ਬਾਦਲਾਂ ਨੂੰ ਕਲੀਨ ਚਿੱਟ ਨਹੀਂ ਦਿੱਤੀ, ਡੇਰੇ ਨਾਲ ਘਿਓ ਖ਼ਿਚੜੀ ਸਨ ਬਾਦਲ: ਕੈਪਟਨ

ਚੰਡੀਗੜ੍ਹ, 24 ਸਤੰਬਰ, 2019 –

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਬਾਦਲਾਂ ਨੂੰ ਬੇਅਦਬੀ ਮਾਮਲੇ ਵਿੱਚ ਉਨ੍ਹਾਂ ਦੀ ਕਥਿਤ ਸ਼ਮੂਲੀਅਤ ਸਬੰਧੀ ਕਲੀਨ ਚਿੱਟ ਨਹੀਂ ਦਿੱਤੀ ਜੋ ਕਿ ਬਰਗਾੜੀ ਦੀ ਘਟਨਾ ਤੋਂ ਪਹਿਲਾਂ ਬਾਦਲਾਂ ਦੇ ਡੇਰਾ ਸੱਚਾ ਸੌਦਾ ਨਾਲ ਘਿਓ-ਖਿਚੜੀ ਹੋਣ ਅਤੇ ਉਨ੍ਹਾਂ ਦੀਆਂ ਹਾਲ ਹੀ ਵਿੱਚ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਲਈ ਦਬਾਅ ਪਾ ਕੇ ਜਾਂਚ ਵਿੱਚ ਅੜਿੱਕੇ ਡਾਹੁਣ ਦੀਆਂ ਕੋਝੀਆਂ ਚਾਲਾਂ ਤੋਂ ਸਾਬਤ ਹੁੰਦਾ ਹੈ।

ਮੁੱਖ ਮੰਤਰੀ ਨੇ ਇਹ ਪ੍ਰਤੀਕਰਮ ਇਕ ਅਖਬਾਰ ਨੂੰ ਦਿੱਤੀ ਆਪਣੀ ਇੰਟਰਵਿਊ ਦੀ ਮੁੱਖ ਸੁਰਖੀ ਨੂੰ ਗੁੰਮਰਾਹਕੁਨ ਢੰਗ ਨਾਲ ਘੜਨ ਦੇ ਸਬੰਧ ਵਿੱਚ ਦਿੱਤਾ।

ਉਨ੍ਹਾਂ ਨੇ ਸਪੱਸ਼ਟ ਕੀਤਾ,‘‘ਕਿਸੇ ਵੀ ਨੁਕਤੇ ’ਤੇ ਮੈਂ ਇਹ ਗੱਲ ਨਹੀਂ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਉਸ ਦਾ ਪੁੱਤਰ ਸੁਖਬੀਰ ਬੇਅਦਬੀ ਵਿੱਚ ਸ਼ਾਮਲ ਨਹੀਂ ਹਨ। ਮੇਰੇ ਵੱਲੋਂ ਕਹੀਆਂ ਗੱਲਾਂ ਅਖਬਾਰ ਦੀ ਇੰਟਰਵਿਊ ਵਿੱਚ ਆਪਣੇ ਆਪ ਪ੍ਰਤੱਖ ਹੁੰਦੀਆਂ ਹਨ ਕਿ ਬਾਦਲ ਨੇ ਖੁਦ ਉਥੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਨਹੀਂ ਕੀਤੀ ਸੀ ਪਰ ਇਸ ਮਾਮਲੇ ਵਿੱਚ ਉਸ ਦੀ ਸ਼ਮੂਲੀਅਤ ਨੂੰ ਰੱਦ ਨਹੀਂ ਕੀਤਾ ਸੀ।’’

ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਬਾਦਲ ਪਵਿੱਤਰ ਗ੍ਰੰਥ ਦੀ ਬੇਅਦਬੀ ਦਾ ਘਿਨਾਉਣਾ ਜੁਰਮ ਕਰਨ ਵਾਲੇ ਵਿਅਕਤੀ ਜਿੰਨੇ ਹੀ ਜ਼ਿੰਮੇਵਾਰ ਹਨ ਜਿਸ ਨਾਲ ਸੂਬੇ ਅਤੇ ਲੋਕਾਂ ਲਈ ਇਕ ਤੋਂ ਬਾਅਦ ਇਕ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਬਾਦਲ ਨਾ ਸਿਰਫ ਆਪਣੇ ਰਾਜ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮ ਰਹੇ ਸਗੋਂ ਉਨ੍ਹਾਂ ਨੇ ਦੋਸ਼ੀਆਂ ਨੂੰ ਸਾਫ ਬਰੀ ਹੋ ਕੇ ਨਿਕਲਣ ਦੀ ਇਜਾਜ਼ਤ ਦਿੱਤੀ।

