ਬਾਬਾ ਬੇਦੀ ਤੇ ਰਵੀਇੰਦਰ ਸਿੰਘ ਦੀ ਅਗਵਾਈ ’ਚ ਡੇਰਾ ਬਾਬਾ ਨਾਨਕ ’ਚ ਵਿਸ਼ਾਲ ਇਕੱਠ, ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਾਉਣ ਦੀ ਮੰਗ

ਡੇਰਾ ਬਾਬਾ ਨਾਨਕ, 12 ਨਵੰਬਰ, 2019:

ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਣ ਦੀ ਖੁਸ਼ੀ ਨੂੰ ਸਮੁਚੇ ਸਿਖ ਜਗਤ ਨਾਲ ਸਾਂਝੀ ਕਰਦਿਆ ਬਾਬਾ ਸਰਬਜੋਤ ਸਿੰਘ ਬੇਦੀ ਨੇ ਸਿਖ ਪੰਥ ਨੂੰ ਨਵੀਂਆਂ ਜਿੰਮੇਵਾਰੀਆਂ ਸੰਭਾਲਣ ਦਾ ਸੱਦਾ ਦਿਤਾ ਹੈ।

ਗੁਰਮਤਿ ਪ੍ਰਚਾਰਕ ਸੰਤ ਸਭਾ ਦੀ ਅਗਵਾਈ ਅਧੀਨ ਹੋਏ ਇਕ ਵਡੇ ਇਕੱਠ ਵਿਚ ਬੋਲਦਿਆ ਬਾਬਾ ਜੀ ਨੇ ਕਿਹਾ ਹੈ ਕਿ ਦੁਨੀਆ ਭਰ ਵਿਚ ਵਸਦੇ ਸਮੂਹ ਨਾਨਕ ਨਾਮ ਲੇਵਾ ਸਿਖਾਂ ਨੇ ਜਿਵੇਂ ਪਿਆਰ ਅਤੇ ਪੂਰੇ ਉਤਸ਼ਾਹ ਨਾਲ ਰਲਮਿਲ ਕੇ ਗੁਰੂ ਨਾਨਕ ਸਾਹਿਬ ਦਾ 550 ਸਾਲਾਂ ਪ੍ਰਕਾਸ਼ ਪੁਰਬ ਮਨਾਇਆ ਹੈ, ਉਸ ਨੇ ਸਿਖ ਪੰਥ ਦੇ ਰੂਹਾਨੀ ਜਲੌਅ ਨੂੰ ਪ੍ਰਗਟ ਕੀਤਾ ਹੈ। ਬਾਬਾ ਜੀ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁਲ੍ਹਣ ਨਾਲ ਬਣੇ ਉਤਸ਼ਾਹ ਨੇ ਇਸ ਜਲੌਅ ਨੂੰ ਹੋਰ ਵੀ ਵਧਾਇਆ ਹੈ।

ਬਾਬਾ ਜੀ ਨੇ ਆਖਿਆ ਹੈ ਕਿ ਯਕੀਨਨ ਇਹ ਲਾਂਘਾ ਦੋਹਾਂ ਦੇਸਾਂ ਵਿਚਕਾਰ ਅਮਨ ਦਾ ਪੁਲ ਬਣੇਗਾ ਅਤੇ ਇਸ ਖੇਤਰ ਦੇ ਸਾਰੇ ਲੋਕਾਂ ਲਈ ਖੁਸ਼ਹਾਲੀ ਲਿਆਵੇਗਾ। ਸਮਾ ਆਵੇਗਾ ਜਦੋਂ ਗੁਰੂ ਪਾਤਸ਼ਾਹ ਦੇ ਵਰੋਸਾਏ ਦੋਵੇਂ ਪੰਜਾਬ ਸਦੀਵੀ ਸਾਂਝ ਦੇ ਸੂਤਰ ਵਿਚ ਬਝਣਗੇ।

ਸੰਗਤਾਂ ਨੂੰ ਸੰਬੋਧਨ ਕਰਦਿਆ ਬਾਬਾ ਜੀ ਨੇ ਆਖਿਆ ਕਿ ਗੁਰੂ ਪਾਤਸ਼ਾਹ ਨੇ ਹਨੇਰੇ ਵਿਚ ਭਟਕਦੀ ਮਨੁਖਤਾ ਨੂੰ ਆਤਮਿਕ ਸਚ ਦਾ ਮਾਰਗ ਵਿਖਾਇਆ ਸੀ ਤਾਂ ਕਿ ਸਮੁਚੀ ਮਨੁਖਤਾ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੇ ਮਾਰਗ ਉਤੇ ਚਲਦਿਆ ਹੋਇਆਂ ਇਸ ਧਰਤੀ ਉਤੇ ਰਲ-ਮਿਲ ਕੇ ਅਨੰਦਮਈ ਜਿੰਦਗੀ ਬਸਰ ਕਰ ਸਕੇ।

ਇਸੇ ਪਾਵਨ ਆਸ਼ੇ ਦੀ ਪੂਰਤੀ ਲਈ ਖਾਲਸਾ ਪੰਥ ਨੇ ਆਪਣੀ ਕਰਨੀ, ਬੀਰਤਾ ਅਤੇ ਕੁਰਬਾਨੀਆਂ ਨਾਲ ਧਰਤੀ ਦੇ ਇਸ ਖਿਤੇ ਉਤੇ ਸਦੀਆਂ ਦਾ ਇਤਿਹਾਸ ਬਦਲ ਦਿਤਾ। ਅੱਜ ਗੁਰੂ ਸਾਹਿਬ ਦੇ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੇ ਸੁਨੇਹੇ ਨੂੰ ਸੰਸਾਰ ਭਰ ਵਿਚ ਫੈਲਾਉਣਾ ਹਰੇਕ ਸਿਖ ਦਾ ਫਰਜ ਹੈ।

ਗੁਰੂ ਸਾਹਿਬ ਦੀ ਬਖਸ਼ੀ ਜੀਵਨ ਜੁਗਤ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਨੂੰ ਆਪਣੇ ਨਿਜੀ ਜੀਵਨ ਵਿਚ ਅਪਨਾਉਣ ਅਤੇ ਪ੍ਰਚਾਰਨ ਦੀ ਲੋੜ ਹੈ। ਬਾਬਾ ਜੀ ਦੀ ਅਗਵਾਈ ਵਿਚ ਹੋਰ ਵੀ ਸੰਤ ਮਹਾਂਪੁਰਖਾਂ ਨੇ ਸਮਾਗਮ ਵਿਚ ਹਾਜਰੀ ਭਰੀ।

ਅਖੰਡ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਰਵੀਇੰਦਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਸਮੂਹ ਸਿਖਾਂ ਨੂੰ ਵੰਗਾਰ ਪਾਈ ਕਿ ਹੁਣ ਉਹ ਆਪਣੇ ਛੋਟੇ-ਛੋਟੇ ਮਤਭੇਦਾਂ ਤੋਂ ਉਪਰ ਉਠਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜਿੰਮੇਵਾਰ ਅਖੌਤੀ ਅਕਾਲੀਆਂ ਤੋਂ ਪੰਥ ਦਾ ਖਹਿੜਾ ਛੁਡਾਉਣ।

ਉਹਨਾਂ ਨੇ ਕਿਹਾ ਕਿ ਜਿਹੜਾ ਸ੍ਰੋਮਣੀ ਅਕਾਲੀ ਦਲ ਸਿਖਾਂ ਨੇ ਬੇਸ਼ੁਮਾਰ ਕੁਰਬਾਨੀਆਂ ਕਰਕੇ ਅਤੇ ਲੰਬੀਆਂ ਜੇਲ੍ਹਾਂ ਭੁਗਤ ਕੇ ਹੋਂਦ ਵਿਚ ਲਿਆਂਦਾ ਸੀ, ਉਸਦੀ ਸਾਰੀ ਕਮਾਈ ਪੰਥ ਨੂੰ ਗਹਿਣੇ ਪਾ ਕੇ ਇਕ ਪਰਿਵਾਰ ਨੇ ਹੂੰਝ ਲਈ ਹੈ।

ਹੁਣ ਸਮਾ ਆ ਗਿਆ ਹੈ ਕਿ ਉਸ ਪਰਿਵਾਰ ਤੋਂ ਖਹਿੜਾ ਛੁਡਾ ਕੇ ਅਸਲੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਕੇ ਸੁਰਜੀਤ ਕੀਤਾ ਜਾਵੇ। ਸ੍ਰ. ਰਵੀਇੰਦਰ ਸਿੰਘ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਵੀ ਕਿਹਾ। ਉਹਨਾਂ ਨੇ ਸਾਰੇ ਟਕਸਾਲੀ ਆਗੂਆਂ ਨੂੰ ਇਕ ਮੰਚ ਉਤੇ ਇਕੱਠੇ ਹੋਣ ਲਈ ਵੀ ਅਪੀਲ ਕੀਤੀ।

ਇਸ ਮੌਕੇ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾ, ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ, ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰ ਹਰਸੁਖਇੰਦਰ ਸਿੰਘ ਬੱਬੀ ਬਾਦਲ, ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ, ਕੁਲਤਾਰ ਸਿੰਘ ਸੰਧਵਾ ਕਿਸ਼ਨ ਸਿੰਘ ਰੋੜੀ ਦੋਵੇ ਵਿਧਾਇਕ, ਸ੍ਰ ਤੇਜਿੰਦਰ ਸਿੰਘ ਪੰਨੂ ਅਨਭੋਲ ਸਿੰਘ ਦੀਵਾਨਾ ਮਨਜੀਤ ਸਿੰਘ ਭੋਮਾ ਸਰਬਜੀਤ ਸਿੰਘ ਜੰਮੂ , ਭਾਈ ਮੋਹਕਮ ਸਿੰਘ ਭਾਈ ਵੱਸਣ ਸਿੰਘ ਜਫਰਵਾਲ ਭਾਈ ਸਤਨਾਮ ਸਿੰਘ ਮਨਾਵਾ, ਬਾਬਾ ਬਲਜੀਤ ਸਿੰਘ ਦਾਦੂਵਾਲ, ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਗੜੀ, ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਬਾਬਾ ਰਾਮ ਸਿੰਘ ਦਮਦਮੀ ਟਕਸਾਲ ਸੰਗਰਾਵਾ, ਬਲਵੰਤ ਸਿੰਘ ਗੋਪਾਲਾ ਸਮੇਤ ਕਈ ਹੋਰ ਸ਼ਖਸੀਅਤਾ ਹਾਜਰ ਸਨ ਇਸ ਮੌਕੇ ਇਹਨਾ ਸਭ ਨੂੰ ਬਾਬਾ ਸਰਬਜੌਤ ਸਿੰਘ ਬੇਦੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਐਮ ਐਲ ਏ ਬਰਿੰਦਰ ਸਿੰਘ ਪਾਹੜਾ ਨੇ ਸਨਮਾਨਿਤ ਕੀਤਾ ।

ਇਸ ਮੌਕੇ ਨਿਹੰਗ ਸਿੰਘ ਜਥੇੰਬੰਦੀਆ ਤੇ ਪ੍ਰਸਿੱਧ ਕੀਰਤਨੀਏ ਭਾਈ ਅਨੂਪ ਸਿੰਘ ਉਨਾ ਸਾਹਿਬ ਵਾਲਿਆ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

Share News / Article

Yes Punjab - TOP STORIES