ਬਾਬੇ ਨਾਨਕ ਦੇ ਫਲਸਫੇ ਤੇ ਪੰਜਾਬ ਮਾਡਲ ਬਣਾਵਾਂਗਾ, ਲਾਲੀਪੌਪ ਤੇ ਮੁਫ਼ਤ ਸੁਵਿਧਾਵਾਂ ਨਹੀਂ ਵੰਡਾਗਾ – ਨਵਜੋਤ ਸਿੱਧੂ ਨੇ ਵਿਧਾਇਕ ਨਵਤੇਜ ਚੀਮਾ ਦੀ ਟਿਕਟ ਤੇ ਲਾਈ ਰੈਲੀ ਦੌਰਾਨ ਪੱਕੀ ਮੋਹਰ

ਕਪੂਰਥਲਾ / ਸੁਲਤਾਨਪੁਰ ਲੋਧੀ 18 ਦਸੰਬਰ , 2021 (ਕੌੜਾ)
ਪਾਵਨ ਨਗਰੀ ਦੀ ਮੁੱਖ ਦਾਣਾ ਮੰਡੀ ਵਿਚ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਕਰਵਾਈ ਗਈ ਵਿਸ਼ਾਲ ਵਿਸ਼ਵਾਸ ਰੈਲੀ ਨੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੀ ਆਮਦ ਤੇ ਇਕ ਨਵਾਂ ਇਤਿਹਾਸ ਸਿਰਜ ਦਿੱਤਾ। ਪਿੰਡ ਪਿੰਡ ਤੇ ਸ਼ਹਿਰ ਤੋਂ ਕਾਫ਼ਲਿਆਂ ਦੇ ਰੂਪ ਵਿੱਚ ਪਾਰਟੀ ਵਰਕਰਾਂ ਤੇ ਲੋਕਾਂ ਨਾਲ ਭਰੀ ਇਸ ਖਚਾਖਚ ਰੈਲੀ ਵਿੱਚ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵਿਧਾਇਕ ਚੀਮਾ ਦੀ ਪਾਰਟੀ ਟਿਕਟ ਸਬੰਧੀ ਫੈਲਾਏ ਜਾ ਰਹੇ ਵਹਿਮਾਂ ਭਰਮਾਂ ਨੂੰ ਦੂਰ ਕਰਦਿਆਂ ਕਿਹਾ ਕਿ ਜਦ ਤਕ ਮੈਂ ਤੇਰੇ ਨਾਲ ਖੜ੍ਹਾ ਹਾਂ ਤੇਰੀ ਹਵਾ ਵੱਲ ਵੀ ਕਿਸੇ ਨੂੰ ਤੱਕਣ ਨਹੀਂ ਦੇਵਾਂਗਾ ਅਤੇ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਅੱਜ ਚੀਮਾ ਮੇਰੀ ਅਮਾਨਤ ਹੈ ਤੇ ਤੁਹਾਡੇ ਹਵਾਲੇ ਕਰ ਰਿਹਾ ਹਾਂ ਇਸ ਨੂੰ ਜਿਤਾ ਕੇ ਭੇਜੋ ਪਹਿਲੀ ਕਤਾਰ ਵਿੱਚ ਕੈਬਨਿਟ ਮੰਤਰੀ ਮੈਂ ਬਣਾਵਾਂਗਾ।

