ਬ੍ਰਮ ਸ਼ੰਕਰ ਜਿੰਪਾ ਵੱਲੋਂ ਰਾਤ ਨੂੰ ਨਹਿਰਾਂ ਦੀ ਜਾਂਚ; ਕਿਸਾਨਾਂ ਨੂੰ ਟੇਲਾਂ ਉਤੇ ਪਾਣੀ ਪਹੁੰਚਣ ਦੀ ਉਮੀਦ ਜਾਗੀ

ਯੈੱਸ ਪੰਜਾਬ
ਚੰਡੀਗੜ੍ਹ/ਫਾਜ਼ਿਲਕਾ, 14 ਮਈ, 2022 –
ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਸ਼ੁੱਕਰਵਾਰ ਰਾਤ ਨੂੰ ਨਹਿਰਾਂ ਕੀਤੀ ਜਾਂਚ ਤੋਂ ਬਾਅਦ ਜਲਾਲਾਬਾਦ ਅਤੇ ਫਾਜ਼ਿਲਕਾ ਖੇਤਰ ਦੇ ਨਹਿਰਾਂ ਦੀਆਂ ਟੇਲਾਂ ਉਤੇ ਪੈਂਦੇ ਕਿਸਾਨਾਂ ਨੂੰ ਪੂਰਾ ਪਾਣੀ ਮਿਲਣ ਦੀ ਆਸ ਬੱਝੀ ਹੈ। ਕੈਬਨਿਟ ਮੰਤਰੀ ਨੇ ਇਸ ਮੌਕੇ ਆਖਿਆ ਹੈ ਕਿ ਨਾਜਾਇਜ਼ ਨਹਿਰੀ ਮੋਘੇ ਅਤੇ ਮੋਘਿਆਂ ਦੀ ਭੰਨਤੋੜ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤੁਰੰਤ ਨਾਜਾਇਜ਼ ਮੋਘੇ ਬੰਦ ਕੀਤੇ ਜਾਣ।

ਕੈਬਨਿਟ ਮੰਤਰੀ ਨੇ ਕਿਹਾ ਕਿ ਨਹਿਰੀ ਪਾਣੀ ਦੀ ਸਮੂਹ ਹਿੱਸੇਦਾਰਾਂ ਕਿਸਾਨਾਂ ਤੱਕ ਬਰਾਬਰ ਵੰਡ ਯਕੀਨੀ ਬਣਾਈ ਜਾਵੇਗੀ ਅਤੇ ਨਾਜਾਇਜ਼ ਮੋਘੇ ਲਗਾ ਕੇ, ਜਾਂ ਮੋਘੇ ਭੰਨ ਕੇ ਜਾਂ ਗ਼ੈਰਕਾਨੂੰਨੀ ਢੰਗ ਨਾਲ ਪਾਈਪਾਂ ਲਗਾ ਕੇ ਪਾਣੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਹ ਬੀਤੀ ਰਾਤ ਜਲਾਲਾਬਾਦ ਅਤੇ ਫਾਜਿ਼ਲਕਾ ਹਲਕੇ ਦੀਆਂ ਨਹਿਰਾਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਨਹਿਰੀ ਪਾਣੀ ਸਬੰਧੀ ਸਮੱਸਿਆਵਾਂ ਸੁਣ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ, ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ, ਐਸਐਸਪੀ ਸ: ਭੁਪਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।

ਕੈਬਨਿਟ ਮੰਤਰੀ ਨੇ ਇਸ ਮੌਕੇ ਖੁਦ ਨਹਿਰਾਂ ਦੇ ਅੰਦਰ ਵੜ ਕੇ ਨਹਿਰਾਂ ਵਿਚ ਲੱਗੇ ਮੋਘਿਆਂ ਦਾ ਮੁਆਇਨਾ ਕੀਤਾ ਅਤੇ ਮੌਕੇ ਉਤੇ ਹੀ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਰਾਜ ਵਿਚ ਹੁਣ ਨਿਜ਼ਾਮ ਬਦਲ ਚੁੱਕਿਆ ਹੈ। ਹੁਣ ਰਾਜ ਦੇ ਆਮ ਲੋਕਾਂ ਦੀ ਸਰਕਾਰ ਹੈ, ਇਸ ਲਈ ਪਾਣੀ ਚੋਰੀ ਕਰਨ ਵਾਲੇ ਪ੍ਰਭਾਵਸ਼ਾਲੀ ਲੋਕਾਂ ਉਤੇ ਤੁਰੰਤ ਕਾਰਵਾਈ ਕਰਦਿਆਂ ਅਜਿਹੇ ਸਾਰੇ ਨਾਜਾਇਜ਼ ਮੋਘੇ ਤੁਰੰਤ ਬੰਦ ਕੀਤੇ ਜਾਣ ਤਾਂ ਜੋ ਟੇਲਾਂ ਤੱਕ ਪੂਰਾ ਪਾਣੀ ਪੁੱਜ ਸਕੇ। ਉਨ੍ਹਾਂ ਨੇ ਪਿੰਡ ਖੂੰਡ ਵਾਲਾ ਸੈਣੀਆਂ, ਪਿੰਡ ਬਾਹਮਣੀ ਵਾਲਾ ਕੋਲ, ਅਤੇ ਲਾਧੂਕਾ ਵਿਖੇ ਕਿਸਾਨਾਂ ਦੀਆਂ ਨਹਿਰੀ ਪਾਣੀ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਵੱਖ ਵੱਖ ਥਾਂਵਾਂ ‘ਤੇ ਰੁਕ ਕੇ ਨਹਿਰਾਂ ਦਾ ਖੁਦ ਨਿਰੀਖਣ ਕੀਤਾ।

ਇਸ ਮੌਕੇ ਕਿਸਾਨ ਜਿੱਥੇ ਆਪਣੀਆਂ ਮੁਸ਼ਕਿਲਾਂ ਕੈਬਨਿਟ ਮੰਤਰੀ ਦੇ ਸਨਮੁੱਖ ਰੱਖ ਰਹੇ ਸਨ ਉਥੇ ਉਹ ਇਸ ਗੱਲੋਂ ਵੀ ਹੈਰਾਨ ਸਨ ਕਿ ਅੱਧੀ ਰਾਤ ਨੂੰ ਵੀ ਕੋਈ ਮੰਤਰੀ ਉਨ੍ਹਾਂ ਦੀਆਂ ਨਹਿਰਾਂ ਉਤੇ ਪੁੱਜ ਕੇ ਉਨ੍ਹਾਂ ਦੇ ਦੁੱਖੜੇ ਸੁਣ ਸਕਦਾ ਹੈ।

ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਸਰਕਾਰ ਲਈ ਆਮ ਲੋਕ ਹੀ ਅਸਲ ਤਾਕਤ ਹਨ ਅਤੇ ਜੇਕਰ ਕਿਸੇ ਨੇ ਵੀ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਵਿਚ ਕੁਤਾਹੀ ਕੀਤੀ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਮੌਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਨਾਜਾਇਜ਼ ਮੋਘੇ ਬੰਦ ਕਰਕੇ, ਨਹਿਰਾਂ ਦੀ ਸਫਾਈ ਕਰਵਾਕੇ ਨਹਿਰਾਂ ਵਿਚ ਕਿਸਾਨਾਂ ਨੂੰ ਪੂਰਾ ਪਾਣੀ ਮਿਲੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿੱਥੇ ਕਿਤੇ ਨਵੀਆਂ ਨਹਿਰਾਂ ਦੇ ਪ੍ਰੋਜੈਕਟ ਤਿਆਰ ਕਰਨੇ ਪਏ ਸਰਕਾਰ ਉਹ ਵੀ ਕਰੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