ਬੱਸ ਬਿਜਲੀ ਹੈ ਨਹੀਂ, ਪਾਣੀ ਹੈ ਨਹੀਂ, ਸਟਾਫ਼ ਪੂਰਾ ਨਹੀਂ, ਉਂਜ ਸਰਕਾਰੀ ਆਈ.ਟੀ.ਆਈ. ਚੱਲਦੈ, ਕਲਾਸਾਂ ਲੱਗਦੀਐਂ!

ਯੈੱਸ ਪੰਜਾਬ

ਪੰਜਾਬ ਦੇ ਤਕਨੀਕੀ ਸਿੱਖ਼ਿਆ ਵਿਭਾਗ ਦਾ ਬਾਬਾ ਆਦਮ ਵੀ ਨਿਰਾਲਾ ਹੀ ਹੈ। ਆਈ.ਟੀ.ਆਈ. ਖੋਲ੍ਹਣ ਦੇ ਦਮਗਜ਼ੇ ਮਾਰ ਕੇ ਅੰਕੜੇ ਪੂਰੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਆਈ.ਟੀ.ਆਈਜ਼ ਦਾ ਹਾਲ ਕੀ ਹੈ, ਇਹ ਆਦਮਪੁਰ ਵਿਚ ਇਸ ਵਿਦਿਅਕ ਸੈਸ਼ਨ ਤੋਂ ਸ਼ੁਰੂ ਹੋਏ ਆਈ.ਟੀ.ਆਈ. ਬਾਰੇ ਪੁੱਛ ਪਰਤੀਤ ਕੀਤਿਆਂ ਹੀ ਪਤਾ ਲੱਗਦੈ।

ਭਰ ਗਰਮੀ ਦੇ ਮੌਸਮ ਵਿਚ ਚਾਲੂ ਹੋ ਚੁੱਕੇ ਇਸ ਆਈ.ਟੀ.ਆਈ.ਵਿਚ ਅਜੇ ਬਿਜਲੀ ਤੇ ਪਾਣੀ ਜਿਹੀਆਂ ਮੁੱਢਲੀਆਂ ਸਹੂਲਤਾਂ ਹੀ ਨਾਦਾਰਦ ਹਨ।

ਆਦਮਪੁਰ ਵਿਚ ਕੁਝ ਸਮਾਂ ਪਹਿਲਾਂ ਖੁਲ੍ਹੇ ਆਈ.ਟੀ.ਆਈ. ਵਿਚ ਵਿਦਿਅਕ ਸੈਸ਼ਨ ਪਹਿਲੀ ਸਤੰਬਰ ਤੋਂ ਚਾਲੂ ਹੈ। ਇੱਥੇ 20 ਮੁੰਡੇ ਅਤੇ 7 ਕੁੜੀਆਂ ਦਾਖ਼ਲ ਹੋ ਚੁੱਕੀਆਂ ਹਨ। ਵੀਹ ਮੁੰਡੇ ਤੇ 20 ਕੁੜੀਆਂ ਕੁਲ ਦਾਖ਼ਲ ਹੋਣੀਆਂ ਹਨ ਅਤੇ ਦਾਖ਼ਲਾ ਅਜੇ ਚੱਲਦਾ ਹੈ ਤੇ ਜਿਹੜਾ ਆਉਂਦਾ ਹੈ ਉਸਦਾ ਦਾਖ਼ਲਾ ਕਰਨ ਦੇ ਨਾਲ ਨਾਲ ਕਲਾਸਾਂ ਵੀ ਉਸੇ ਵੇਲੇ ਸ਼ੁੁਰੂ ਕਰ ਦਿੱਤੀਆਂ ਜਾਂਦੀਆਂ ਹਨ।

ਇਹ ਆਈ.ਟੀ.ਆਈ.ਜਿਸ ਵਿਚ ਸਵੇਰੇ 9 ਵਜੇ ਤੋਂ ਸ਼ਾਮ ਸਾਢੇ ਚਾਰ ਵਜੇ ਤਕ ਵਿਦਿਆਰਥੀਆਂ ਨੇ ਰਹਿਣਾ ਹੁੰਦਾ ਹੈ ਵਿਚ ਅਜੇ ਬਿਜਲੀ ਹੈ ਨਹੀਂ ਅਤੇ ਇਸੇ ਕਰਕੇ ਪਾਣੀ ਵੀ ਨਹੀਂ ਆਉਂਦਾ। ਪਾਣੀ ਨਾ ਆਉਣ ਦਾ ਮਤਲਬ ਹੈ ਕਿ ਪਾਣੀ ਪੀਣ ਲਈ ਵੀ ਨਹੀਂ ਹੈ ਅਤੇ ਪਾਣੀ ‘ਟਾਇਲੈਟਸ’ ਵਿਚ ਵੀ ਨਹੀਂ ਹੈ।

