ਬਿਜਲੀ ਬਿੱਲਾਂ ਦੀ ਅਦਾਇਗੀ 3 ਮਹੀਨਿਆਂ ਲਈ ਮੁਲਤਵੀ ਕੀਤੀ ਜਾਵੇ: ਮਜੀਠੀਆ ਦੀ ਕੈਪਟਨ ਤੋਂ ਮੰਗ

ਚੰਡੀਗੜ੍ਹ, 30 ਮਾਰਚ, 2020 –

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਇਸ ਸੰਕਟ ਦੀ ਘੜੀ ਵਿਚ ਸਾਰੀਆਂ ਉਦਯੋਗਿਕ ਇਕਾਈਆਂ ਦੇ ਪੱਕੇ ਬਿਜਲੀ ਖਰਚੇ ਮੁਆਫ ਕਰਕੇ ਉਦਯੋਗਿਕ ਸੈਕਟਰ ਦੀ ਮੱਦਦ ਕਰਨ ਲਈ ਉਹ ਨਿੱਜੀ ਤੌਰ ਤੇ ਦਖ਼ਲ ਦੇਣ। ਇਸ ਦੇ ਨਾਲ ਹੀ ਮੁੱਖ ਮੰਤਰੀ ਨੂੰ ਪੁਰਾਣੇ ਬਿਜਲੀ ਬਕਾਇਆਂ ਦੀ ਅਦਾਇਗੀ ਵੀ ਤਿੰਨ ਮਹੀਨੇ ਲਈ ਮੁਲਤਵੀ ਕਰਨ ਲਈ ਵੀ ਕਿਹਾ ਗਿਆ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਨੂੰ ਉਦਯੋਗਿਕ ਇਕਾਈਆਂ ਨੂੰ ਆਪਣੇ ਕਾਮਿਆਂ ਲਈ ਮਾਰਚ ਅਤੇ ਅਪ੍ਰੈਲ ਦੇ ਦੋ ਮਹੀਨਿਆਂ ਦੀ ਤਨਖਾਹ ਦੇ ਪ੍ਰਬੰਧ ਕਰਨ ਵਾਸਤੇ ਸਬਸਿਡੀਆਂ ਦੇਣ ਦੀ ਵੀ ਅਪੀਲ ਕੀਤੀ ਹੈ।

ਉਹਨਾਂ ਕਿਹਾ ਕਿ ਇਸ ਤਹਿਤ ਤਿੰਨ ਮਹੀਨਿਆਂ ਲਈ ਉਹਨਾਂ ਦੇ ਬਿਜਲੀ ਖਰਚੇ ਅੱਧੇ ਕੀਤੇ ਜਾ ਸਕਦੇ ਹਨ।ਉਹਨਾਂ ਕਿਹਾ ਕਿ ਇਹ ਸਾਰੇ ਕਦਮ ਇਸ ਲਈ ਜਰੂਰੀ ਹਨ, ਕਿਉਂਕਿ ਕੋਵਿਡ-19 ਮਹਾਂਮਾਰੀ ਨੇ ਉੁਦਯੋਗਾਂ ਦੇ ਵਿੱਤੀ ਲੈਣ-ਦੇਣ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਹੈ ਅਤੇ ਉਹ ਬਿਜਲੀ ਦੇ ਪੱਕੇ ਖਰਚੇ ਜਾਂ ਕਾਮਿਆਂ ਦੀਆਂ ਤਨਖਾਹਾਂ ਵਰਗੇ ਹੋਰ ਵਾਧੂ ਖਰਚਿਆਂ ਦਾ ਬੋਝ ਸਹਿਣ ਦੀ ਹਾਲਤ ਵਿਚ ਨਹੀਂ ਹਨ।

ਸੂਬੇ ਦੀ ਅਰਥ ਵਿਵਸਥਾ ਨੂੰ ਮੂੰਹ-ਭਾਰ ਡਿੱਗਣ ਤੋ ਬਚਾਉਣ ਲਈ ਉਦਯੋਗਿਕ ਸੈਕਟਰ ਦੀ ਮੱਦਦ ਉੱਤੇ ਜ਼ੋਰ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਉਦਯੋਗਪਤੀਆਂ ਨੂੰ ਆਪਣੀਆਂ ਇਕਾਈਆਂ ਖੁੱਲ੍ਹੀਆਂ ਰੱਖਣ ਦੀ ਆਗਿਆ ਦੇਣ ਦਾ ਸੂਬਾ ਸਰਕਾਰ ਦਾ ਤਾਜ਼ਾ ਫੈਸਲਾ ਉਹਨਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਕਰੇਗਾ। ਉਹਨਾਂ ਕਿਹਾ ਕਿ ਉਦਯੋਗਪਤੀਆਂ ਕੋਲ ਕੱਚਾ ਮਾਲ ਨਹੀਂ ਹੈ, ਜਿਸ ਕਰਕੇ ਉਹ ਆਪਣੀਆਂ ਇਕਾਈਆਂ ਨੂੰ ਚੰਗੀ ਤਰ੍ਹਾਂ ਚਲਾ ਨਹੀਂ ਪਾਉਣਗੇ।

ਉਹਨਾਂ ਕਿਹਾ ਕਿ ਉਦਯੋਗਪਤੀਆਂ ਵੱਲੋਂ ਹੋਰ ਉਤਪਾਦਨ ਕਰਨ ਦੀ ਕੋਈ ਤੁਕ ਨਹੀਂ ਬਣਦੀ, ਜਦਕਿ ਪੁਰਾਣਾ ਮਾਲ ਵੱਡੀ ਮਾਤਰਾ ਵਿਚ ਪਿਆ ਹੈ, ਕਿਉਂਕਿ ਵਸਤਾਂ ਦੀ ਢੋਅ-ਢੁਆਈ ਪੂਰੀ ਤਰ੍ਹਾਂ ਬੰਦ ਹੈ। ਇਸ ਤੋਂ ਇਲਾਵਾ ਕੱਚੇ ਮਾਲ ਦੀ ਅਣਹੋਂਦ ਕਰਕੇ ਇਹ ਉਦਯੋਗ ਸਿਰਫ ਦੋ ਜਾਂ ਤਿੰਨ ਦਿਨ ਲਈ ਹੀ ਹੋਰ ਉਤਪਾਦਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਹੁਣ ਨਵੀਆਂ ਵਸਤਾਂ ਤਾਂ ਉਤਪਾਦਨ ਕੀਤਾ ਜਾਂਦਾ ਹੈ ਤਾਂ ਉਹਨਾਂ ਦੀ ਜਲਦੀ ਵਿਕਰੀ ਹੋਣ ਦੀ ਕੋਈ ਸੰਭਾਵਨਾ ਨਹੀ ਹੈ, ਜਿਸ ਨਾਲ ਵਪਾਰੀਆਂ ਕੋਲ ਜਮ੍ਹਾਂ ਮਾਲ ਦਾ ਭੰਡਾਰ ਹੋਰ ਵੱਡਾ ਹੋ ਜਾਵੇਗਾ।


