ਅੱਜ-ਨਾਮਾ
ਬ੍ਰਿਟੇਨ ਵਿੱਚ ਬ੍ਰੈਗਜ਼ਿਟ ਨਹੀਂ ਸਿਰੇ ਲੱਗਾ,
ਥਰੇਸਾ ਮੇਅ ਲਈ ਔਖ ਕੁਝ ਬਣੀ ਮੀਆਂ।
ਜਿੰਨਾ ਲਾਇਆ ਸੀ ਜ਼ੋਰ ਨਿਪਟਾਵਣੇ ਲਈ,
ਓਨੀ ਹੁੰਦੀ ਗਈ ਔਖ ਜਿਹੀ ਘਣੀ ਮੀਆਂ।
ਪਾਰਟੀ ਵਿੱਚ ਨਹੀਂ ਸਹਿਮਤੀ ਕੋਈ ਹੋਈ,
ਵਿਰੋਧੀ ਧਿਰ ਵੀ ਗੁੱਸੇ ਵਿੱਚ ਤਣੀ ਮੀਆਂ।
ਸਾਲਾਂ ਤਿੰਨਾਂ ਦੀ ਪਈ ਹੋਈ ਧੁੰਦ ਜਿਹੜੀ,
ਭੋਰਾ-ਮਾਸਾ ਉਹ ਕਦੇ ਨਹੀਂ ਛਣੀ ਮੀਆਂ।
ਖੱਖਰ ਭੂੰਡਾਂ ਦੀ ਐਵੇਂ ਜਿਹੀ ਛੇੜ ਲਈ ਸੀ,
ਸਕਦੀ ਪਿੱਛੇ ਸਰਕਾਰ ਨਹੀਂ ਪਰਤ ਮੀਆਂ।
ਲੱਗਦਾ ਪਾਰ ਇਹ ਮੁੱਦਾ ਨਹੀਂ ਜਾਪਦਾ ਈ,
ਪੈਰ ਹੇਠ ਪਈ ਖਿਸਕ ਰਹੀ ਧਰਤ ਮੀਆਂ।
-ਤੀਸ ਮਾਰ ਖਾਂ
ਮਈ 26, 2019