ਬੈਂਸ ’ਤੇ ਪਰਚਾ ਕਾਨੂੰਨ ਮੁਤਾਬਿਕ ਹੋਇਆ, ਮੁੱਖ ਮੰਤਰੀ ਨੇ ਸਾਬਿਤ ਕੀਤਾ ਕਾਨੂੰਨ ਸਭ ਲਈ ਬਰਾਬਰ: ਲੱਕੀ

ਯੈੱਸ ਪੰਜਾਬ

ਜਲੰਧਰ, 10 ਸਤੰਬਰ, 2019 –

ਪੰਜਾਬ ਪ੍ਰਦੇਸ਼ ਕਾਂਗਰਸ ਦੇ ਲੇਬਰ ਸੈਲ ਦੇ ਚੇਅਰਮੈਨ ਸ: ਮਲਵਿੰਦਰ ਸਿੰਘ ਲੱਕੀ ਨੇ ਕਿਹਾ ਹੈ ਕਿ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ: ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਕੇਸ ਕਾਨੂੰਨ ਮੁਤਾਬਿਕ ਹੋਇਆ ਹੈ ਅਤੇ ਇਹ ਕੇਸ ਕਰਨ ਲਈ ਆਦੇਸ਼ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਾਬਿਤ ਕੀਤਾ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਲੱਕੀ ਨੇ ਕਿਹਾ ਕਿ ਸ: ਬੈਂਸ ਦੀ ਸਰਕਾਰੀ ਅਧਿਕਾਰੀਆਂ ਨੂੰ ਧਮਕਾਉਣ ਅਤੇ ਉਨ੍ਹਾਂ ਨਾਲ ਮਾੜਾ ਵਤੀਰਾ ਕਰਨ ਦੀ ਆਦਤ ਬਣ ਚੁੱਕੀ ਹੈ।

ਸ: ਲੱਕੀ ਨੇ ਕਿਹਾ ਕਿ ਸ: ਬੈਂਸ ਸਰਕਾਰੀ ਕੰਮ ਵਿਚ ਵਿਘਨ ਪਾਉਣ ਅਤੇ ਆਪਣੇ ਕੰਮ ਧੱਕੇ ਨਾਲ ਕਢਾਉਣ ਲਈ ਅਫ਼ਸਰਾਂ ’ਤੇ ਦਬਾਅ ਦੀ ਰਾਜਨੀਤੀ ਕਰ ਰਹੇ ਹਨ।

ਕਾਂਗਰਸ ਆਗੂ ਨੇ ਕਿਹਾ ਕਿ ਸਰਕਾਰ ਕਾਂਗਰਸ ਦੀ ਹੋਵੇ ਜਾਂ ਅਕਾਲੀ ਦਲ ਦੀ, ਸ:ਬੈਂਸ ਹਰ ਵੇਲੇ ਸੁਰਖ਼ੀਆਂ ਵਿਚ ਬਣੇ ਰਹਿਣ ਲਈ ਤਤਪਰ ਰਹਿੰਦੇ ਹਨ ਅਤੇ ਇਸ ਵਾਰ ਉਨ੍ਹਾਂ ਨੇ ਗੁਰਦਾਸਪੁਰ ਦੇ ਡੀ.ਸੀ. ਨਾਲ ਜਿਸ ਤਰ੍ਹਾਂ ਦਾ ਵਿਉਹਾਰ ਕੀਤਾ ਹੈ, ਉਹ ਕਿਸੇ ਵੀ ਤਰ੍ਹਾਂ ਸਹੀ ਨਹੀਂ ਠਹਿਰਾਇਆ ਜਾ ਸਕਦਾ।

ਉਹਨਾਂ ਕਿਹਾ ਕਾਂਗਰਸ ਲੇਬਰ ਸੈੱਲ ਇਸ ਤਰ੍ਹਾਂ ਦੇ ਆਗੂਆਂ ਦਾ ਵਿਰੋਧ ਕਰਦਾ ਰਹੇਗਾ। ਇਸ ਸਮੇਂ ਉਹਨਾਂ ਦੇ ਨਾਲ ਕਾਂਗਰਸ ਆਗੂ ਸ: ਕਰਨੈਲ ਸਿੰਘ ਭਾਟੀਆ ਅਤੇ ਹੋਰ ਹਾਜ਼ਰ ਸਨ।

Share News / Article

Yes Punjab - TOP STORIES