ਇਸ ਨੂੰ ਵੀ ਪੜ੍ਹੋ:
ਸੁਣ ਲਓ ਕਾਂਗੜ ਸਾਹਬ ਦੀ, ਅਖ਼ੇ ਜਿਹੜੇ ਪੁਲਿਸ ਨੇ ਕੁੱਟੇ, ਉਹ ਨਸ਼ੇੜੀ ਸਨ


ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਸਿਰਫ ਉਹਨਾਂ ਉਦਯੋਗਪਤੀਆਂ ਨੂੰ ਆਪਣੀਆਂ ਇਕਾਈਆਂ ਚਲਾਉਣ ਦੀ ਆਗਿਆ ਦੇਣ, ਜਿਹੜੇ ਸਿਹਤ ਅਤੇ ਸੁਰੱਖਿਆ ਸੰਬੰਧੀ ਸੁਝਾਏ ਨਿਯਮਾਂ ਦੀ ਪਾਲਣਾ ਕਰ ਸਕਦੇ ਹੋਣ। ਉਹਨਾਂ ਕਿਹਾ ਕਿ ਜ਼ਿਅਦਾਤਰ ਉਦਯੋਗਿਕ ਇਕਾਈਆਂ ਲਈ ਆਪਣੇ ਵਰਕਰਾਂ ਲਈ ਰਹਿਣ ਸਹਿਣ ਦੀਆਂ ਸਹੂਲਤਾਂ ਦਾ ਬੰਦੋਬਸਤ ਕਰਨਾ ਬਹੁਤ ਮੁਸ਼ਕਿਲ ਹੋਵੇਗਾ।

ਉਹਨਾਂ ਕਿਹਾ ਕਿ ਉਦਯੋਗਿਕ ਇਕਾਈਆਂ ਨੂੰ ਚਲਾਉਣ ਸਮੇਂ ਵੱਡੇ ਪੱਧਰ ਦੀ ਸਾਫ ਸਫਾਈ ਦੀ ਲੋੜ ਹੁੰਦੀ ਹੈ ਅਤੇ ਸਿਰਫ ਵੱਡੇ ਉਦਯੋਗ ਹੀ ਇਹ ਸਾਰੀਆਂ ਸ਼ਰਤਾਂ ਪੂਰੀ ਕਰ ਸਕਦੇ ਹਨ। ਉਹਨਾਂ ਕਿਹਾ ਕਿ ਬਾਕੀ ਉਦਯੋਗਾਂ ਲਈ ਇਹ ਬਿਲਕੁੱਲ ਹੀ ਅਸੰਭਵ ਹੋਵੇਗਾ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਉਦਯੋਗ ਆਪਣੇ ਵਰਕਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ ਹੋਣ, ਉਹਨਾਂ ਨੂੰ ਹੀ ਚਲਾਉਣ ਦੀ ਆਗਿਆ ਦਿੱਤੀ ਜਾਵੇ।

ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਉਦਯੋਗਿਕ ਸੈਕਟਰ ਨੂੰ ਦੁਬਾਰਾ ਪੈਰਾਂ ਉੱਤੇ ਖੜ੍ਹਾ ਕਰਨ ਲਈ ਇੱਕ ਰਾਹਤ ਪੈਕਜ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਵਿਡ-19 ਮਹਾਂਮਾਰੀ ਉਦਯੋਗਾਂ ਲਈ ਮੌਤ ਦਾ ਘੰਟੀ ਨਾ ਬਣ ਜਾਵੇ।

ਇਸ ਦੇ ਨਾਲ ਹੀ ਉਹਨਾਂ ਮੁੱਖ ਮੰਤਰੀ ਨੂੰ ਦਲਿਤ ਖਪਤਕਾਰਾਂ ਦੇ ਬਿਜਲੀ ਕੂਨੈਕਸ਼ਨ ਬਹਾਲ ਕਰਨ ਵੀ ਅਪੀਲ ਕੀਤੀ, ਜਿਹਨਾਂ ਨੂੰ ਬਿਲਾਂ ਦੀ ਅਦਾਇਗੀ ਨਾ ਹੋਣ ਕਰਕੇ ਕੱਟ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਮੌਜੂਦਾ ਸੰਕਟ ਭਰੇ ਹਾਲਾਤਾਂ ਵਿਚ ਇਹਨਾਂ ਖਪਤਕਾਰਾਂ ਦੀ ਪਰੇਸ਼ਾਨੀਆਂ ਨੂੰ ਵੇਖਦੇ ਹੋਏ ਇਹ ਕੁਨੈਕਸ਼ਨ ਬਹਾਲ ਕਰ ਦੇਣੇ ਚਾਹੀਦੇ ਹਨ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES