹਾ ਕਿ ਗੁਰਸ਼ਰਨ ਸਿੰਘ ਨੇ ਮਾੜੇ ਹਾਲਾਤ ਵਿਚ ਵੀ ਰੰਗਮੰਚ ਨੂੰ ਤਤਕਾਲੀ ਸਮੱਸਿਆਵਾਂ ਨਾਲ ਜੋੜ ਕੇ ਵਿਅੰਗ ਰਾਹੀਂ ਆਪਣੀ ਗੱਲ ਕੀਤੀ। ਉਨਾਂ ਇਸ ਗੱਲ ਤੇ ਚਿੰਤਾ ਜ਼ਾਹਿਰ ਕੀਤੀ ਕਿ ਰੰਗਕਰਮੀ ਫਿਲਮਾਂ ਅਤੇ ਟੈਲੀਵਿਜਨ ਵੱਲ ਜਾ ਰਹੇ ਨੇ ਜਿਸ ਨਾਲ ਉਨਾਂ ਦਾ ਆਮ ਲੋਕਾਂ ਨਾਲੋਂ ਸਿੱਧਾ ਰਾਬਤਾ ਟੁੱਟ ਰਿਹਾ ਹੈ।

ਮੁੱਖ ਮਹਿਮਾਨ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਾਬਕਾ ਡਾਇਰੈਕਟਰ ਪਦਮਸ੍ਰੀ ਰਾਮ ਗੋਪਾਲ ਬਜਾਜ ਨੇ ਕਿਹਾ ਕਿ ਰੰਗਮੰਚ ਨੂੰ ਜਿੰਦਾ ਰੱਖਣ ਲਈ ਸਕੂਲਾਂ ਦੇ ਸਿਲੇਬਸ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਅਤੇ ਗਰਾਮ ਪੰਚਾਇਤ ਤੋਂ ਲੈ ਕੇ ਹਰ ਸ਼ਹਿਰ ਵਿਚ ਆਡੀਟੋਰੀਅਮ ਬਣਨੇ ਚਾਹੀਦੇ ਹਨ। ਸ੍ਰੀ ਬਜਾਜ ਨੇ ਕਿਹਾ ਕਿ ਸਾਹਿਤ ਅਤੇ ਕਲਾ ਸਿਆਸੀ ਐਕਸ਼ਨ ਨਹੀਂ ਹੈ ਸਗੋਂ ਇਹ ਇਕ ਆਪ ਮੁਹਾਰਾ ਵੇਗ ਹੈ। ਉਨਾਂ ਕਿਹਾ ਕਿ ਗੁਰਸ਼ਰਨ ਸਿੰਘ ਨੇ ਸਿਰਫ਼ ਥੀਏਟਰ ਹੀ ਨਹੀਂ ਕੀਤਾ ਸਗੋਂ ਥੀਏਟਰ ਦੇ ਦਰਸ਼ਕ ਵੀ ਪੈਦਾ ਕੀਤੇ ਹਨ।

ਗੁਰਸ਼ਰਨ ਸਿੰਘ ਦੀ ਵੱਡੀ ਪੁੱਤਰੀ ਡਾ ਨਵਸ਼ਰਨ ਨੇ ਕਿਹਾ ਕਿ ਅਜੋਕੇ ਦੌਰ ਵਿਚ ਰੰਗਕਰਮੀਆਂ ਨੂੰ ਹੋਰ ਵੀ ਵਧੇਰੇ ਦਲੇਰੀ ਨਾਲ ਕੰਮ ਕਰਨਾ ਪਏਗਾ ਕਿਉਂਕਿ ਹੁਣ ਘੱਟ ਗਿਣਤੀਆਂ ਅਤੇ ਲੋਕ ਪੱਖੀ ਤਾਕਤਾਂ ਨੂੰ ਸੱਤਾ ਵੱਲੋਂ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨਾਂ ਨੇ ਪੰਜਾਬ ਦੇ ਕਾਲੇ ਦੌਰ ਦੀ ਗੱਲ ਕਰਦਿਆਂ ਕਿਹਾ ਕਿ ਗੁਰਸ਼ਰਨ ਭਾਅ ਜੀ ਉਸ ਸਮੇਂ ਵੀ ਚੁੱਪ ਨਹੀਂ ਬੈਠੇ ਜਦ ਦਿਨ ਛਿਪਣ ਤੋਂ ਪਹਿਲਾਂ ਹੀ ਲੋਕ ਦਰਵਾਜੇ ਬੰਦ ਕਰਕੇ ਘਰਾਂ ਵਿਚ ਬੈਠ ਜਾਂਦੇ ਸਨ।

ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਰੰਗਮੰਚ ਅਤੇ ਲੋਕਾਂ ਦੀ ਸਾਂਝ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਗੁਰਸ਼ਰਨ ਸਿੰਘ ਅਤੇ ਪ੍ਰੋ ਅਜਮੇਰ ਸਿੰਘ ਔਲਖ ਵਾਹਦ ਅਜਿਹੇ ਨਾਟਕਕਾਰ ਹੋਏ ਹਨ ਜਿਨਾਂ ਨੂੰ ਅੱਜ ਵੀ ਪਿੰਡਾਂ ਦੇ ਲੋਕ ਸਤਿਕਾਰ ਨਾਲ ਯਾਦ ਕਰਦੇ ਹਨ। ਉਨਾਂ ਕਿਹਾ ਕਿ ਲੋਕ ਰੰਗਮੰਚ ਦਾ ਇਹ ਕਾਫਲਾ ਰੁਕਣਾ ਨਹੀਂ ਚਾਹੀਦਾ। ਸੈਮੀਨਾਰ ਦੇ ਸ਼ੁਰੂ ਵਿਚ ਮਹਿਮਾਨ ਦਾ ਸਵਾਗਤ ਕਰਦਿਆਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਕਿਹਾ ਕਿ ਅੱਜ ਦੇ ਇਸ ਸੈਮੀਨਾਰ ਦਾ ਮਕਸਦ ਅਜੋਕੇ ਦੌਰ ਵਿਚ ਰੰਗਮੰਚ ਦੀ ਭੂਮਿਕਾ ਦੀ ਨਿਸ਼ਾਨਦੇਹੀ ਕਰਨਾ ਹੈ ਕਿਉਂਕਿ ਗੁਰਸ਼ਰਨ ਭਾਅ ਜੀ ਦੇ 90ਵੇਂ ਜਨਮ ਦਿਹਾੜੇ ਮੌਕੇ ਉਨਾਂ ਦੇ ਇਨਾਂ ਸ਼ਬਦਾਂ ਉਪਰ ਸੋਚ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ, ਕਿ ਜੇ ਰੰਗਮੰਚ ਨੇ ਸਵਾਲ ਹੀ ਨਹੀਂ ਖੜੇ ਕਰਨੇ ਤਾਂ ਰੰਗਮੰਚ ਕਰਨਾ ਹੀ ਕਿਉਂ ਹੈ।

ਉਨਾਂ ਕਿਹਾ ਕਿ ਭਾਅ ਜੀ ਨੇ ਸਾਰੀ ਉਮਰ ਆਪਣਾ ਰੰਗਮੰਚ ਲੋਕਾਂ ਦੇ ਲੇਖੇ ਲਾਇਆ ਅਤੇ ਉਹ ਕਲਾ ਲੋਕਾਂ ਲਈ ਹੈ ਦੀ ਧਾਰਨਾ ਉਪਰ ਪਹਿਰਾ ਦਿੰਦੇ ਰਹੇ। ਸੈਮੀਨਾਰ ਦਾ ਸੰਚਾਲਨ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਪ੍ਰੀਤਮ ਸਿੰਘ ਰੁਪਾਲ ਨੇ ਕੀਤਾ।

ਇਸ ਸੈਮੀਨਾਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਤੇ ਟੀਵੀ ਵਿਭਾਗ ਦੀ ਮੁੱਖੀ ਡਾ ਜਸਪਾਲ ਕੌਰ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।

ਇਸ ਤਿੰਨ ਦਿਨਾਂ ਨਾਟ ਉਤਸਵ ਦੇ ਪਹਿਲੇ ਦਿਨ ਅੱਜ ਮੰਚ ਰੰਗਮੰਚ ਅੰਮਿ੍ਰਤਸਰ ਵੱਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਬਰਤੋਲਤ ਬਰੈਖਤ ਦਾ ਨਾਟਕ ਬਾਲਾ ਕਿੰਗ ਖੇਡਿਆ ਗਿਆ। ਇਹ ਨਾਟਕ ਬਰੈਖਤ ਦੇ ਜਗਤ ਪ੍ਰਸਿੱਧ ਨਾਟਕ ਰਸਿਸਟੀਬਲ ਰਾਈਜ ਆਫ਼ ਆਰਤੁਰਉਈ ਦਾ ਪੰਜਾਬੀ ਰੁਪਾਤਰ ਹੈ ਜੋ ਕਿ ਇਕ ਬੇਰੋਜ਼ਗਾਰ ਪਹਿਲਵਾਨ ਦੀ ਜਿੰਦਗੀ ਨਾਲ ਸਬੰਧਤ ਹੈ ਜੋ ਆਪਣਾ ਧੰਦਾ ਬਦਾਮੀ ਮਹੱਲਾ ਤੋਂ ਛੱਡ ਕੇ ਵਪਾਰੀਆਂ ਦੇ ਇਲਾਕੇ ਗੋਲਬਾਗ਼ ਵਿਚ ਕਰਨ ਦਾ ਫੈਸਲਾ ਕਰਦਾ ਹੈ। ਉਹ ਵਪਾਰ ਦੀ ਦੁਨੀਆਂ ਵਿਚ ਜਾ ਕੇ ਆਪਣੇ ਆਪ ਨੂੰ ਬਾਲਾਕਿੰਗ ਦਾ ਨਾਮ ਦੇ ਦਿੰਦੇ ਹੈ ਅਤੇ ਇੱਥੇ ਵਪਾਰੀਆ ਦੀਆਂ ਕਮਜੋਰੀਆਂ ਦਾ ਫਾਇਦਾ ਉਠਾਉਂਦਾ ਹੈ। ਇਹ ਨਾਟਕ ਅਜੋਕੇ ਹਾਲਾਤ ਉਪਰ ਇੰਨ ਬਿੰਨ ਛਾਤ ਪਾਉਂਦਾ ਹੈ ਜੋ ਕਿ ਅੱਜ ਤੋਂ 8 ਦਹਾਕੇ ਪਹਿਲਾਂ ਲਿਖਿਆ ਹੋਇਆ ਹੈ ਇਸ ਵਿਚ ਭਿ੍ਰਸ਼ਾਟਾਚਾਰ ਹਿੰਸਾ ਅਤੇ ਅਪਰਾਧ ਵਰਗੇ ਵਿਸ਼ਿਆਂ ਨੂੰ ਛੋਹਿਆ ਗਿਆ ਹੈ।

Share News / Article

Yes Punjab - TOP STORIES