ਭਰਵਾਈ-ਬੀਕਾਨੇਰ ਨਹਿਰ ਦਾ ਪਾੜ ਪੂਰਨ ਦਾ ਕੰਮ ਮੁਕੰਮਲ

ਚੰਡੀਗੜ੍ਹ, 29 ਅਗਸਤ, 2019 –

ਜ਼ਿਲ੍ਹਾ ਪ੍ਰਸ਼ਾਸਨ ਫਿਰੋਜਪੁਰ ਵੱਲੋਂ ਵੱਡੇ ਨੁਕਸਾਨ ਤੋਂ ਬਚਾਅ ਕਰਦਿਆਂ ਸਮੇਂ ਸਿਰ ਕੀਤੀ ਜਾਣ ਵਾਲੀ ਕਾਰਵਾਈ ਨਾਲ ਭਰਵਾਈ-ਬੀਕਾਨੇਰ ਨਹਿਰ ਦਾ ਪਾੜ ਪੂਰਨ ਦਾ ਕੰਮ ਮੁਕੰਮਲ ਦਿੱਤਾ ਗਿਆ, ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ।

ਇਸ ਸਬੰਧੀ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਪਿੰਡ ਲੂਥਰ ਨੇੜੇ ਭਰਵਾਈ-ਬੀਕਾਨੇਰ ਨਹਿਰ ਵਿੱਚ 20 ਫੁੱਟ ਚੌੜਾ ਪਾੜ ਪੈਣ ਦੀ ਸੂਚਨਾ ਮਿਲੀ ਸੀ। ਫਿਰੋਜਪੁਰ ਦੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਸੁਪਰਡੰਟ ਪੁਲਿਸ ਮੌਕੇ ’ਤੇ ਪਹੁੰਚ ਗਏ। ਪਾੜ ਪੂਰਨ ਦਾ ਕੰਮ ਸਵੇਰੇ ਸਾਢੇ ਸੱਤ ਵਜੇ ਸ਼ੁਰੂ ਕੀਤਾ ਗਿਆ ਅਤੇ ਕੁੱਝ ਹੀ ਘੰਟਿਆਂ ਵਿੱਚ ਸਫਲਤਾਪੂਰਵਕ ਨੇਪਰੇ ਚਾੜ੍ਹ ਦਿੱਤਾ ਗਿਆ।

ਜੰਗੀ ਪੱਧਰ ’ਤੇ ਪਾੜ ਪੂਰਨ ਦਾ ਕੰਮ ਮੁਕੰਮਲ ਕਰਨ ਲਈ, ਜਲ ਸ੍ਰੋਤ ਵਿਭਾਗ ਦੇ ਕਰਮਚਾਰੀਆਂ ਨੇ ਬੀਕਾਨੇਰ ਨਹਿਰ ਦੇ ਪਾਣੀ ਦਾ ਰੁਖ ਪੂਰਬੀ ਨਹਿਰ ਵੱਲ ਮੋੜ ਦਿੱਤਾ। ਇਸ ਨਾਲ ਪਾਣੀ ਦੇ ਦਬਾਅ ਨੂੰ ਘਟਾ ਕੇ ਪਾੜ ਪੂਰਨ ਦਾ ਕੰਮ ਸੌਖਾ ਹੋ ਗਿਆ। ਇਸ ਕੰਮ ਵਿਚ ਸਥਾਨਕ ਲੋਕਾਂ ਨੇ ਵੀ ਪ੍ਰਸ਼ਾਸਨ ਦਾ ਸਾਥ ਦਿੱਤਾ।

ਹਾਲਾਂਕਿ ਪਾਣੀ ਆਸ ਪਾਸ ਦੇ ਖੇਤਾਂ ਵਿੱਚ ਦਾਖਲ ਹੋ ਗਿਆ ਪਰ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ ਕਿਉਂਕਿ ਪਾਣੀ ਨੂੰ ਪਿੰਡ ਦੇ ਘਰਾਂ ਵਿੱਚ ਦਾਖਲ ਹੋਣ ਤੋਂ ਰੋਕ ਲਿਆ ਗਿਆ।

ਬੁਲਾਰੇ ਨੇ ਲੋਕਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਜਲਦੀ ਮੁਆਵਜਾ ਦੇਣ ਦਾ ਭਰੋਸਾ ਦਿੱਤਾ ਅਤੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੂੰ ਫਸਲਾਂ ਦੇ ਨੁਕਸਾਨ ਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Share News / Article

Yes Punjab - TOP STORIES