ਬ੍ਰਹਮ ਮਹਿੰਦਰਾ ਨੂੰ ਫੋਰਟਿਸ ਹਸਪਤਾਲ ‘ਚੋਂ ਮਿਲੀ ਛੁੱਟੀ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕੈਂਪ ਆਫ਼ਿਸ ਤੋਂ ਕੰਮ ਸ਼ੁਰੂ ਕੀਤਾ

ਚੰਡੀਗੜ੍ਹ, 29 ਸਤੰਬਰ, 2019:

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੂੰ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚੋਂ ਛੁੱਟੀ ਮਿਲ ਗਈ ਹੈ। ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਨੂੰ ਹਸਪਤਾਲ ਤੋਂ ਵਿਦਾਇਗੀ ਦਿੱਤੀ ਗਈ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਬ੍ਰਹਮ ਮਹਿੰਦਰਾ ਨੂੰ ਪੁਰਾਣੀ ਖਾਂਸੀ ਅਤੇ ਦਰਦ ਦੀ ਸ਼ਿਕਾਇਤ ‘ਤੇ ਤਕਰੀਬਨ 20 ਦਿਨ ਪਹਿਲਾਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਇਸ ਤੋਂ ਬਾਅਦ ਡਾ. ਟੀ.ਐਸ. ਮਹੰਤ ਅਤੇ ਉਨ੍ਹਾਂ ਦੀ ਟੀਮ ਨੇ 11 ਸਤੰਬਰ ਨੂੰ ਸ੍ਰੀ ਬ੍ਰਹਮ ਮਹਿੰਦਰਾ ਦੀ ਓਪਨ-ਹਾਰਟ ਬਾਈਪਾਸ ਸਰਜਰੀ ਕੀਤੀ। ਬਾਈਪਾਸ ਸਰਜਰੀ ਤੋਂ ਬਾਅਦ ਸ੍ਰੀ ਮਹਿੰਦਰਾ ਦੀ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਆਖ਼ਰਕਾਰ ਅੱਜ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ।

ਅੱਜ ਹਸਪਤਾਲ ਵਿੱਚੋਂ ਡਿਸਚਾਰਜ ਕੀਤੇ ਜਾਣ ਸਮੇਂ ਸ੍ਰੀ ਮਹਿੰਦਰਾ ਨੇ ਇਲਾਜ ਦੌਰਾਨ ਉਨ੍ਹਾਂ ਦੀ ਦੇਖ-ਰੇਖ ਵਿੱਚ ਜੁਟੀ ਡਾ. ਟੀ.ਐਸ. ਮਹੰਤ ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਹਸਪਤਾਲ ਵਿੱਚ ਉਨ੍ਹਾਂ ਦੀ ਖ਼ਬਰ-ਸਾਰ ਲੈਣ ਆਏ ਸਾਰੇ ਸ਼ੁਭਚਿੰਤਕਾਂ ਦਾ ਵੀ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ.ਪੀ. ਸਿੰਘ, ਪੀ.ਪੀ.ਸੀ.ਸੀ. ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਸ੍ਰੀ ਮਹਿੰਦਰਾ ਦੇ ਕੈਬਨਿਟ ਸਾਥੀਆਂ ਨੇ ਹਸਪਤਾਲ ਜਾ ਕੇ ਡਾਕਟਰਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਸ੍ਰੀ ਬ੍ਰਹਮ ਮਹਿੰਦਰਾ ਦੀ ਸਿਹਤ ਬਾਰੇ ਖ਼ਬਰ-ਸਾਰ ਲਈ ਸੀ।

Share News / Article

Yes Punjab - TOP STORIES