ਬਹੁ ਭਾਸ਼ਾਈ ਦੇਸ਼ ਨੂੰ ਹਿੰਦੀ ਭਾਸ਼ੀ ਬਨਾਉਣ ਦੀਆਂ ਚਾਲਾਂ ਬਰਦਾਸ਼ਤ ਨਹੀਂ ਕਰਾਂਗੇ: ਚੰਡੀਗੜ੍ਹ ਪੰਜਾਬੀ ਮੰਚ

ਚੰਡੀਗੜ੍ਹ, 18 ਸਤੰਬਰ, 2019 –

‘ਚੰਡੀਗੜ੍ਹ ਪੰਜਾਬੀ ਮੰਚ’ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦੇਸ਼ ਦੀ ਭਾਸ਼ਾ ਹਿੰਦੀ ਕਰਨ ਦੇ ਸੰਕੇਤ ਦੇਣ ਵਾਲੇ ਬਿਆਨ ਦੀ ਕਰੜੀ ਨਿੰਦਾ ਕੀਤੀ ਹੈ। ਚੰਡੀਗੜ੍ਹ ਪੰਜਾਬੀ ਮੰਚ ਦੇ ਹਵਾਲੇ ਨਾਲ ਮੀਡੀਆ ਦੇ ਨਾਮ ਬਿਆਨ ਜਾਰੀ ਕਰਦਿਆਂ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਆਖਿਆ ਕਿ ਭਾਰਤ ਬਹੁ-ਭਾਸ਼ਾਈ ਦੇਸ਼ ਹੈ, ਹਰ ਸੂਬੇ ਦੀ, ਹਰ ਖਿੱਤੇ ਦੀ ਆਪਣੀ ਪਹਿਚਾਣ ਤੇ ਆਪਣੀ ਬੋਲੀ ਹੈ, ਪਰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰੇ ਦੇਸ਼ ਨੂੰ ਹਿੰਦੀ ਦੇ ਰੱਸੇ ਨਾਲ ਨੂੜਨਾ ਚਾਹੁੰਦੇ ਹਨ, ਜੋ ਕਿਸੇ ਵੀ ਤਰ੍ਹਾਂ ਨਾਲ ਮਨਜੂਰ ਨਹੀਂ।

ਦੇਵੀ ਦਿਆਲ ਸ਼ਰਮਾ ਨੇ ਆਖਿਆ ਕਿ ਚੰਡੀਗੜ੍ਹ ਪੰਜਾਬੀ ਮੰਚ ਜਿੱਥੇ ਇਨ੍ਹਾਂ ਕੋਝੀਆਂ ਚਾਲਾਂ ਦੀ ਕਰੜੀ ਨਿੰਦਾ ਕਰਦਾ ਹੈ, ਉਥੇ ਹੀ ਇਕ ਵਾਰ ਫਿਰ ਇਹ ਵੀ ਮੰਗ ਦੁਹਰਾਉਂਦਾ ਹੈ ਕਿ ਪੰਜਾਬ ਦੇ ਪਿੰਡ ਉਜਾੜ ਕੇ ਵਸਾਏ ਸ਼ਹਿਰ ਚੰਡੀਗੜ੍ਹ ਦੀ ਪਹਿਲੀ ਤੇ ਸਰਕਾਰੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ ਨਾ ਕਿ ਅੰਗਰੇਜ਼ੀ।

ਉਨ੍ਹਾਂ ਆਖਿਆ ਕਿ ਇਸ ਮੰਗ ਲਈ ਸੰਘਰਸ਼ਸ਼ੀਲ ਚੰਡੀਗੜ੍ਹ ਪੰਜਾਬੀ ਮੰਚ ਅਤੇ ਉਸਦੇ ਸਮੂਹ ਸਹਿਯੋਗੀ ਸੰਗਠਨ ਮਾਂ ਬੋਲੀ ਪੰਜਾਬੀ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕਰ ਸਕਦੇ। ਦੇਵੀ ਦਿਆਲ ਸ਼ਰਮਾ ਨੇ ਲੰਘੇ ਦਿਨੀਂ ਪਟਿਆਲਾ ਦੇ ਭਾਸ਼ਾ ਵਿਭਾਗ ਵਿਚ ਪੰਜਾਬੀ ਬੋਲੀ ਤੇ ਪੰਜਾਬੀ ਸਾਹਿਤਕਾਰ ਦੇ ਅਪਮਾਨ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਆਖਿਆ ਕਿ ਬੇਸ਼ੱਕ ਪੰਜਾਬੀ ਭਾਸ਼ਾ ਪ੍ਰਤੀ ਅਤੇ ਹਿੰਦੀ ਨੂੰ ਜਬਰੀ ਲਾਗੂ ਕਰਾਉਣ ਵਾਲੀ ਧਮਕੀ ਦੇਣ ਵਾਲੇ ਨੁਮਾਇੰਦਿਆਂ ਨੇ ਮਾਫੀ ਮੰਗ ਲਈ ਹੈ, ਪਰ ਮਾਫੀ ਮੰਗਣ ਨਾਲ ਮਾਮਲਾ ਨਹੀਂ ਨਿੱਬੜ ਜਾਂਦਾ, ਕਿਉਂਕਿ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਅਤੇ ਪੂਰੇ ਦੇਸ਼ ਦੀ ਭਾਸ਼ਾ ਬਣਾਉਣ ਵਾਲੀ ਜਿਹੜੀ ਮਨਸ਼ਾ ਪਟਿਆਲਾ ਭਾਸ਼ਾ ਵਿਭਾਗ ਦੇ ਮੰਚ ਤੋਂ ਪ੍ਰਗਟਾਈ ਗਈ, ਉਹੀ ਮਨਸ਼ਾ ਦੂਜੇ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਜ਼ਾਹਰ ਕਰ ਦਿੱਤੀ।

ਇਸ ਲਈ ਚੰਡੀਗੜ੍ਹ ਪੰਜਾਬੀ ਮੰਚ ਮਾਂ ਬੋਲੀ ਪੰਜਾਬੀ ਅਤੇ ਹੋਰ ਖੇਤਰੀ ਭਾਸ਼ਾਵਾਂ ਖਿਲਾਫ ਇਸ ਗਿਣੀ ਮਿਥੀ ਸਾਜਿਸ਼ ਦੀ ਨਿੰਦਾ ਕਰਦਾ ਹੈ ਅਤੇ ਮਾਂ ਬੋਲੀ ਪੰਜਾਬੀ ਦੇ ਮਾਣ ਸਨਮਾਨ ਲਈ ਸਾਹਮਣੇ ਆ ਕੇ ਸੰਘਰਸ਼ ਕਰਨ ਵਾਲੀਆਂ ਧਿਰਾਂ ਤੇ ਨੁਮਾਇੰਦਿਆਂ ਦਾ ਵੀ ਧੰਨਵਾਦੀ ਹੈ।

Share News / Article

Yes Punjab - TOP STORIES