ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜ਼ਬਰਦਸਤ ਵਿਰੋਧ

ਸੰਗਰੂਰ/ਭਵਾਨੀਗੜ੍ਹ, 14 ਦੰਸਬਰ, 2021 (ਦਲਜੀਤ ਕੌਰ ਭਵਾਨੀਗੜ੍ਹ)
ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਮੁੱਖ ਚਰਨਜੀਤ ਸਿੰਘ ਚੰਨੀ ਦੇ ਸਮਾਰੋਹ ਦੌਰਾਨ ਵਿਰੋਧ ਕੀਤਾ ਗਿਆ।

ਅੱਜ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਗਰੂਰ ਵਿਖੇ ਦੌਰਾ ਕਰਨ ਲਈ ਪਹੁੰਚਣਾ ਸੀ ਤਾਂ ਉਸ ਦੌਰਾਨ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦਾ ਵਿਰੋਧ ਕਰਨ ਲਈ ਐਕਸ਼ਨ ਉਲੀਕਿਆ ਗਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬੇਰੁਜ਼ਗਰ ਅਧਿਆਪਕਾ ਨੂੰ ਵਾਰ ਵਾਰ ਅਪੀਲ ਕੀਤੀ ਗਈ ਕਿ ਉਹ ਆਪਣਾ ਐਕਸ਼ਨ ਮੁਲਤਵੀ ਕਰ ਦੇਣ ਤੇ ਉਹ ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਆਉਂਦੇ ਸਾਰ ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ ਕਰਵਾਉਣਗੇ, ਜਿਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਦੇਹ ਕਲਾਂ ਵਿਖੇ ਆਪਣਾ ਗੁਪਤ ਐਕਸ਼ਨ ਮੁਲਤਵੀ ਕੀਤਾ ਗਿਆ।

ਇਸ ਮੌਕੇ ਬੇਰੁਜਗਾਰ ਅਧਿਆਪਕਾਂ ਦੀ ਮੀਟਿੰਗ ਮੁੱਖ ਮੰਤਰੀ ਚਰਨਜੀਤ ਸਿੰਘ ਨਾਲ ਕਰਵਾਈ ਗਈ ਜਿਸ ਵਿੱਚ ਮੁੱਖ ਮੰਤਰੀ ਵੱਲੋਂ ਭਰੋਸਾ ਵੀ ਦਿੱਤਾ ਗਿਆ ਕਿ ਅੱਜ ਸ਼ਾਮ ਤੱਕ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ, ਪਰ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵੱਲੋਂ ਮੁੱਖ ਮੰਤਰੀ ਦੇ ਭਰੋਸੇ ਤੋਂ ਪੂਰਨ ਤੌਰ ਤੇ ਸੰਤੁਸ਼ਟ ਨਾ ਹੋ ਕੇ ਜਦੋਂ ਮੁੱਖ ਮੰਤਰੀ ਦਾ ਕਾਫ਼ਲਾ ਸੰਗਰੂਰ ਤੋਂ ਘਾਬਦਾਂ ਲਈ ਜਾ ਰਿਹਾ ਸੀ ਤਾਂ ਉਸ ਦੌਰਾਨ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ ਵਿਰੋਧ ਕੀਤਾ ਗਿਆ ਜਿਸ ਨਾਲ ਕਿ ਪੁਲਿਸ ਨਾਲ ਧੱਕਾ-ਮੁੱਕੀ ਹੋਈ। ਇਸੇ ਦੌਰਾਨ ਕੁਝ ਸਾਥੀ ਪੁਲਿਸ ਪ੍ਰਸ਼ਾਸਨ ਨੂੰ ਝਾਕਨੀ ਦਿੰਦੇ ਹੋਏ ਘਾਬਦਾਂ ਵਿਖੇ ਮੁੱਖ ਮੰਤਰੀ ਦਾ ਵਿਰੋਧ ਕਰਨ ਲਈ ਪੰਡਾਲ ਵਿੱਚ ਪਹੁੰਚੇ ਤਾਂ ਪੁਲੀਸ ਵੱਲੋਂ ਸੁਖਚੈਨ ਪਟਿਆਲਾ ਜਬਰੀ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ।