ਉਨ੍ਹਾਂ ਦੇ ਬਿਆਨ ਜੋ ਕਿ ਰਿਕਾਰਡ ਦਾ ਹਿੱਸਾ ਹਨ, ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ’ਤੇ ਚਿੰਤਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਜੋ ਉਸ ਵੇਲੇ ਸੱਤਾ ਵਿੱਚ ਸੀ, ਇਨ੍ਹਾਂ ਘਟਨਾਵਾਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ ਜਿਸ ਤੋਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਅਤੇ ਇਸ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਵੀ ਵਾਪਰੀ। ਉਹ ਇਸ ਸਬੰਧ ਵਿੱਚ ਆਪਣੇ ਦੋਸ਼ਾਂ ਤੋਂ ਲਾਂਭੇ ਨਹੀਂ ਹੋ ਸਕਦੇ ਕਿਉਂ ਜੋ ਇਹ ਅਪਰਾਧ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਦੇ ਗੁਨਾਹ ਜਿੰਨਾ ਹੀ ਘਿਨਾਉਣਾ ਹੈ।

Îਮੁੱਖ ਮੰਤਰੀ ਨੇ ਕਿਹਾ,‘‘ਮੁੱਖ ਮੰਤਰੀ ਹੁੰਦਿਆਂ ਜੇਕਰ ਅੱਜ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਵਿਗੜਦੀ ਹੈ ਤਾਂ ਕੀ ਇਸ ਲਈ ਮੈਂ ਜ਼ਿੰਮੇਵਾਰ ਨਹੀਂ? ਜੇਕਰ ਜੁਰਮ ਇਕਦਮ ਵਧ ਜਾਣ ਤਾਂ ਕੀ ਲੋਕ ਅਤੇ ਮੀਡੀਆ ਮੈਨੂੰ ਦੋਸ਼ ਨਹੀਂ ਦੇਣਗੇ?’’

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣਾਂ ਵਿੱਚ ਸਮਰਥਨ ਜੁਟਾਉਣ ਲਈ ਬਾਦਲ ਦਾ ਡੇਰੇ ਨਾਲ ਖੜ੍ਹਨ ਦਾ ਫੈਸਲਾ ਇਕ ਸਿਆਸੀ ਕਦਮ ਸੀ ਪਰ ਇਸ ਨਾਲ ਅਪਰਾਧਿਕ ਕਾਰਵਾਈਆਂ ਨੇ ਸਿਰ ਚੁੱਕਿਆ ਜਦਕਿ ਉਹ ਸਿੱਧੇ ਤੌਰ ’ਤੇ ਬੇਸ਼ਕ ਜ਼ਿੰਮੇਵਾਰ ਨਾ ਹੋਣ ਪਰ ਉਨ੍ਹਾਂ ਦੀ ਜੁਆਬਦੇਹੀ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।

ਮੁੱਖ ਮੰਤਰੀ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਅਪਰਾਧਿਕ ਕਾਰਵਾਈਆਂ ਤਾਂ ਇਕ ਪੱਖ ਹੈ ਜਿਸ ਲਈ ਸ਼ਾਇਦ ਬਾਦਲ ਦੋਸ਼ੀ ਨਾ ਹੋਣ ਪਰ ਬਾਕੀ ਜੋ ਕੁਝ ਵਾਪਰਿਆ, ਉਸ ਬਾਰੇ ਕੌਣ ਜ਼ਿੰਮੇਵਾਰ ਹੈ? ਡੇਰੇ ਨਾਲ ਸਬੰਧਾਂ ਬਾਰੇ ਕੀ ਕਿਹਾ ਜਾਵੇ ਜਿਸ ਨਾਲ ਬੇਅਦਬੀ ਲਈ ਹਾਲਾਤ ਪੈਦਾ ਹੋਏ ਅਤੇ ਇਸ ਤੋਂ ਬਾਅਦ ਗੋਲੀਬਾਰੀ ਹੋਈ ਜਿਸ ਵਿੱਚ ਕੁਝ ਲੋਕ ਮਾਰੇ ਗਏ ਜਦਕਿ ਕੁਝ ਨਾਕਾਰਾ ਅਤੇ ਜ਼ਖਮੀ ਹੋ ਗਏ ਸਨ।’’ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਇੰਟਰਵਿਊ ਵਿੱਚ ਵੀ ਇਨ੍ਹਾਂ ਤੱਥਾਂ ਨਾਲ ਸਭ ਕੁਝ ਸਪੱਸ਼ਟ ਕੀਤਾ ਸੀ ਪਰ ਬਦਕਿਸਮਤੀ ਨਾਲ ਮੀਡੀਆ ਹਾਊਸ ਨੇ ਆਪਣੀ ਇੰਟਰਵਿਊ ਨੂੰ ਸਨਸਨੀਖੇਜ਼ ਬਣਾਉਣ ਲਈ ਗਲਤ ਸੁਰਖੀ ਕੱਢੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਕੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਮੁੱਖ ਮੰਤਰੀ ਵਜੋਂ ਅਤੇ ਸੁਖਬੀਰ ਨੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੁੰਦਿਆਂ ਪੁਲੀਸ ਨੂੰ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੱਤਾ ਸੀ ਅਤੇ ਇਨ੍ਹਾਂ ਦੋਵਾਂ ਦੇ ਦਾਅਵੇ ਮੁਤਾਬਕ ਉਨ੍ਹਾਂ ਨੂੰ ਕੀ ਵਾਪਰਿਆ ਸੀ, ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਤਾਂ ਫੇਰ ਉਹ ਕਿਹੋ ਜਿਹੇ ਲੀਡਰ ਹਨ? ਇਹ ਸਰਕਾਰ ਕਿਸ ਤਰ੍ਹਾਂ ਦੀ ਚਲਾਉਂਦੇ ਰਹੇ ਹਨ?

