ਬਾਦਲ-ਕੈਪਟਨ ਦੀ ਦੋਸਤੀ ‘ਤੇ ਕੈਪਟਨ ਦੀ ਕਲੀਨ-ਚਿੱਟ ਨੇ ਲਗਾਈ ਪੱਕੀ ਮੋਹਰ: ਭਗਵੰਤ ਮਾਨ

ਚੰਡੀਗੜ੍ਹ, 24 ਸਤੰਬਰ 2019 –
ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਮਾਮਲਿਆਂ ‘ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਪਸ਼ਟ ਸ਼ਬਦਾਂ ‘ਚ ਕਲੀਨ ਚਿੱਟ ਦਿੱਤੇ ਜਾਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (ਸਿਟ) ਦੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਬਾਦਲ ਨੂੰ ਕਲੀਨ ਚਿੱਟ ਦਿੱਤੇ ਜਾਣ ਨਾਲ ਦੋਵੇਂ ਟੱਬਰਾਂ ਦਾ ‘ਯਰਾਨਾ’ ਇੱਕ ਵਾਰ ਫਿਰ ਜੱਗ ਜ਼ਾਹਿਰ ਹੋ ਗਿਆ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ, ”ਆਪਸੀ ਸਾਂਝ-ਭਿਆਲੀ ਦੀ ਬਿੱਲੀ ਪੂਰੀ ਤਰ੍ਹਾਂ ਥੈਲਿਓਂ ਬਾਹਰ ਆ ਗਈ ਹੈ। ਅਸੀਂ (ਆਪ) ਤਾਂ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਹੈ ਕਿ ਦੋਵੇਂ (ਬਾਦਲ-ਕੈਪਟਨ) ਆਪਸ ‘ਚ ਰਲੇ ਹੋਏ ਹਨ, ਪੂਰੀ ਤਰ੍ਹਾਂ ਇਕੱਮਿਕ ਹਨ। ਜੇਕਰ ਕਿਸੇ ਦੇ ਮਨ ‘ਚ ਥੋੜ੍ਹਾ ਬਹੁਤਾ ਸ਼ੱਕ-ਸੰਦੇਹ ਸੀ, ਕੈਪਟਨ ਦੀ ਇਸ ਕਲੀਨ ਚਿੱਟ ਨੇ ਸਾਰੇ ਸ਼ੱਕ-ਸੰਦੇਹ ਦੂਰ ਕਰ ਦਿੱਤੇ। ਸੜਕ ਤੋਂ ਲੈ ਕੇ ਵਿਧਾਨ ਸਭਾ ਅਤੇ ਸੰਸਦ ਤੱਕ ਆਮ ਆਦਮੀ ਪਾਰਟੀ ਬਾਦਲ-ਕੈਪਟਨ ਦੋਸਤੀ ਬਾਰੇ ਜੋ ਖ਼ੁਲਾਸੇ ਕਰਦੀ ਰਹੀ ਹੈ, ਕੈਪਟਨ ਨੇ ਉਸ ‘ਤੇ ਖ਼ੁਦ ਹੀ ਮੋਹਰ ਲਗਾ ਦਿੱਤੀ ਹੈ।”

ਭਗਵੰਤ ਮਾਨ ਨੇ ਸਵਾਲ ਉਠਾਇਆ ਕਿ ਮੁੱਖ ਮੰਤਰੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਕਿਸੇ ਨੂੰ ਵੀ ਕਲੀਨ ਚਿੱਟ ਕਿਵੇਂ ਦੇ ਸਕਦੇ ਹਨ?

ਮਾਨ ਮੁਤਾਬਿਕ, ”ਅਸਲ ‘ਚ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਟ ਤੋਂ ਜੋ ਨਤੀਜਾ ਲੈਣਾ ਚਾਹੁੰਦੇ ਹਨ, ਉਹ ਪਹਿਲਾਂ ਹੀ ਜ਼ੁਬਾਨ ‘ਤੇ ਆ ਗਿਆ ਕਿ ਬਾਦਲਾਂ ਦਾ ਬੇਅਦਬੀ ਮਾਮਲਿਆਂ ‘ਚ ਕੋਈ ਹੱਥ ਨਹੀਂ।”

ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਕੈਪਟਨ ਦਾ ਬਾਦਲ ਨੂੰ ਕਲੀਨ ਚਿੱਟ ਦੇਣ ਵਾਲਾ ਬਿਆਨ ਸਿਟ ਦੀ ਜਾਂਚ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰਦਾ ਹੈ। ਸਿਟ ਲਈ ਸਾਫ਼-ਸਾਫ਼ ਸੰਦੇਸ਼ ਹੈ ਕਿ ਬਾਦਲਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਵੇ।

ਭਗਵੰਤ ਮਾਨ ਨੇ ਇਹ ਵੀ ਪੁੱਛਿਆ ਕਿ ਜਾਂਚ ਸਮਾਂਬੱਧ ਕਿਉਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਮਾਮਲੇ ਨੂੰ ਵੱਧ ਤੋਂ ਵੱਧ ਲਟਕਾ ਕੇ ਕੈਪਟਨ ਨਾ ਕੇਵਲ ਬਾਦਲਾਂ ਨੂੰ ਬੇਅਦਬੀ ਕਾਂਡ ‘ਚੋਂ ਬਚਾ ਰਹੇ ਹਨ, ਸਗੋਂ ਬਾਦਲਾਂ ਦੀ ਸਿਆਸੀ ਤੌਰ ‘ਤੇ ਡਿਗ ਚੁੱਕੀ ਸਾਖ ਨੂੰ ਮੁੜ ਉਭਾਰਨਾ ਚਾਹੁੰਦੇ ਹਨ, ਜ਼ਿਮਨੀ ਚੋਣਾਂ ਤੋਂ ਠੀਕ ਪਹਿਲਾਂ ਅਜਿਹੇ ਬਿਆਨ ਦਾ ਇੱਕ ਮਕਸਦ ਇਹ ਵੀ ਹੈ।

ਮਾਨ ਨੇ ਕਿਹਾ ਕਿ ਅਜਿਹਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਨਸਾਫ਼ ਲਈ ਤੜਫ ਰਹੀ ਸਮੁੱਚੀ ਸੰਗਤ ਦੇ ਹਿਰਦੇ ਇੱਕ ਵਾਰ ਹੋਰ ਵਲੂੰਧਰ ਦਿੱਤੇ ਹਨ।

ਭਗਵੰਤ ਮਾਨ ਨੇ ਕੈਪਟਨ ਵੱਲੋਂ ਪੰਜਾਬ ਨੂੰ ਇੱਕ ਨੰਬਰ ਸੂਬਾ ਬਣਾਉਣ ਤੱਕ ਸਿਆਸਤ ਨਾ ਛੱਡਣ ਦੇ ਦਾਅਵੇ ਦੀ ਖਿੱਲੀ ਉਡਾਉਂਦਿਆਂ ਕਿਹਾ, ”ਕੈਪਟਨ ਸਾਹਿਬ ਜਦੋਂ ਤੱਕ ਪੰਜਾਬ ਦੀ ਸੱਤਾ ‘ਤੇ ਤੁਸੀਂ ਕਾਬਜ਼ ਰਹੋਗੇ ਉਦੋਂ ਤੱਕ ਪੰਜਾਬ ਖ਼ੁਸ਼ਹਾਲੀ ਦੇ ਮਾਮਲੇ ‘ਚ ਕਦੇ ਵੀ ਨੰਬਰ ਇੱਕ ਸੂਬਾ ਨਹੀਂ ਬਣ ਸਕਦਾ।”

ਭਗਵੰਤ ਮਾਨ ਅਨੁਸਾਰ ਪੰਜਾਬ ਦਾ ਭਵਿੱਖ ਕੈਪਟਨ ਤੇ ਬਾਦਲ ਪਰਿਵਾਰਾਂ ਤੋਂ ਮੁਕਤ ਸੱਤਾ ‘ਚ ਹੈ। ਆਮ ਆਦਮੀ ਪਾਰਟੀ ਇਸ ਦਾ ਇਕਲੌਤਾ ਬਦਲ ਹੈ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES