ਬਾਜਵਾ ਦੀ ਕੈਪਟਨ ਦੇ ਨਾਂਅ ਇਕ ਹੋਰ ਚਿੱਠੀ: ਕਾਂਗਰਸ ਰਾਜ ’ਚ ਘੱਟਗਿਣਤੀ ਅਦਾਰੇ ਬਣਾਏ ਜਾ ਰਹੇ ਨਿਸ਼ਾਨਾ

ਯੈੱਸ ਪੰਜਾਬ
ਨਵੀਂ ਦਿੱਲੀ, 28 ਫ਼ਰਵਰੀ, 2020:

ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ਼ਣ ਦਾ ਸਿਲਸਿਲਾ ਜਾਰੀ ਹੈ।

ਆਪਣੇ ਤਾਜ਼ਾ ਪੱਤਰ ਵਿਚ ਸ:ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਗਾਹ ਕੀਤਾ ਹੈ ਕਿ ਰਾਜ ਵਿਚ ਘੱਟਗਿਣਤੀ ਅਦਾਰਿਆਂ ਨੂੰ ਤੱਕ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਨਾਲ ਪਾਰਟੀ ਦੀ ਸਾਖ਼ ਨੂੰ ਧੱਕਾ ਵੱਜ ਰਿਹਾ ਹੈ।

ਆਪਣੇ ਇਸ ਪੱਤਰ ਵਿਚ ਬੜਿੰਗ ਯੂਨੀਅਨ ਕ੍ਰਿਸਚੀਅਨ ਕਾਲਜ, ਬਟਾਲਾ ਦਾ ਮਾਮਲਾ ਚੁੱਕਦਿਆਂ ਸ: ਬਾਜਵਾ ਨੇ ਕਿਹਾ ਹੈ ਕਿ ਇਸ ਅਦਾਰੇ ਦੇ ਖ਼ੇਡ ਮੈਦਾਨ ਦੇ ਵਿਚੋਂ ਸੜਕ ਕੱਢਣ ਦੀ ਯੋਜਨਾ ਬਣਾ ਕੇ ਇਸਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਹਨਾਂ ਲਿਖ਼ਿਆ ਹੈ ਕਿ ਰਾਜ ਅੰਦਰ ਕੁਝ ਲੋਕ ਜਾਣ ਬੁੱਝ ਕੇ ਅਤੇ ਗ਼ਲਤ ਭਾਵਨਾ ਨਾਲ ਘੱਟਗਿਣਤੀ ਅਦਾਰਿਆਂ ਦੀ ਜਾਇਦਾਦ ਖ਼ਰਾਬ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਕਿਸੇ ਦਾ ਨਾਂਅ ਲਏ ਬਿਨਾਂ ਸ: ਬਾਜਵਾ ਨੇ ਸਪਸ਼ਟ ਸ਼ਬਦਾਂ ਵਿਚ ਲਿਖ਼ਿਆ ਹੈ ਕਿ ਇੰਜ ਜਾਪਦਾ ਹੈ ਕਿ ਸੱਤਾ ਦੇ ਗਲਿਆਰਿਆਂ ਵਿਚ ਉੱਚੀ ਥਾਂਵੇਂ ਬੈਠਾ ਕੋਈ ਸੱਜਣ ਸੂਬੇ ਵਿਚ ਕਾਂਗਰਸ ਦੀ ਗੱਲ ਖ਼ਰਾਬ ਕਰਨਾ ਚਾਹੁੰਦਾ ਹੈ।

ਸ: ਬਾਜਵਾ ਨੇ ਮੁੱਖ ਮੰਤਰੀ ਨੂੰ ‘ਬੇਨਤੀ’ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਦੀ ਭੂਮਿਕਾ ਦੀ ਜਾਂਚ ਕਰਵਾਉਣ ਤਾਂ ਜੋ ਉਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਸਮਾਂ ਰਹਿੰਦਿਆਂ ਹੀ ਨੱਪਿਆ ਜਾ ਸਕੇ।

ਸ: ਬਾਜਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖ਼ੀ ਚਿੱਠੀ ਹੇਠਾਂ ਪੇਸ਼ ਹੈ:

Yes Punjab - Top Stories