ਮਨੀ ਸੰਗਰੂਰ, ਸੁਰਜੀਤ ਢੱਡਰੀਆ, ਰਣਜੀਤ ਸੰਗਰੂਰ, ਕੁਲਵਿੰਦਰ ਭੱਟੀ ਤੇ ਪਰਗਟ ਬੋਹਾ ਵੱਲੋਂ ਘਾਬਦਾਂ ਵਿਖੇ ਮੁੱਖ ਮੰਤਰੀ ਜਦੋਂ ਭਾਸ਼ਣ ਦੇ ਰਹੇ ਸਨ ਤਾਂ ਉਨ੍ਹਾਂ ਦੇ ਸਮਾਰੋਹ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਬੇਰੁਜ਼ਗਾਰ ਅਧਿਆਪਕਾਂ ਤੇ ਨਾਅਰੇਬਾਜ਼ੀ ਕਰਦਿਆਂ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਫਿਰ ਬੇਰੁਜ਼ਗਾਰ ਅਧਿਆਪਕਾਂ ਨੂੰ ਜਬਰੀ ਪੁਲੀਸ ਵੱਲੋਂ ਘਸੀਟਦਿਆਂ ਹੋਇਆ ਗ੍ਰਿਫਤਾਰ ਕੀਤਾ ਗਿਆ।

ਇਸ ਮੌਕੇ ਮੌਜੂਦ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਨਿਰਮਲ ਜ਼ੀਰਾ, ਮਨੀ ਸੰਗਰੂਰ, ਰਣਜੀਤ ਬਾਵਾ, ਖੁਸੀ, ਜੱਗਾ ਮਾਨਸਾ, ਦਾਨਿਸ ਭੱਟੀ, ਦਿਲਪਰੀਤ ਸੰਗਰੂਰ, ਕੁਲਦੀਪ ਖੋਖਰ, ਮੰਗਲ ਮਾਨਸਾ, ਬੱਗਾ ਖੁਡਾਲ ਤੇ ਸੁਖਜੀਤ ਨਾਭਾ ਨੇ ਕਿਹਾ ਕਿ ਕਿ ਕਾਂਗਰਸ ਸਰਕਾਰ ਜਿਹੜੀ ਘਰ ਘਰ ਨੌਕਰੀ ਦੇ ਵਾਅਦੇ ਨੂੰ ਲੈ ਕੇ ਸੱਤਾ ਵਿੱਚ ਆਈ ਸੀ। ਅੱਜ ਸਰਕਾਰ ਦਾ ਜਾਣ ਦਾ ਸਮਾਂ ਵੀ ਆ ਚੁੱਕਿਆ ਹੈ, ਪਰ ਕਾਂਗਰਸ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਬੇਰੁਜ਼ਗਾਰਾਂ ਦੀ ਆਵਾਜ਼ ਨੂੰ ਦਬਾਉਣ ਲਈ ਨਿੱਤ ਡਾਗਾਂ ਕੁੱਟਿਆ, ਝੂਠੇ ਪਰਚੇ ਦਰਜ ਕੀਤੇ ਤੇ ਟੈਂਕੀ ਤੇ ਚੜ੍ਹਨ ਲਈ ਮਜਬੂਰ ਕੀਤਾ ਹੈ।

ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਨਾ ਨਿਕਲਣ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਉਮਰ ਹੱਦ ਨੂੰ ਪਾਰ ਕਰ ਚੁੱਕੇ ਹਨ ਤੇ ਸਰਕਾਰ ਵੱਲੋਂ ਉਨ੍ਹਾਂ ਨੌਜਵਾਨਾਂ ਉਮਰ ਹੱਦ ਦੇ ਵਿੱਚ ਛੋਟ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਮਰ ਹੱਦ ਪਾਰ ਕਰ ਚੁੱਕੇ ਉਮੀਦਵਾਰਾਂ ਨੂੰ ਉਮਰ ਹੱਦ ਵਿੱਚ ਛੋਟ ਦੇਕੇ ਭਰਤੀ ਦਾ ਇੱਕ ਮੌਕਾ ਦਿੱਤਾ ਜਾਵੇ।

ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ 6635 ਅਤੇ 2364 ਦੀਆਂ ਭਰਤੀ ਪ੍ਰਕਿਰਿਆਵਾਂ ਨੂੰ ਜਾਣ-ਬੁੱਝ ਕੇ ਲਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਜਿਹੜੀ ਸਟੇਅ ਲੱਗੀ ਹੋਈ ਹੈ ਉਸ ਨੂੰ ਹਟਾਉਣ ਦੇ ਲਈ ਏ.ਜੀ ਪੰਜਾਬ ਦੇ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 2364 ਈਟੀਟੀ ਅਧਿਆਪਕਾਂ ਦੀ ਭਰਤੀ ਦਾ ਕੋਈ ਠੋਸ ਹੱਲ ਕੀਤਾ ਜਾਵੇ। ਪ੍ਰਾਇਮਰੀ ਅਧਿਆਪਕਾਂ ਦੀਆਂ 6635 ਤੇ 22 ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਸਰਕਾਰ ਦੇ ਵੱਲੋਂ ਜਲਦੀ ਪੂਰੀ ਕੀਤੀ ਜਾਵੇ।

ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਬੇਰੁਜ਼ਗਾਰ ਅਧਿਆਪਕਾਂ ਦੀਆਂ ਇਹਨਾਂ ਅਸਾਮੀਆਂ ਲਈ ਭਰਤੀ ਕਰ ਦੇਣੀ ਚਾਹੀਦੀ ਸੀ ਪਰ ਸਰਕਾਰ ਦੀਆਂ ਨਲਾਇਕੀਆਂ ਕਾਰਨ ਇਹ ਭਰਤੀਆਂ ਹੁਣ ਕੋਰਟ ਕੇਸਾਂ ਕਾਰਨ ਰੁਕੀਆਂ ਹੋਈਆਂ ਹਨ ਤੇ ਦੂਜੇ ਪਾਸੇ ਚੋਣ ਜ਼ਾਬਤਾ ਵੀ ਲੱਗਣ ਵਾਲਾ ਹੈ, ਜਿਸ ਕਰਕੇ ਦੋਵੇਂ ਭਰਤੀਆਂ ਰੁਲਣ ਦੇ ਕਿਨਾਰੇ ਹੋਈਆਂ ਪਈਆਂ ਹਨ। ਜਿਸ ਕਾਰਨ ਹਜ਼ਾਰਾਂ ਬੇਰੁਜ਼ਗਾਰ ਅਧਿਆਪਕਾਂ ਦਾ ਭਵਿੱਖ ਰੁਲਣ ਦੇ ਕਿਨਾਰੇ ਹੋਇਆ ਪਿਆ ਹੈ।

ਜ਼ਿਕਰਯੋਗ ਹੈ ਕਿ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਲਈ 2 ਮਹੀਨੇ ਤੋਂ ਉੱਪਰ ਖਰੜ ਵਿਖੇ ਟੈਂਕੀ ਉਪਰ ਡਟੇ ਹੋਏ ਹਨ, ਪਰ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦਾ ਕੋਈ ਵੀ ਠੋਸ ਹੱਲ ਨਹੀਂ ਕੀਤਾ ਜਾ ਰਿਹਾ।

ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀਆਂ ਮੰਗਾਂ:-

1. 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਚਲਾਈ ਜਾਵੇ ਤੇ ਕੋਰਟ ਚ ਲੱਗੀ ਰੋਕ ਨੂੰ ਸਰਕਾਰ ਵੱਲੋਂ ਗੰਭੀਰਤਾ ਨਾਲ ਲੈ ਕੇ ਉਸ ਰੋਕ ਨੂੰ ਹਟਾਇਆ ਜਾਵੇ।

2. 2364 ਈਟੀਟੀ ਅਧਿਆਪਕਾਂ ਦੀ ਭਰਤੀ ਦਾ ਠੋਸ ਹੱਲ ਕੀਤਾ ਜਾਵੇ।

3. ਉਮਰ ਹੱਦ ਪਾਰ ਕਰ ਚੁੱਕੇ ਉਮੀਦਵਾਰਾਂ ਨੂੰ 6635 ਈਟੀਟੀ ਅਧਿਆਪਕਾਂ ਦੀ ਭਰਤੀ ਚ ਇੱਕ ਵਾਰ ਮੌਕਾ ਦਿੱਤਾ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