ਬੋਰਡ ਵੱਲੋਂ ਨਤੀਜੇ ਨਾ ਐਲਾਨੇ ਜਾਣ ਕਰਕੇ ਫ਼ੌਜ ਦੀ ਭਰਤੀ ਤੋਂ ਖੁੰਝ ਰਹੇ ਹਨ ਸੂਬੇ ਦੇ ਹਜ਼ਾਰਾਂ ਵਿਦਿਆਰਥੀ-ਹਰਪਾਲ ਸਿੰਘ ਚੀਮਾ

ਮੋਹਾਲੀ, 13 ਅਗਸਤ, 2020 –
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਜੇ ਤੱਕ 10ਵੀਂ ਓਪਨ ਕਲਾਸ ਦੇ ਵਿਦਿਆਰਥੀਆਂ ਦਾ ਅਜੇ ਨਤੀਜਾ ਨਾ ਐਲਾਨ ਕਰਨ ਦਾ ਮਾਮਲਾ ਪੰਜਾਬ ਸਰਕਾਰ ਕੋਲ ਉਠਾਇਆ ਹੈ, ਕਿਉਂਕਿ ਅਜਿਹਾ ਨਾ ਹੋਣ ਨਾਲ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਰਿਹਾ ਹੈ।

ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੀਰਵਾਰ ਨੂੰ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਸਿੰਘ ਨਾਲ ਮੁਲਾਕਾਤ ਦੌਰਾਨ ਇਹ ਮੁੱਦਾ ਉਠਾਇਆ ਅਤੇ ਅਪੀਲ ਕੀਤੀ ਕਿ ਜਿੰਨੀ ਜਲਦੀ ਹੋ ਸਕੇ ਬੱਚਿਆਂ ਦੇ ਨਤੀਜੇ ਐਲਾਨ ਕੀਤਾ ਜਾਣ ਤਾਂ ਕਿ ਇਨ੍ਹਾਂ ‘ਚ ਬਹੁਤੇ ਵਿਦਿਆਰਥੀ ਇਸੇ ਮਹੀਨੇ 30 ਅਗਸਤ ਨੂੰ ਹੋ ਰਹੀ ਭਾਰਤੀ ਫ਼ੌਜ ਦੀ ਭਰਤੀ ‘ਚ ਹਿੱਸਾ ਲੈ ਸਕਣ।

ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ 10ਵੀਂ ਓਪਨ ਕਲਾਸ ਦੇ ਕੁੱਲ 31,000 ਵਿਦਿਆਰਥੀ ਹਨ। ਹਰ ਸਾਲ ਪ੍ਰਤੀ ਵਿਦਿਆਰਥੀ 15,000 ਹਜ਼ਾਰ ਰੁਪਏ ਫ਼ੀਸ ਦੇ ਹਿਸਾਬ ਨਾਲ ਕੁੱਲ 46 ਕਰੋੜ 50 ਲੱਖ ਰੁਪਏ ਬੋਰਡ/ਸਰਕਾਰ ਵੱਲੋਂ ਇਕੱਠਾ ਕੀਤਾ ਜਾਂਦਾ ਹੈ, ਪਰੰਤੂ ਐਨਾ ਪੈਸਾ ਇਕੱਠਾ ਕਰਨ ਦੇ ਬਾਵਜੂਦ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।

‘ਆਪ’ ਆਗੂਆਂ ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਦਸਵੀਂ ਓਪਨ ਕਲਾਸ ਦੇ ਵਿਦਿਆਰਥੀਆਂ ਦਾ ਨਤੀਜਾ ਅਜੇ ਤੱਕ ਐਲਾਨ ਨਹੀਂ ਕੀਤਾ ਹੈ, ਜਦਕਿ 12ਵੀਂ, ਬੀ.ਏ, ਐਮ.ਏ. ਅਤੇ ਸਾਰੀਆਂ ਸਟੇਟਾਂ ਦੇ ਹੀ ਓਪਨ ਕਲਾਸ ਦੇ ਨਤੀਜੇ ਪਹਿਲਾਂ ਹੀ ਐਲਾਨ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਓਪਨ ਕਲਾਸ ਵਿੱਚ ਪੜ੍ਹਦੇ ਗ਼ਰੀਬ ਅਤੇ ਮਜ਼ਦੂਰ ਪਰਿਵਾਰਾਂ ਦੇ ਬੱਚੇ ਮਜ਼ਦੂਰੀ ਦੇ ਨਾਲ-ਨਾਲ ਪੜਾਈ ਵੀ ਕਰਦੇ ਹਨ ਅਤੇ ਫ਼ੀਸਾਂ ਦਿੰਦੇ ਹਨ।

ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਫ਼ੌਜ ‘ਚ ਭਰਤੀ ਹੋਣ ਦੇ ਇੱਛੁਕ ਇਨ੍ਹਾਂ ਵਿਦਿਆਰਥੀਆਂ ਦਾ ਇੱਕ ਵਫ਼ਦ ਪਾਰਟੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਅਜੇ ਤੱਕ ਨਤੀਜੇ ਨਾ ਐਲਾਨਣ ਕਾਰਨ ਜਿਹੜੇ ਬੱਚਿਆਂ ਨੇ ਆਪਣੀ 10ਵੀਂ ਦੀ ਪੜਾਈ ਤੋਂ ਬਾਅਦ ਫ਼ੌਜ ਵਿਚ ਭਰਤੀ ਹੋਣਾ ਸੀ, ਉਹ ਹੁਣ ਨਹੀਂ ਹੋ ਸਕਦੇ ਕਿਉਂਕਿ ਭਾਰਤ ਸਰਕਾਰ ਵੱਲੋਂ ਭਾਰਤੀ ਸੈਨਾ ਵਿੱਚ ਭਰਤੀ ਦੀ ਆਖ਼ਰੀ ਤਾਰੀਖ਼ 30 ਅਗਸਤ ਰੱਖੀ ਗਈ ਹੈ, ਪਰੰਤੂ ਜੇਕਰ ਪੰਜਾਬ ਸਰਕਾਰ ਵੱਲੋਂ ਦਸਵੀਂ ਓਪਨ ਕਲਾਸ ਦੇ ਵਿਦਿਆਰਥੀਆਂ ਦਾ ਨਤੀਜਾ ਤੁਰੰਤ ਨਾ ਐਲਾਨਿਆ ਤਾਂ ਜਿਹੜੇ ਵਿਦਿਆਰਥੀ ਦੇਸ ਦੀ ਸੇਵਾ ਲਈ ਸਮਰਪਿਤ ਹਨ, ਉਹ ਹੁਣ ਫ਼ੌਜ ਦੀ ਭਰਤੀ ਵਿੱਚ ਹਿੱਸਾ ਨਹੀਂ ਲੈ ਸਕਦੇ। ਚੀਮਾ ਨੇ ਇਸ ਸੰਬੰਧੀ ਸਿੱਖਿਆ ਮੰਤਰੀ ਪੰਜਾਬ ਨੂੰ ਵੀ ਪੱਤਰ ਲਿਖਿਆ ਹੈ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

Yes Punjab - Top Stories