ਬੈਂਸ ’ਤੇ ਡੀ.ਸੀ. ਦਾ ਸਮਝੌਤਾ ਕਰਾਉਣ ਕੈਪਟਨ ਅਮਰਿੰਦਰ: ਰਾਮੂਵਾਲੀਆ

ਯੈੱਸ ਪੰਜਾਬ

ਜਲੰਧਰ, 13 ਸਤੰਬਰ, 2019 –

ਸਾਬਕਾ ਕੇਂਦਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਐਮ.ਐਲ.ਸੀ. ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਆਤਮ ਨਗਰ, ਲੁਧਿਆਣਾ ਦੇ ਵਿਧਾਇਕ ਸ: ਸਿਮਰਜੀਤ ਸਿੰਘ ਬੈਂਸ ਅਤੇ ਗੁਰਦਾਸਪੁਰ ਦੇ ਡੀ.ਸੀ. ਸ੍ਰੀ ਵਿਪੁਲ ਉਜਵਲ ਵਿਚ ਹੋਏ ਬੋਲ ਕੁਬੋਲ ਦੇ ਮਾਮਲੇ ਨੂੰ ਆਪ ਵਿਚ ਬੈਠ ਕੇ ਹੱਲ ਕਰਵਾਉਣ।

ਅੱਜ ਇੱਥੇ ਜਾਰੀ ਇਕ ਬਿਆਨ ਵਿਚ ਸ:ਰਾਮੂਵਾਲੀਆ ਨੇ ਕਿਹਾ ਕਿ ਵਿਧਾਇਕ ਅਤੇ ਡੀ.ਸੀ. ਵਿਚਾਲੇ ਹੋਈ ਗੱਲਬਾਤ ਜਿਸ ਤਰ੍ਹਾਂ ਤੂਲ ਫ਼ੜ ਰਹੀ ਹੈ ਉਸ ਨਾਲ ਸੂਬੇ ਦੇ ਰਾਜ ਸਾਸ਼ਨ ਅਤੇ ਲੋਕਾਂ ਨੂੰ ਬੇਹੱਦ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸ: ਰਾਮੂਵਾਲੀਆ ਨੇ ਕਿਹਾ ਕਿ ਦੋਹਾਂ ਵੱਡੀਆਂ ਪਦਵੀਆਂ ਵਾਲੇ ਸ: ਬੈਂਸ ਅਤੇ ਸ੍ਰੀ ਉਜਵਲ ਦੇ ਮਾਨ ਸਨਮਾਨ ਦੀ ਕਾਇਮੀ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਨੂੰ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਕਰਵਾ ਦੇਣਾ ਚਾਹੀਦਾ ਹੈ।

ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਐਮ.ਐਲ.ਏ. ਅਤੇ ਡਿਪਟੀ ਕਮਿਸ਼ਨਰ ਵਿਚਲੀ ਤਲਖ਼ ਕਲਾਮੀ ਆਪੋ ਆਪਣੇ ਸਵੈਮਾਨ ਖ਼ਾਤਰ ਭੜਕਿਆ ਹੋਇਆ ਗੁੱਸਾ ਹੈ, ਜਿਨ੍ਹਾਂ ਦੀ ਪਹਿਲਾਂ ਤੋਂ ਕੋਈ ਵੀ ਆਪਸੀ ਰੰਜਿਸ਼ ਨਹੀਂ ਸੀ।

ਸ:ਰਾਮੂਵਾਲੀਆ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂਦਾ ਇਕ ਵਰਗ ਹੜਤਾਲ ’ਤੇ ਹੈਅਤੇ ਰਾਜਨੀਤਕ ਲੋਕਾਂਵਿਚ ਆਪਣੀ ਗੱਲ ’ਤੇ ਅੜਣ ਕਾਰਨ ਹੋਏ ਨੁਕਸਾਨ ਦੇ ਨਤੀਜੇ ਵਜੋਂ ਤਸਦੀਕਸ਼ੁਦਾ ਸਰਟੀਫੀਕੇਟ ਨਾ ਮਿਲਣ ਕਾਰਨ ਕਈ ਨੌਜਵਾਨ ਫ਼ੌਜ ਵਿਚ ਭਰਤੀ ਨਹੀਂ ਹੋ ਸਕੇ। ਕਈ ਮਾਮਲਿਆਂ ਵਿਚ ਇਕਰਾਰਨਾਮਿਆਂ ਦੀਆਂ ਤਾਰੀਖ਼ਾਂ ਅਗਾਂਹ ਪੈ ਗਈਆਂ ਹਨ ਅਤੇ ਮਾਲ ਵਿਭਾਗ ਵਿਚ ਵੀ ਬੇਹੱਦ ਨੁਕਸਾਨ ਹੋਇਆ ਹੈ।

ਉਹਨਾਂ ਕਿਹਾ ਕਿ ਇਕ ਠੋਸ ਸੰਵਿਧਾਨਕ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਦੋਹਾਂ ਦੇ ਮੁਖ਼ੀ ਹਨ ਅਤੇ ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਦੋਹਾਂ ਧਿਰਾਂ ਨੂੰ ਬੁਲਾ ਕੇ ਪਿਆਰ ਨਾਲ ਸਮਝੌਤਾ ਕਰਾਉਂਦੇ ਅਤੇ ਉਨ੍ਹਾਂ ਦਾ ਗੁੱਸਾ ਠੰਢਾ ਕਰਦੇ।

ਸ: ਰਾਮੂਵਾਲੀਆ ਨੇ ਕਿਹਾ ਕਿ ਜੇ ਮੁੱਖ ਮੰਤਰੀ ਨੇ ਸਮਝੌਤਾ ਨਹੀਂ ਕਰਵਾਇਆ ਤਾਂ ਲੋਕ ਕਿਤੇ ਇਹ ਨਾ ਕਹਿਣ ਕਿ ਸਰਕਾਰ ਨੂੰ ਆਮ ਲੋਕਾਂ ਦਾ ਦਰਦ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਭੋਰਾ ਵੀ ਫ਼ਿਕਰ ਨਹੀਂ ਹੈ।

ਉਹਨਾਂ ਆਖ਼ਿਆ ਕਿ ਮੈਂ ਭਾਵੇਂ ਇਸ ਵੇਲੇ ਲਖ਼ਨਊ ਵਿਚ ਜ਼ਿੰਮੇਵਾਰੀ ਨਿਭਾਅ ਰਿਹਾ ਹਾਂ ਪਰ ਪੰਜਾਬ ਪ੍ਰਤੀ ਫ਼ਿਕਰਮੰਦੀ ਕਰਕੇ ਇਹ ਬਿਆਨ ਦੇ ਰਿਹਾ ਹਾਂ।

Share News / Article

Yes Punjab - TOP STORIES