ਬਾਬਾ ਸੋਢਲ ਮੇਲਾ – ਜਲੰਧਰ ਦੇ ਡੀ.ਸੀ., ਪੁਲਿਸ ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਵੱਲੋਂ ਪੁਖ਼ਤਾ ਪ੍ਰਬੰਧ ਕਰਨ ਦੇ ਹੁਕਮ

ਜਲੰਧਰ, 3 ਸਤੰਬਰ 2019 –

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ , ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਨਗਰ ਨਿਗਮ ਕਮਿਸ਼ਨਰ ਸ੍ਰੀ ਦੀਪਰਵਾ ਲਾਕੜਾ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ 12 ਸਤੰਬਰ ਨੂੰ ਆ ਰਹੇ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਅੱਜ ਇਥੇ ਮੰਦਿਰ ਕੰਪਲੈਕਸ ਵਿਖੇ ਵਿਖੇ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧੀਆਂ ਦੀ ਮੀਟਿੰਗ ਦੌਰਾਨ ਤਿੰਨਾਂ ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਨ੍ਹਾ ਕਿਹਾ ਕਿ ਸ੍ਰੀ ਸਿੱਧ ਬਾਬਾ ਸੋਢਲ ਵਿਖੇ ਲੱਗਣ ਵਾਲਾ ਮੇਲਾ ਦੁਆਬਾ ਖੇਤਰ ਦਾ ਵੱਡਾ ਮੇਲਾ ਹੈ ਜਿਸ ਦਿਨ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਵਲੋਂ ਮੰਦਿਰ ਵਿਖੇ ਮੱਥਾ ਟੇਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਐਸ.ਡੀ.ਐਮ.ਸ੍ਰੀ ਸੰਜੀਵ ਸ਼ਰਮਾ ਮੇਲੇ ਦੇ ਪ੍ਰਬੰਧਾਂ ਲਈ ਮੁੱਖ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਜਦਕਿ ਏ.ਡੀ.ਸੀ.ਪੀ. ਸ੍ਰੀ ਪੀ.ਐਸ.ਭੰਡਾਲ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ।

ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਰੋਡਵੇਜ ਦੇ ਜਨਰਲ ਮੇਨੈਜਰ ਸਰਧਾਂਲੂਆਂ ਦੀ ਸਹੂਲਤ ਲਈ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੋਂ ਮੰਦਿਰ ਜਾਣ ਲਈ ਮਿੰਨੀ ਬੱਸਾਂ ਤਾਇਨਾਤ ਕਰਨਗੇ ਜਦਕਿ ਲੋਕ ਨਿਰਮਾਣ ਵਿਭਾਗ ਵਲੋਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮੇਲੇ ਦੌਰਾਨ ਲੱਗਣ ਵਾਲੀਆਂ ਸਟੇਜਾਂ ਅਤੇ ਪੰਘੂੜਿਆਂ ਦਾ ਨਿਰੀਖਣ ਕੀਤਾ ਜਾਵੇਗਾ।

ਮੰਦਿਰ ਦੇ ਆਲੇ-ਦੁਆਲੇ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਹ ਹੁਕਮ ਦਿੱਤੇ ਗਏ ਹਨ ਕਿ ਉਹ ਸਫ਼ਾਈ ਸੇਵਕਾਂ ਦੀ ਨਿਯੁਕਤੀ ਪਹਿਲਾਂ ਹੀ ਕਰਨ ਤਾਂ ਜੋ ਮੰਦਿਰ ਦਾ ਆਲਾ-ਦੁਆਲਾ ਬਿਲਕੁਲ ਸਾਫ਼ ਸੁਥਰਾ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਨਗਰ ਨਿਗਮ ਨੂੰ ਆਰਜ਼ੀ ਪਖਾਨੇ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਗਿਆ।

ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸਿਹਤ ਵਿਭਾਗ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਡਾਕਟਰਾਂ ਦੀ ਇਕ ਟੀਮ ਸਮੇਤ ਐਂਬੂਲੈਂਸ ਤਾਇਨਾਤ ਕਰੇਗਾ ਜਦਕਿ ਪੀ.ਐਸ.ਪੀ.ਸੀ.ਐਲ.ਵਲੋਂ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਪੀ.ਬੀ.ਐਸ.ਪਰਮਾਰ ਅਤੇ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ.ਸੁਧਰਵਿਜ਼ੀ ਅਤੇ ਸਚਿਨ ਗੁਪਤਾ, ਉਪ ਮੰਡਲ ਮੈਜਿਸਟਰੇਟ ਸੰਜੀਵ ਸ਼ਰਮਾ, ਸਹਾਇਕ ਕਮਿਸ਼ਨਰ ਵਰਜੀਤ ਵਾਲੀਆ ਅਤੇ ਡਾ.ਸ਼ਾਇਰੀ ਮਲਹੋਤਰਾ , ਜ਼ਿਲ੍ਹਾ ਮੰਡੀ ਅਫ਼ਸਰ ਵਰਿੰਦਰ ਖੇੜਾ ਅਤੇ ਹੋਰ ਹਾਜ਼ਰ ਸਨ।

ਇਸ ਮੌਕੇ ਕੌਂਸਲਰ ਵਿਪਿਨ ਚੱਢਾ, ਸ੍ਰੀ ਸਿੱਧ ਬਾਬਾ ਸੋਢਲ ਟਰੱਸਟ ਦੇ ਸਕੱਤਰ ਸੁਰਿੰਦਰ ਚੱਢਾ, ਟਰੱਸਟੀ ਅਵਿਨਾਸ਼ ਚੱਢਾ, ਆਗਿਆ ਪਾਲ ਚੱਢਾ, ਪੰਕਜ ਚੱਢਾ, ਵਰਿੰਦਰ ਚੱਢਾ ਵੀ ਹਾਜ਼ਰ ਸਨ।

Share News / Article

YP Headlines

Loading...