ਆਈ.ਟੀ.ਆਈ.ਕਪੂਰਥਲਾ ਦੇ ਪ੍ਰਿੰਸੀਪਲ ਸ੍ਰੀ ਸ਼ਕਤੀ ਸਿੰਘ ਕੋਲ ਇਸ ਆਈ.ਟੀ.ਆਈ. ਦਾ ਵਾਧੂ ਚਾਰਜ ਹੈ।

ਗੱਲਬਾਤ ਕਰਦਿਆਂ ਉਨ੍ਹਾਂ ਮੰਨਿਆਂ ਕਿ ਬਿਜਲੀ ਮਹਿਕਮੇ ਦਾ ਲਗਪਗ 2 ਲੱਖ 18 ਹਜ਼ਾਰ ਬਕਾਇਆ ਹੋਣ ਕਰਕੇ ਅਜੇ ਤਾਈਂ ਬਿਜਲੀ ਕੱਟੀ ਹੋਈ ਹੈ, ਭਾਵ ਬਿਜਲੀ ਤਾਂ ਹੈ ਨਹੀਂ ਪਰ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਵਿਭਾਗ ਹੁਣ ਇਸ ਲਈ ਫੰਡ ਦੇ ਰਿਹਾ ਹੈ ਅਤੇ ਜਿਵੇਂ ਹੀ ਇਹ ਰਕਮ ਆ ਜਾਂਦੀ ਹੈ ਉਵੇਂ ਹੀ ਇਕ ਦੋ ਦਿਨਾਂ ਵਿਚ ਬਿਜਲੀ ਚਾਲੂ ਹੋ ਸਕਦੀ ਹੈ।

ਬਿਜਲੀ ਚਾਲੂ ਹੋ ਗਈ ਤਾਂ ਪਾਣੀ ਵੀ ਉਸੇ ਦਿਨ ਚਾਲੂ ਹੋ ਜਾਵੇਗਾ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿਉਂਕਿ ਪ੍ਰਿੰਸੀਪਲ ਸਾਹਿਬ ਅਨੁਸਾਰ ਇਸ ਆਈ.ਟੀ.ਆਈ. ਦੇ ਸਬਮਰਸੀਬਲ, ਮੋਟਰਾਂ ਅਤੇ ਹੋਰ ਕਾਫ਼ੀ ਸਾਮਾਨ ਚੋਰੀ ਹੋ ਚੁੱਕਾ ਹੈ ਅਤੇ ਉਹ ਲੱਗਣ ’ਤੇ ਹੀ ਕੰਮ ਅੱਗੇ ਤੁਰੇਗਾ।

ਉਹਨਾਂ ਕਿਹਾ ਕਿ ਇਮਾਰਤ ਪੀ.ਐਸ.ਆਈ.ਸੀ. ਦੀ ਹੈ ਅਤੇ ਪੀ.ਐਸ.ਆਈ.ਸੀ ਵਾਲੇ ਹੀ ਇਹ ਕੰਮ ਕਰਵਾ ਕੇ ਦੇਣਗੇ।

ਇੱਥੇ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਲੜਕੀਆਂ ਅਤੇ ਲੜਕੇ ਵਿਦਿਆਰਥੀ ਕੇਵਲ ਬਿਜਲੀ ਤੋਂ ਬਿਨਾਂ ਹੀ ਗੁਜ਼ਾਰਾ ਨਹੀਂ ਕਰ ਰਹੇ ਸਗੋਂ 9 ਤੋਂ4.30 ਤਕ ਜਮਾਤਾਂ ਹੋਣ ਕਾਰਨ ਲੰਬੇ ਸਮੇਂ ਵਿਚ ‘ਵਾਸ਼ਰੂਮ’ ਲਈ ਪਾਣੀ ਦਾ ਪ੍ਰਬੰਧ ਨਾ ਹੋਣਾ ਵੀ ਮੁਸ਼ਕਿਲ ਪੈਦਾ ਕਰਦਾ ਹੈ।

ਇਸ ਸੰਬੰਧੀ ਪ੍ਰਿੰਸੀਪਲ ਸਾਹਿਬ ਨੇ ਦਾਅਵਾ ਕੀਤਾ ਕਿ ਪਾਣੀ ਦਾ ਆਰਜ਼ੀ ਤੌਰ ’ਤੇ ਇੰਤਜ਼ਾਮ ਕੀਤਾ ਹੋਇਆ ਹੈ।

ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਆਈ.ਟੀ.ਆਈ. ਨੂੰ ਤਿੰਨ ਲੋੜੀਂਦੇ ਅਧਿਆਪਕ ਅਤੇ ਸੇਵਾਦਾਰ ਵੀ ਮਿਲ ਗਿਆ ਹੈ ਪਰ ਅਜੇ ਤਾਂਈਂ ਕਲਰਕ, ਸਵੀਪਰ, ਮਾਲੀ ਅਤੇ ਚੌਂਕੀਦਾਰ ਨਹੀਂ ਹਨ। ਉਹਨਾਂ ਕਿਹਾ ਚੌਂਕੀਦਾਰ ਨਾ ਹੋਣਾ ਵੱਡੀ ਸਮੱਸਿਆ ਹੈ ਕਿਉਂਕਿ ਇੱਥੋਂ ਪਹਿਲਾਂ ਵੀ ਕਾਫ਼ੀ ਸਮਾਨ ਚੋਰੀ ਹੋਇਆ ਹੈ।

Share News / Article

Yes Punjab - TOP STORIES