ਬਿੱਟੂ ਕਤਲ ਮਾਮਲੇ ’ਚ ਦੋ ਹੋਰ ਗਿਰਫ਼ਤਾਰੀਆਂ, ਡਾ: ਰਵਜੋਤ ਗਰੇਵਾਲ ਨੇ ਕੀਤੀ ਪੁਸ਼ਟੀ

ਮੋਹਾਲੀ, 25 ਜੂਨ, 2019:
ਨਾਭਾ ਜੇਲ੍ਹ ਵਿਚ ਬੀਤੇ ਦਿਨੀਂ ਕਥਿਤ ਤੌਰ ’ਤੇ ਦੋ ਵਿਅਕਤੀਆਂ ਵੱਲੋਂ ਕਤਲ ਕੀਤੇ ਗਏ ਬਰਗਾੜੀ ਬੇਅਦਬੀ ਮਾਮਲੇ ਦੇ ਦੋਸ਼ੀ ਅਤੇ ਡੇਰਾ ਸਿਰਸਾ ਦੀ ਸਟੇਟ ਕਮੇਟੀ ਦੇ ਮੈਂਬਰ ਮਹਿੰਦਰ ਪਾਲ ਬਿੱਟੂ ਦੇ ਕਤਲ ਕੇਸ ਦੇ ਸੰਬੰਧ ਵਿਚ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ।

ਪਟਿਆਲਾ ਦੀ ਆਫ਼ੀਸ਼ੀਏਟਿੰਗ ਐਸ.ਐਸ.ਪੀ.ਡਾ: ਰਵਜੋਤ ਗਰੇਵਾਲ ਆਈ.ਪੀ.ਐਸ.ਨੇ ਦੋ ਵਿਅਕਤੀਆਂ ਨੂੰ ਇਸ ਮਾਮਲੇ ਵਿਚ ਪ੍ਰੋਡਕਸ਼ਨ ਵਾਰੰਟ ’ਤੇ ਲਏ ਜਾਣ ਦੀ ਪੁਸ਼ਟੀ ਕੀਤੀ ਹੈ।

ਗਿਰਫ਼ਤਾਰ ਕੀਤਾ ਗਿਆ ਇਕ ਵਿਅਕਤੀ ਜਸਪ੍ਰੀਤ ਸਿੰਘ ਹੈ ਜੋ ਚੰਡੀਗੜ੍ਹ ਪਿੰਜੌਰ ਰੋਡ ’ਤੇ ਸਥਿਤ ਐਚ.ਐਮ.ਟੀ.ਕਲੋਨੀ ਦਾ ਵਾਸੀ ਹੈ।

ਦੂਜੇ ਵਿਅਕਤੀ ਦੀ ਪਛਾਣ ਦੀਪ ਲੱਖਾ ਬਾਬਾ ਵਾਸੀ ਪਿੰਡ ਸਲਾਣਾ, ਥਾਣਾ ਅਮਲੋਹ ਵਜੋਂ ਕੀਤੀ ਗਈ ਹੈ।

ਪਤਾ ਲੱਗਾ ਹੈ ਕਿ ਜਸਪ੍ਰੀਤ ਸਿੰਘ ਬਿੱਟੂ ਕਤਲ ਮਾਮਲੇ ਵਿਚ ਨਾਮਜ਼ਦ ਦੋ ਦੋਸ਼ੀਆਂ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਭੂਤ ਵਿਚੋਂ ਗੁਰਸੇਵਕ ਸਿੰਘ ਦਾ ਕਰੀਬੀ ਹੈ ਜਦਕਿ ਦੂਜਾ ਵੀ ਇਸ ਕੇਸ ਵਿਚ ਹੀ ਕੋਈ ਤਾਰ ਜੁੜੇ ਹੋਣ ਕਾਰਨ ਕਾਬੂ ਕੀਤਾ ਗਿਆ ਹੈ।

ਫ਼ੜੇ ਗਏ ਵਿਅਕਤੀਆਂ ਦੇ ਕੇਸ ਨਾਲ ਸੰਬੰਧਤ ਹੋਣ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਡਾ: ਰਵਜੋਤ ਗਰੇਵਾਲ ਨੇ ਇੰਨਾ ਹੀ ਕਿਹਾ ਕਿ ਹਾਲ ਦੀ ਘੜੀ ਇਹ ਜਾਂਚ ਦਾ ਵਿਸ਼ਾ ਹੈ ਅਤੇ ਉਹ ਕੇਵਲ ਇੰਨੀ ਹੀ ਗੱਲ ਸਾਂਝੀ ਕਰ ਸਕਦੇ ਹਨ ਕਿ ਉਕਤ ਦੋਵਾਂ ਵਿਅਕਤੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਗਿਆ ਹੈ।

Yes Punjab - Top Stories