ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਮੌਤ ਦੇ ਘਾਟ ਉਤਾਰਿਆ – ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖ਼ੇ ਕੀਤੀ ਸੀ ਬੇਹੁਰਮਤੀ ਦੀ ਕੋਸ਼ਿਸ਼

ਯੈੱਸ ਪੰਜਾਬ
ਅੰਮ੍ਰਿਤਸਰ, 18 ਦਸੰਬਰ, 2021:
ਸਿੱਖ ਧਰਮ ਦੇ ਅਤਿ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖ਼ੇ ਸਨਿਚਰਵਾਰ ਸ਼ਾਮ ਦੇ ਦੀਵਾਨ ਸਮੇਂ ਇਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀ ਕੋਸ਼ਿਸ਼ ਕੀਤੀ ਗਈ ਪਰ ਬਾਅਦ ਵਿੱਚ ਉਸ ਨੂੰ ਕਾਬੂ ਕਰਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੀ ਖ਼ਬਰ ਹੈ।

ਇਹ ਕੋਝੀ ਹਰਕਤ ਕਿਸੇ ਵਿਅਕਤੀ ਵੱਲੋਂ ਸ਼ਾਮ ਦੇ ਦੀਵਾਨ ਸਮੇਂ ਉਸ ਵੇਲੇ ਕੀਤੀ ਗਈ ਜਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਦਰ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾ ਰਿਹਾ ਸੀ। ਦੋਸ਼ੀ ਵਿਅਕਤੀ ਨੇ ਸੱਚਖੰਡ ਦੇ ਅੰਦਰ ਮੱਥਾ ਟੇਕਣ ਵਾਲੇ ਪਾਸਿਉਂ ਜੰਗਲੇ ਤੋਂ ਕਿਸੇ ਤਰ੍ਹਾਂ ਅਗਾਂਹ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀ ਕੋਸ਼ਿਸ਼ ਕੀਤੀ ਪਰ ਚੌਕਸ ਸੇਵਾਦਾਰਾਂ ਨੇ ਉਸ ਨੂੰ ਦਬੋਚ ਲਿਆ।

ਪਤਾ ਲੱਗਾ ਹੈ ਕਿ ਇਸ ਦਾ ਪਤਾ ਲੱਗਦੇ ਹੀ ਨਿਹੰਗ ਜਥੇਬੰਦੀਆਂ ਵੱਲੋਂ ਇਸ ਵਿਅਕਤੀ ਨੂੰ ਟਾਸਕ ਫ਼ੋਰਸ ਦੇ ਹੱਥੋਂ ਲੈ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।

ਇਸ ਮੌਕੇ ਤਾਬਿਆ ਬੈਠ ਕੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੇ ਸੂਝ ਬੂਝ ਦਾ ਪ੍ਰਗਟਾਵਾ ਕਰਦਿਆਂ ਅਡੋਲ ਰਹਿੰਦੇ ਹੋਏ ਰਹਿਰਾਸ ਸਾਹਿਬ ਦਾ ਪਾਠ ਜਾਰੀ ਰੱਖ਼ਿਆ ਜਦਕਿ ਉਨ੍ਹਾਂ ਦੇ ਨਾਲ ਡਿਊਟੀ ’ਤੇ ਬੈਠੇ ਸਿੰਘ ਵੀ ਉਕਤ ਵਿਅਕਤੀ ਨੂੰ ਦਬੋਚਨ ਲਈ ਭੱਜੇ। ਇਸੇ ਦੌਰਾਨ ਇਸ ਹਰਕਤ ਨੂੰ ਵੇਖ਼ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿਛਲੇ ਪਾਸੇ ਬੈਠੀ ਪਾਠ ਸੁਣ ਰਹੀ ਸੰਗਤ ਵੀ ਹੈਰਾਨੀ ਵਿੱਚ ਖੜ੍ਹੇ ਹੁੰਦੀ ਵਿਖ਼ਾਈ ਦਿੱਤੀ।

ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਆਪਣੀ ਤਰ੍ਹਾਂ ਦਾ ਵਾਪਰਿਆ ਇਹ ਪਹਿਲਾ ਵਰਤਾਰਾ ਹੈ।

ਹੋਰ ਵੇਰਵੇ ਦੀ ਉਡੀਕ ਹੈ।