ਆਪਣੇ ਵਿਲੱਖਣ ਅੰਦਾਜ਼ ਤੇ ਆਪਣੀ ਵਿਲੱਖਣ ਸ਼ੈਲੀ ਵਿੱਚ ਹਾਜ਼ਰ ਲੋਕਾਂ ਨੂੰ ਠੋਕੋ ਤਾਲੀ ਕਹਿ ਕੇ ਕਿਹਾ ਕਿ ਅੱਜ ਇਸ ਬਾਬੇ ਦੀ ਨਗਰੀ ਤੇ ਮੈਂ ਪ੍ਰਣ ਕਰਦਾ ਹਾਂ ਕਿ ਪੰਜਾਬ ਮਾਡਲ ਦਾ ਰੂਪ ਬਾਬੇ ਨਾਨਕ ਦੇ ਫਲਸਫੇ ਤੇ ਆਧਾਰਤ ਹੋਵੇਗਾ ਨਾ ਕਿ ਲਾਲੀਪੌਪ ਤੇ ਮੁਫ਼ਤ ਸੁਵਿਧਾਵਾਂ ਦੇ ਕੇ। ਉਨ੍ਹਾਂ ਕਿਹਾ ਕਿ ਬਾਬੇ ਦੀ ਸੇਧ ਨਾਲ ਪੰਜਾਬ ਦੁਬਾਰਾ ਖੜ੍ਹਾ ਹੋਵੇਗਾ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਸਿਰਫ਼ 100 ਘਰਾਂ ਦਾ ਭਲਾ ਕਿਉਂ ਹੁੰਦਾ ਹੈ, ਪੰਜਾਬ ਵਿੱਚ ਰੇਤ ਮਾਫ਼ੀਆ ਕਿਉਂ ਪਨਪਦਾ, ਸ਼ਰਾਬ ਮਾਫੀਆ ਕਿਉਂ ਪਨਪਦਾ। ਅੱਜ ਪੰਜਾਬ ਦਾ 30 ਹਜ਼ਾਰ ਕਰੋਡ਼ ਦਾ ਖ਼ਜ਼ਾਨਾ ਚੋਰੀ ਹੋ ਕੇ ਦੂਸਰਿਆਂ ਦੀ ਜੇਬ ਵਿਚ ਜਾਂਦਾ ਜਿਸ ਕਾਰਨ ਪੰਜਾਬ ਤੇ 7 ਲੱਖ ਕਰੋੜ ਦਾ ਕਰਜ਼ਾ ਸਿਰ ਤੇ ਖੜ੍ਹਾ ਹੈ ਹਰੇਕ ਪੰਜਾਬੀ ਅੱਜ ਕਰਜ਼ੇ ਦੇ ਰੂਪ ਵਿੱਚ ਦੱਬਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ੁਰਲੀਆਂ ਦੇ ਛੱਡਣ ਨਾਲ ਕੁਝ ਨਹੀਂ ਆਉਣਾ।

ਉਨ੍ਹਾਂ ਕਿਹਾ ਕਿ ਜੋ ਖੇਤ ਮਜ਼ਦੂਰ ਜਾਂ ਕਿਸਾਨ 5 ਏਕੜ ਤੋਂ ਥੱਲੇ ਆਪਣੇ ਖੇਤ ਵਿੱਚ ਜਾਵੇਗਾ ਉਸ ਨੂੰ 400 ਰੁਪਏ ਮਿਲੇਗਾ ਇਸ ਗੱਲ ਦੀ ਮੈਂ ਗਾਰੰਟੀ ਦਿੰਦਾ ਹਾਂ। ਉਨ੍ਹਾਂ ਮਜ਼ਦੂਰਾਂ ਨੂੰ ਵੀ ਕਿਹਾ ਕਿ 350 ਰੁਪਏ ਤੋਂ ਦਿਹਾੜੀ ਘੱਟ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਸਿੱਧੂ ਪੰਜਾਬ ਦੇ ਲੋਕਾਂ ਤੋਂ ਪਿੱਛੇ ਨਹੀਂ ਹਟੇਗਾ

ਇਹ ਸਿੱਧੂ ਦੀ ਜ਼ਬਾਨ ਹੈ। ਨੌਜਵਾਨਾਂ ਨੂੰ ਨੌਕਰੀ ਤੇ ਇੱਜਤ ਦੋਵੇਂ ਮਿਲੇਗੀ। ਉਨ੍ਹਾਂ ਕੇਜਰੀਵਾਲ ਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਅੱਜ ਰੇਤ ਮਾਫੀਆ ਬਾਰੇ ਗੱਲ ਕਰ ਰਿਹਾ ਹੈ ਪਹਿਲਾਂ ਡਰੱਗ ਮਾਫੀਏ ਬਾਰੇ ਮਜੀਠੀਆ ਤੇ ਕਹਿੰਦਾ ਸੀ ਫਿਰ ਜਾ ਕੇ ਉਸ ਦੇ ਪੈਰਾਂ ਵਿੱਚ ਡਿੱਗ ਕੇ ਮੁਆਫ਼ੀ ਮੰਗਦਾ ਹੈ। ਅਜਿਹੇ ਝੂਠ ਤੇ ਪ੍ਰਪੰਚ ਰਚਾਉਣ ਵਾਲੇ ਆਗੂ ਤੇ ਪੰਜਾਬ ਵਾਸੀਓ ਭਰੋਸਾ ਨਾ ਕਰਨਾ।

ਦਿੱਲੀ ਮਾਡਲ ਦੀ ਪੰਜਾਬ ਵਿੱਚ ਗੱਲ ਕਰਦਾ ਹੈ ਪਹਿਲਾਂ ਆਪਣੇ ਦਿੱਲੀ ਵਿੱਚ ਤਾਂ ਅਜਿਹਾ ਕਰ ਲੈ। ਕੈਪਟਨ ਅਮਰਿੰਦਰ ਦੇ ਬਾਰੇ ਸਿੱਧੂ ਨੇ ਬੋਲਦਿਆਂ ਕਿਹਾ ਕਿ ਜੋ ਕੈਪਟਨ ਕਹਿੰਦਾ ਸੀ ਸਿੱਧੂ ਲਈ ਦਰਵਾਜ਼ੇ ਬੰਦ ਅੱਜ ਵਾਹਿਗੁਰੂ ਦੀ ਕਿਰਪਾ ਵੇਖੋ ਕੈਪਟਨ ਦੇ ਸਿੱਧੂ ਨੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਅੱਜ ਇਸ ਬਾਬੇ ਨਾਨਕ ਦੀ ਧਰਤੀ ਤੇ ਖੜ੍ਹਾ ਹਾਂ ਜਿਸ ਨੇ ਰਾਜੇ ਰਾਣੇ ਮਿਟਾ ਦਿੱਤੇ ਤੇ ਅਜਿਹੇ ਸੇਵਕ ਖਡ਼੍ਹੇ ਕਰ ਦਿੱਤੇ ਹਨ। ਕਿਸਾਨਾਂ ਦੇ ਸੰਬੰਧ ਵਿਚ ਵਿਸ਼ਵਾਸ ਦਿਵਾਉਂਦੇ ਹੋਏ ਸਿੱਧੂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਅੱਜ ਐੱਮਐੱਸਪੀ ਨਹੀਂ ਦਿੰਦੀ, ਕਾਨੂੰਨੀ ਰੂਪ ਨਹੀਂ ਦਿੰਦੇ ਤਾਂ ਪੰਜਾਬ ਸਰਕਾਰ ਕਿਸਾਨਾਂ ਨੂੰ ਦਾਲਾਂ ਅਤੇ ਤੇਲ ਤੇ ਐੱਮ ਐੱਸ ਪੀ ਦੀ ਗਰੰਟੀ ਦੇਵੇਗੀ ਜਿਸ ਦਾ ਮੈਂ ਵਚਨ ਦਿੰਦਾ ਹਾਂ।

ਇਸ ਤੋਂ ਪਹਿਲਾਂ ਵਿਸ਼ਵਾਸ ਰੈਲੀ ਵਿੱਚ ਪਹੁੰਚੇ ਪਾਰਟੀ ਵਰਕਰਾਂ ਦੇ ਇਕੱਠ ਨੂੰ ਵੇਖ ਕੇ ਗਦਗਦ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਅੱਜ ਦੀ ਇਹ ਰੈਲੀ ਉਨ੍ਹਾਂ ਆਗੂਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਜਿਨ੍ਹਾਂ ਨੇ ਇਸ ਰੈਲੀ ਨੂੰ ਅਸਫਲ ਬਣਾਉਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਕਿਹਾ ਕਿ ਅਜਿਹੇ ਬਾਹਰਲੇ ਆਗੂਆਂ ਨੂੰ ਭਜਾਉਣਾ ਹੈ ਜੋ ਆਪਾਂ ਰਲ ਕੇ ਕਰਾਂਗੇ। ਰੈਲੀ ਨੂੰ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਸੂਬੇ ਵਿਚ ਦੁਬਾਰਾ ਕਾਂਗਰਸ ਸਰਕਾਰ ਜ਼ਰੂਰ ਬਣੇਗੀ। ਸਟੇਜ ਤੇ ਮਾਰਕੀਟ ਕਮੇਟੀ ਚੇਅਰਮੈਨ ਪਰਵਿੰਦਰ ਪੱਪਾ, ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਚੇਅਰਮੈਨ ਤੇਜਵੰਤ ਸਿੰਘ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਵਿਧਾਇਕ ਬਾਵਾ ਹੈਨਰੀ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਰਾਜਨਬੀਰ ਸਿੰਘ ਸੀਨੀਅਰ ਕਾਂਗਰਸੀ ਆਗੂ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰਮੇਸ਼ ਡਡਵਿੰਡੀ, ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼, ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਹਰਜਿੰਦਰ ਸਿੰਘ ਜਿੰਦਾ, ਸੰਮਤੀ ਚੇਅਰਮੈਨ ਮੰਗਲ ਭੱਟੀ, ਸ਼ਹਿਰੀ ਪ੍ਰਧਾਨ ਸੰਜੀਵ ਮਰਵਾਹਾ, ਮੀਤ ਪ੍ਰਧਾਨ ਨਗਰ ਕੌਂਸਲ ਨਵਨੀਤ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਸਟੇਟ ਐਵਾਰਡੀ ਰੋਸ਼ਨ ਖੈਡ਼ਾ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਤੇਜਵੰਤ ਸਿੰਘ ਨੇ ਸਿਰੋਪਾ ਭੇਟ ਕਰਕੇ ਸਿੱਧੂ ਨੂੰ ਸਨਮਾਨਤ ਕੀਤਾ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