ਬੀਆਰਟੀਐਸ ਅੰਮ੍ਰਿਤਸਰ ਨੂੰ ਕੇਂਦਰੀ ਐਵਾਰਡ ਮਿਲਣਾ ਸੁਖਬੀਰ ਬਾਦਲ ਦੁਆਰਾ ਕੀਤੇ ਨਿਰਾਲੇ ਕੰਮ ਦੀ ਮਿਸਾਲ: ਅਕਾਲੀ ਦਲ

ਚੰਡੀਗੜ੍ਹ, 16 ਨਵੰਬਰ, 2019:

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਬੀਆਰਟੀਐਸ, ਅੰਮ੍ਰਿਤਸਰ ਪ੍ਰਾਜੈਕਟ ਨੂੰ ‘ਐਵਾਰਡ ਆਫ ਐਕਸੇਲੈਂਸ’ਮਿਲਣਾ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਪਵਿੱਤਰ ਸ਼ਹਿਰ ਅੰਦਰ ਭੀੜ-ਭੜੱਕਾ ਅਤੇ ਪ੍ਰਦੂਸ਼ਣ ਖ਼ਤਮ ਕਰਨ ਲਈ ਕੀਤੇ ਗਏ ਨਿਰਾਲੇ ਕੰਮ ਦੀ ਮਿਸਾਲ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦਾ ਬੱਸ ਰੈਪਿਡ ਟਰਾਂਜ਼ਿਟ ਸਿਸਟਮ (ਬੀਆਰਟੀਐਸ), ਅੰਮ੍ਰਿਤਸਰ ਨੂੰ ‘ਐਵਾਰਡ ਆਫ ਐਕਸੇਲੈਂਸ’ ਦੇਣ ਲਈ ਧੰਨਵਾਦ ਕੀਤਾ।

ਇਹ ਸਿਸਟਮ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵਿਉਂਤਿਆ ਅਤੇ ਲਾਗੂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਜਿਹੇ ਐਵਾਰਡ ਸ਼ਹਿਰਾਂ ਅੰਦਰ ਜ਼ਿੰਦਗੀ ਦੀ ਗੁਣਵੱਤਾ ਸੁਧਾਰਨ ਵਿਚ ਵੱਡੀ ਭੁਮਿਕਾ ਨਿਭਾਉਣਗੇ।

ਦੱਸਣਯੋਗ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਨੇ ਪਵਿੱਤਰ ਨਗਰੀ ਅੰਦਰ ਦਸੰਬਰ 2016 ਵਿਚ ਬੀਆਰਟੀਸੀ ਸੇਵਾ ਸ਼ੁਰੂ ਕੀਤੀ ਸੀ। ਡਾਕਟਰ ਚੀਮਾ ਨੇ ਕਿਹਾ ਕਿ ਇਸ ਖੇਤਰ ਵਿਚ ਆਪਣੀ ਕਿਸਮ ਦਾ ਪਹਿਲਾ ਪ੍ਰਾਜੈਕਟ ਹੋਣ ਕਰਕੇ ਇਸ ਪ੍ਰਾਜੈਕਟ ਨੇ ਅੰਮ੍ਰਿਤਸਰ ਦੇ ਸ਼ਹਿਰੀ ਆਵਾਜਾਈ ਸਿਸਟਮ ਵਿਚ ਚੋਖਾ ਸੁਧਾਰ ਲਿਆਂਦਾ ਹੈ।ਇਹੀ ਕਾਰਣ ਹੈ ਕਿ ਇਸ ਨੂੰ ‘ਬੈਸਟ ਅਰਬਨ ਮਾਸ ਟਰਾਂਜ਼ਿਟ ਪ੍ਰਾਜੈਕਟ’ ਕੈਟਾਗਰੀ ਅਧੀਨ ਐਵਾਰਡ ਲਈ ਚੁਣਿਆ ਗਿਆ ਹੈ।

ਡਾਕਟਰ ਚੀਮਾ ਨੇ ਕਿਹਾ ਕਿ ਪਵਿੱਤਰ ਸ਼ਹਿਰ ਲਈ ਬੇਹੱਦ ਅਹਿਮ ਪ੍ਰਾਜੈਕਟ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਇਸ ਨੂੰ ਠੱਪ ਕਰਨ ਵਾਸਤੇ ਪੂਰੀ ਵਾਹ ਲਾਈ ਸੀ। ਉਹਨਾਂ ਕਿਹਾ ਕਿ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਲ ਤੋਂ ਵੱਧ ਸਮਾਂ ਇਸ ਪ੍ਰਾਜੈਕਟ ਨੂੰ ਰੋਕ ਕੇ ਰੱਖਿਆ ਸੀ।

ਉਹਨਾਂ ਕਿਹਾ ਕਿ ਸਿੱਧੂ ਨੇ ਬੀਆਰਟੀਐਸ ਸੇਵਾ ਨੂੰ ਰੋਕਣ ਲਈ ਕੀਤੇ ਅਣਥੱਕ ਯਤਨਾਂ ਤੋਂ ਬਾਅਦ ਇਸ ਪ੍ਰਾਜੈਕਟ ਦਾ ਸਿਹਰਾ ਲੈਣ ਲਈ ਜਨਵਰੀ 2019 ਵਿਚ ਇਸ ਨੂੰ ਦੁਬਾਰਾ ਲਾਂਚ ਕੀਤਾ ਸੀ। ਉਹਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਵੀ ਫੰਡ ਜਾਰੀ ਨਾ ਹੋਣ ਕਰਕੇ ਬੀਆਰਟੀਐਸ ਸੇਵਾ ਨੂੰ ਆਰਜ਼ੀ ਤੌਰ ਤੇ ਰੋਕ ਦਿੱਤਾ ਗਿਆ ਸੀ।

ਡਾਕਟਰ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਪਿਛਲੀ ਅਕਾਲੀ-ਭਾਜਪਾ ਵੱਲੋਂ ਸ਼ੁਰੂ ਕੀਤੇ ਪ੍ਰਾਜੈਕਟਾਂ ਨੂੰ ਰੋਕਣ ਅਤੇ ਲਟਕਾਉਣ ਉੱਤੇ ਆਪਣੀ ਊਰਜਾ ਖਰਚਣ ਦੀ ਬਜਾਇ ਸੂਬੇ ਅਤੇ ਇਸ ਦੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨ ਉੱਤੇ ਧਿਆਨ ਕੇਂਦਰਿਤ ਕਰੇ।

ਉਹਨਾਂ ਦੱਸਿਆ ਕਿ ਬੀਆਰਟੀਐਸ ਅੰਮ੍ਰਿਤਸਰ ਪ੍ਰਾਜੈਕਟ ਲਈ ‘ਐਵਾਰਡ ਆਫ ਐਕਸੇਲੈਂਸ’ 17 ਨਵੰਬਰ 2019 ਨੂੰ ਇੰਦਰਾ ਗਾਂਧੀ ਪ੍ਰਤੀਸ਼ਠਾਨ , ਲਖਨਊ ਵਿਖੇ ਉੱਤਰ ਪ੍ਰਦੇਸ਼ ਦੇ ਮਾਣਯੋਗ ਉਪ ਮੁੱਖ ਮੰਤਰੀ ਦੁਆਰਾ ਦਿੱਤਾ ਜਾਵੇਗਾ।

Share News / Article

Yes Punjab - TOP STORIES