ਅੱਜ-ਨਾਮਾ
ਬੇਸ਼ਕ ਮਰਜ਼ ਹੈ ਕੋਵਿਡ ਦੀ ਬੜੀ ਮਾੜੀ,
ਮਾੜੀ ਦਹਿਸ਼ਤ ਹੈ ਓਦੋਂ ਵੀ ਬੜੀ ਬੇਲੀ।
ਆ ਗਈ ਛਿੱਕ ਜਾਂ ਖੰਘ ਵੀ ਚਾਰ ਵਾਰੀ,
ਲੱਗਦੀ ਬੂਹੇ ਬਿਮਾਰੀ ਫਿਰ ਖੜੀ ਬੇਲੀ।
ਮੌਸਮ ਠੰਢ ਦਾ ਅੱਗੇ ਵੀ ਜਦੋਂ ਆਉਂਦਾ,
ਲੱਗਦੀ ਸੀ ਗੀ ਮਰੀਜ਼ਾਂ ਦੀ ਲੜੀ ਬੇਲੀ।
ਚੇਤੇ ਬਾਤ ਉਹ ਕਿਸੇ ਦੇ ਰਹੀ ਹੈ ਨਹੀਂ,
ਆਈ ਜਾਪਦੀ ਕੋਵਿਡ ਦੀ ਘੜੀ ਬੇਲੀ।
ਤ੍ਰਹਿਕੇ ਬੰਦੇ ਨੂੰ ਸੁੱਬੀ ਵੀ ਸੱਪ ਲੱਗਦੀ,
ਵਿੰਹਦੇ ਸਾਰ ਉਹ ਜਾਏ ਤ੍ਰਹਿਕ ਬੇਲੀ।
ਏਦਾਂ ਕੋਵਿਡ ਵੀ ਲੋਕਾਂ ਦਾ ਸਾਹ ਖਿੱਚੇ,
ਮੁੱਕੀ ਸਾਹਾਂ ਦੀ ਜਾਪਦੀ ਮਹਿਕ ਬੇਲੀ।
-ਤੀਸ ਮਾਰ ਖਾਂ
ਦਸੰਬਰ 28, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