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਨੂੰਨ ਕਿਸੇ ਵੀ ਅਪਰਾਧ ਲਈ ਅਪਰਾਧੀ ਨਾਲੋਂ ਸਾਜ਼ਿਸ਼ਕਾਰ ਨੂੰ ਵੱਧ ਜ਼ਿੰਮੇਵਾਰ ਠਹਿਰਾਉਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਬੇਅਦਬੀ ਦੀ ਅਸਲ ਘਟਨਾ ਦਾ ਦੋਸ਼ੀ ਨਹੀਂ ਤਾਂ ਵੀ ਉਹ ਤੇ ਉਸ ਦਾ ਪੁੱਤਰ ਕੋਈ ਘੱਟ ਅਪਰਾਧੀ ਨਹੀਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਅਪਰਾਧ ਦੀ ਸੀਮਾ ਦਾ ਪਤਾ ਵਿਸ਼ੇਸ਼ ਜਾਂਚ ਟੀਮ ਵੱਲੋਂ ਲਾਇਆ ਜਾਵੇਗਾ ਜਿਸ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੰਦਰਭ ਵਿੱਚ ਹੀ ਉਨ੍ਹਾਂ ਨੇ ਕਿਹਾ ਸੀ ਕਿ ਐਸ.ਆਈ.ਟੀ. ਦੀ ਸਮਾਂ-ਸੀਮਾ ਨਹੀਂ ਮਿੱਥੀ ਗਈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੀ.ਬੀ.ਆਈ ਨੇ ਆਪਣੀ ਜਾਂਚ ਕਿਸੇ ਤਣ-ਪੱਤਣ ਲਾਉਣ ਦੀ ਬਜਾਏ ਕਲੋਜ਼ਰ ਰਿਪੋਰਟ ਦਾਇਰ ਕਰਨ ਦਾ ਰਾਹ ਚੁਣਿਆ ਜਦਕਿ ਇਸ ਦੇ ਉਲਟ ਐਸ.ਆਈ.ਟੀ. ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਤੱਕ ਆਪਣਾ ਕੰਮ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਬਾਦਲਾਂ ਦੀਆਂ ਚਾਲਬਾਜ਼ੀਆਂ ਦੇ ਨਤੀਜੇ ਵਜੋਂ ਸੀ.ਬੀ.ਆਈ. ਸੱਚ ਸਾਹਮਣੇ ਲਿਆਉਣ ਵਿੱਚ ਨਾਕਾਮ ਰਹੀ ਜਿਨ੍ਹਾਂ ਨੇ ਪਹਿਲਾਂ ਤਾਂ ਜਾਂਚ ਵਿੱਚ ਅੜਿੱਕੇ ਡਾਹੇ ਅਤੇ ਹੁਣ ਜਿੱਥੇ ਸੂਬੇ ਨੂੰ ਕੇਸ ਤਬਦੀਲ ਨਾ ਕਰਨ ਲਈ ਇਨ੍ਹਾਂ ਵੱਲੋਂ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਜਾ ਰਿਹਾ, ਉਥੇ ਹੀ ਅਦਾਲਤਾਂ ਵਿੱਚ ਵੀ ਨਿਰਆਧਾਰ ਪਟੀਸ਼ਨਾਂ ਦਾਇਰ ਕੀਤੀ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਮੀਡੀਆ ਨੂੰ ਅਜਿਹੇ ਸੰਜੀਦਾ ਮੁੱਦੇ ’ਤੇ ਤੱਥਾਂ ਅਤੇ ਬਿਆਨ ਤੋੜ-ਮਰੋੜ ਕੇ ਪੇਸ਼ ਨਾ ਕਰਨ ਦੀ ਅਪੀਲ ਕੀਤੀ, ਉਹ ਵੀ ਉਸ ਵੇਲੇ ਜਦੋਂ ਸਰਹੱਦੀ ਸੂਬਾ ਸਰਹੱਦ ਪਾਰ ਤੋਂ ਕੌਮੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਅਤੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਵੱਲ ਵਧ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਉਹ ਬਦਲਾਖੋਰੀ ਵਾਲੀ ਸਿਆਸਤ ਵਿੱਚ ਯਕੀਨ ਨਹੀਂ ਰੱਖਦੇ ਪਰ ਆਪਣੇ ਸੱਤਾਕਾਲ ਦੌਰਾਨ ਹਰ ਉਹ ਕਦਮ ਚੁੱਕਣਗੇ ਜਿਸ ਨਾਲ ਬਾਦਲਾਂ ਨੂੰ ਆਪਣੇ ਕੀਤੇ ਗੁਨਾਹਾਂ ਦੀ ਸਜ਼ਾ ਭੁਗਤਣੀ ਪਵੇ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES