ਬਾਦਲਾਂ ਨੂੰ ਬਚਾਉਣ ਲਈ ਹਰ ਵਾਹ ਲਾ ਰਹੇ ਕੈਪਟਨ, ਖ਼ਹਿਰਾ ਨੇ ਡੀ.ਜੀ.ਪੀ. ਦੀ ਸੀ.ਬੀ.ਆਈ. ਨੂੰ ਚਿੱਠੀ ’ਤੇ ਖੜ੍ਹੇ ਕੀਤੇ ਸਵਾਲ

ਚੰਡੀਗੜ, 29 ਅਗਸਤ, 2019:

ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੀ.ਬੀ.ਆਈ ਕੋਲੋਂ ਬੇਅਦਬੀ ਮਾਮਲਿਆਂ ਦੀ ਜਾਂਚ ਵਾਪਿਸ ਲਏ ਜਾਣ ਦੇ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਇਨਵੈਸਟੀਗੇਸ਼ਨ ਦੇ ਇੱਕ ਦੂਸਰੇ ਤੋਂ ਉਲਟ ਸਟੈਡਾਂ ਵਾਸਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਨੈਤਿਕਤਾ ਉੱਪਰ ਸਵਾਲ ਖੜੇ ਕੀਤੇ।

ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਸੀ.ਬੀ.ਆਈ ਵੱਲੋਂ ਮੋਹਾਲੀ ਦੇ ਸੀ.ਬੀ.ਆਈ ਕੋਰਟ ਵਿੱਚ ਕਲੋਜਰ ਰਿਪੋਰਟ ਫਾਈਲ ਕੀਤੇ ਜਾਣ ਉਪਰੰਤ ਪੰਜਾਬ ਪੁਲਿਸ ਦੇ ਡੀ.ਜੀ.ਪੀ ਇਨਵੈਸਟੀਗੇਸ਼ਨ ਪ੍ਰਬੋਧ ਕੁਮਾਰ ਨੇ ਸੀ.ਬੀ.ਆਈ ਡਾਇਰੈਕਟਰ ਨੂੰ ਜਾਂਚ ਜਾਰੀ ਰੱਖਣ ਲਈ ਵਿਵਾਦਿਤ ਪੱਤਰ ਲਿਖਿਆ।

ਪ੍ਰਬੋਧ ਕੁਮਾਰ ਸਿੱਧੇ ਤੋਰ ਉੱਪਰ ਕੈਪਟਨ ਅਮਰਿੰਦਰ ਸਿੰਘ ਹੇਠਾਂ ਕੰਮ ਕਰ ਰਿਹਾ ਹੈ ਜਿਹਨਾਂ ਕੋਲ ਕਿ ਗ੍ਰਹਿ ਵਿਭਾਗ ਵੀ ਹੈ। ਉਹਨਾਂ ਆਖਿਆ ਕਿ ਮੁੱਖ ਮੰਤਰੀ ਦੀ ਸਹਿਮਤੀ ਤੋਂ ਬਿਨਾ ਇੱਕ ਡੀ.ਜੀ.ਪੀ ਅਜਿਹਾ ਪੱਤਰ ਲਿਖਣ ਦੀ ਜੁਰੱਅਤ ਨਹੀਂ ਕਰ ਸਕਦਾ ਜੋ ਕਿ ਸੂਬਾ ਸਰਕਾਰ ਦੇ ਹਿੱਤਾਂ ਦੇ ਖਿਲਾਫ ਹੋਵੇ।

ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਨਤਾ ਵਿੱਚ ਇਹ ਸਟੈਂਡ ਲੈ ਰਹੇ ਹਨ ਕਿ ਸੀ.ਬੀ.ਆਈ ਨੂੰ ਕੇਸ ਫਾਈਲਾਂ ਵਾਪਿਸ ਕਰ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਕੇਂਦਰੀ ਏਜੰਸੀ ਕੋਲੋਂ ਜਾਂਚ ਵਾਪਿਸ ਲੈਣ ਦੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਮਤੇ ਤੋੱਂ ਬਾਅਦ ਸੀ.ਬੀ.ਆਈ ਕੋਲ ਜਾਂਚ ਕਰਨ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ।

ਪਰੰਤੂ ਹਕੀਕਤ ਵਿੱਚ ਉਹ ਸੀ.ਬੀ.ਆਈ ਨੂੰ ਜਾਂਚ ਜਾਰੀ ਰੱਖਣ ਦਾ ਆਖ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਪੰਜਾਬ ਵਿੱਚ ਚੱਲ ਕੀ ਰਿਹਾ ਹੈ।

ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਉਸ ਦੇ ਸ਼ਬਦਾਂ ਨਾਲੋਂ ਜਿਆਦਾ ਬੋਲਦੇ ਹਨ ਅਤੇ ਕੋਈ ਵੀ ਅਸਾਨੀ ਨਾਲ ਅੰਦਾਜਾ ਲਗਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਦੇ ਪਾਪਾਂ ਨੂੰ ਧੋਣ ਵਾਸਤੇ ਪੂਰੀ ਵਾਹ ਲਗਾ ਰਹੇ ਹਨ। ਉਹਨਾਂ ਕਿਹਾ ਕਿ ਨਾਭਾ ਦੀ ਹਾਈ ਸਿਕਉਰਟੀ ਜੇਲ ਵਿੱਚ ਹੋਇਆ ਡੇਰਾ ਪ੍ਰੇਮੀ ਮਹਿੰਦਰਪਾਲ ਦਾ ਕਤਲ ਵੀ ਇਸੇ ਦਾ ਹਿੱਸਾ ਹੈ। ਮਹਿੰਦਰਪਾਲ ਇੱਕ ਅਹਿਮ ਗਵਾਹ ਸੀ ਅਤੇ ਅਸਲ ਦੋਸ਼ੀਆਂ ਤੱਕ ਪਹੁੰਚਣ ਦਾ ਇੱਕ ਮਾਤਰ ਲਿੰਕ ਸੀ।

ਖਹਿਰਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸ਼ਾਸਨ ਦੋਰਾਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਸੈਂਕੜਿਆਂ ਮਾਮਲਿਆਂ ਕਾਰਨ ਜਨਤਾ ਵਿੱਚ ਰੋਸ ਅਤੇ ਗੁੱਸੇ ਦੀ ਭਾਵਨਾ ਪ੍ਰਬਲ ਸੀ ਅਤੇ ਸੁਖਬੀਰ ਸਿੰਘ ਬਾਦਲ ਉਸ ਵੇਲੇ ਗ੍ਰਹਿ ਮੰਤਰੀ ਸਨ। ਉਹਨਾਂ ਕਿਹਾ ਕਿ ਮਾਮiਲ਼ਆਂ ਦੀ ਜਾਂਚ ਕਰਨ ਲਈ ਗਠਿਤ ਕੀਤੇ ਗਏ ਅਨੇਕਾਂ ਜੁਡੀਸ਼ੀਅਲ ਕਮੀਸ਼ਨਾਂ ਅਤੇ ਐਸ.ਆਈ.ਟੀ ਨੇ ਡੇਰਾ ਸੱਚਾ ਸੋਦਾ ਪ੍ਰੇਮੀਆਂ ਨੂੰ ਦੋਸ਼ੀ ਪਾਇਆ ਸੀ ਅਤੇ ਗੰਭੀਰ ਅਪਰਾਧ ਵਿੱਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਹੋਣ ਵੱਲ ਵੀ ਇਸ਼ਾਰਾ ਕੀਤਾ ਸੀ।

ਬੇਅਦਬੀ ਮੁੱਦੇ ਦਾ ਹੱਲ ਕੀਤੇ ਜਾਣ ਅਤੇ ਸੀ.ਬੀ.ਆਈ ਕੋਲੋਂ ਜਾਂਚ ਵਾਪਿਸ ਲਏ ਜਾਣ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਉਹਨਾਂ ਦੇ ਮੰਤਰੀ ਸਾਥੀਆਂ ਵਿਚਲੇ ਮਤਭੇਦ ਬਾਰੇ ਵੀ ਖਹਿਰਾ ਨੇ ਦੱਸਿਆ। ਉਹਨਾਂ ਨੇ ਅੱਜ ਅਖਬਾਰਾਂ ਵਿੱਚ ਛਪੇ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨ ਦਾ ਹਵਾਲਾ ਦਿੱਤਾ ਜਿਹਨਾਂ ਨੇ ਕਿ ਪ੍ਰਬੋਧ ਕੁਮਾਰ ਵੱਲੋਂ ਸੀ.ਬੀ.ਆਈ ਨੂੰ ਚਿੱਠੀ ਲਿਖੇ ਜਾਣ ਉੱਪਰ ਡੂੰਘਾ ਰੋਸ ਜਤਾਇਆ ਹੈ। ਉਹਨਾਂ ਕਿਹਾ ਕਿ ਰੰਧਾਵਾ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਹੈ ਅਤੇ ਡੀ.ਜੀ.ਪੀ ਦੇ ਸਟੈਂਡ ਨੂੰ ਪੰਜਾਬ ਸਰਕਾਰ ਦੇ ਉਲਟ ਆਖਿਆ ਹੈ।

ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਪ੍ਰਬੋਧ ਕੁਮਾਰ ਨੇ ਇਹ ਪੱਤਰ ਉਹਨਾਂ ਦੀ ਸਹਿਮਤੀ ਨਾਲ ਲਿਖਿਆ ਹੈ ਜੇਕਰ ਨਹੀਂ ਤਾਂ ਉਹ ਡੀ.ਜੀ.ਪੀ ਖਿਲਾਫ ਕੀ ਕਾਰਵਾਈ ਕਰਨਗੇ, ਜੇਕਰ ਹਾਂ ਤਾਂ ਕਿਹਨਾਂ ਹਾਲਤਾਂ ਵਿੱਚ ਸੀ.ਬੀ.ਆਈ ਨੁੰ ਜਾਂਚ ਜਾਰੀ ਰੱਖਣ ਬਾਰੇ ਆਖਿਆ ਗਿਆ ਜਦਕਿ ਅਦਾਲਤ ਵਿੱਚ ਸਰਕਾਰ ਨੇ ਕਲੋਜਰ ਰਿਪੋਰਟ ਨੂੰ ਚੁਣੋਤੀ ਦਿੱਤੀ ਹੈ। ਜੇਕਰ ਸੀ.ਬੀ.ਆਈ ਨੇ ਮਾਮਲਿਆਂ ਨੂੰ ਮੁੜ ਖੋਲਣ ਦਾ ਯੂ ਟਰਨ ਲਿਆ ਹੈ ਤਾਂ ਇਹ ਸਿਆਸੀ ਸਾਜਿਸ਼ ਦਾ ਨਤੀਜਾ ਹੈ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਪੂਰੀ ਤਰਾਂ ਨਾਲ ਸ਼ਾਮਿਲ ਹਨ।

Share News / Article

Yes Punjab - TOP STORIES