ਬਸਪਾ ਨੇ ਦਾਖਾ ਤੋਂ ਪੱਤਰਕਾਰ ਦੇਵ ਸਰਾਭਾ ਨੂੰ ਐਲਾਨਿਆ ਉਮੀਦਵਾਰ

ਲੁਧਿਆਣਾ, 29 ਸਤੰਬਰ, 2019:

ਬਹੁਜਨ ਸਮਾਜ ਪਾਰਟੀ ਨੇ ਹਲਕਾ ਦਾਖਾ ਤੋਂ ਪੱਤਰਕਾਰ ਬਲਦੇਵ ਸਿੰਘ ਦੇਵ ਸਰਾਭਾ ਨੂੰ ਅਪਣਾ ਉਮੀਦਵਾਰ ਐਲਾਨ ਦਿੱਤਾ ਹੈ। ਦੇਵ ਸਰਾਭਾ ਦੀ ਉਮੀਦਵਾਰੀ ਦਾ ਐਲਾਨ ਲੁਧਿਆਣਾ ਦੇ ਕੋਆਰਡੀਨੇਟਰ ਜੀਤਰਾਮ ਬਸਰਾ, ਜਿਲ੍ਹਾ ਪ੍ਰਧਾਨ ਪ੍ਰਗਣ ਬਿਲਗਾ ਅਤੇ ਦਿਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ ਨੇ ਕੀਤਾ।

ਇਸ ਮੌਕੇ ਸ੍ਰੀ ਬਸਰਾ ਅਤੇ ਬਿਲਗਾ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੇ ਅਪਣੀ ਫਿਤਰਤ ਮੁਤਾਬਿਕ ਪੀਡੀਏ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਜਿਸ ਦਾ ਖਮਿਆਜ਼ਾ ਉਸ ਨੂੰ ਇਨ੍ਹਾਂ ਜਿਮਨੀ ਚੋਣਾਂ ਵਿੱਚ ਹੀ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਨੂੰ ਛੱਡ ਕੇ ਬਾਕੀ ਪੰਜ ਪਾਰਟੀਆਂ ਇੱਕਜੁੱਟ ਹਨ ਅਤੇ ਜਿਮਨੀ ਚੋਣਾਂ ਵਿੱਚ ਸਾਂਝੇ ਤੌਰ ਤੇ ਪ੍ਰਚਾਰ ਕਰਨਗੀਆਂ।

ਉਨ੍ਹਾਂ ਕਿਹਾ ਕਿ ਹਲਕਾ ਦਾਖਾ ਤੋਂ ਮੇਹਨਤੀ ਵਰਕਰ ਬਲਦੇਵ ਸਿੰਘ ਦੇਵ ਸਰਾਭਾ ਨੂੰ ਬਸਪਾ ਦਾ ਉਮੀਦਵਾਰ ਬਣਾਇਆ ਗਿਆ ਹੈ ਜਿਸਦੇ ਨਾਲ ਹਲਕੇ ਦੇ ਵੋਟਰ ਖੜ੍ਹੇ ਹਨ ਜਿਸ ਦੇ ਚੱਲਦਿਆਂ ਬਸਪਾ ਦੀ ਜਿੱਤ ਯਕੀਨੀ ਹੈ। ਉਨਾ ਸਿਮਰਨ ਬੈਂਸ ਵੱਲੋਂ ਲੋਕ ਸਭਾ ਚੋਣਾਂ ਵੇਲੇ ਫਗਵਾੜਾ ਸੀਟ ਤੇ ਪਹਿਲਾਂ ਹੀ ਕੀਤੇ ਸਮਝੋਤੇ ਦੀਆਂ ਗੱਲਾਂ ਨੂੰ ਕੋਰਾ ਝੂਠ ਦੱਸਦਿਆਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਪੀਡੀਏ ਦੇ ਬਾਕੀ ਭਾਈਵਾਲ ਬਸਪਾ ਨਾਲ ਖੜਨ ਦੀ ਬਜਾਏ ਬੈਂਸਾ ਨਾਲ ਖੜੇ ਹੋਣੇ ਸਨ।

ਦੇਵ ਸਰਾਭਾ ਨੇ ਟਿਕਟ ਦੇਣ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਸੀਟ ਜਿੱਤਣ ਲਈ ਦਿਨ ਰਾਤ ਇੱਕ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਜਦੋਂ ਲੁਧਿਆਣਾ ਸੀਟ ਤੋਂ ਸਿਮਰਜੀਤ ਸਿੰਘ ਬੈਂਸ ਉਮੀਦਵਾਰ ਸਨ ਉਦੋਂ ਸਾਰੇ ਬੂਥ ਬਸਪਾ ਵਰਕਰਾਂ ਨੇ ਲਗਾਏ ਸਨ ਜਿਸਦੀ ਬੈਂਸ ਭਰਾਵਾਂ ਨੇ ਕਦਰ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਹੁਣ ਜਿਮਨੀ ਚੋਣਾਂ ਵਿੱਚ ਬੈਂਸਾ ਨੂੰ ਪਤਾ ਲੱਗ ਜਾਵੇਗਾ ਉਹ ਕਿੰਨੇ ਕੁ ਪਾਣੀ ਚ ਹਨ। ਬੈਂਸਾ ਦੇ ਉਮੀਦਵਾਰ ਦੇ ਕਾਰਨਾਮੇ ਲੋਕਾਂ ਦੀ ਕਚਿਹਰੀ ਵਿੱਚ ਜੱਗ ਜ਼ਾਹਰ ਕੀਤੇ ਜਾਣਗੇ।

ਇਸ ਮੌਕੇ ਜੋਨ ਇੰਚਾਰਜ ਜੀਤਰਾਮ ਬਸਰਾ, ਭੁਪਿੰਦਰ ਸਿੰਘ ਜੌੜਾ, ਪ੍ਰਧਾਨ ਪ੍ਰਗਣ ਬਿਲਗਾ, ਜਸਪਾਲ ਭੌਰਾ, ਗੁਰਮੇਲ ਸਿੰਘ ਲੰਬੜਦਾਰ, ਗੁਰਦੀਪ ਸਿੰਘ ਚਮਿੰਡਾ, ਜੰਗ ਬਹਾਦਰ ਸਿੰਘ, ਲਖਵੀਰ ਚੰਦ, ਹੁਸਨ ਲਾਲ ਜਨਾਗਲ, ਰਾਜਿੰਦਰ ਨਿੱਕਾ, ਮਾਸਟਰ ਰਾਮਾਨੰਦ, ਕੇਵਲ ਜਮਾਲਪੁਰ, ਯੂਥ ਪ੍ਰਧਾਨ ਹਰਸ਼ਦੀਪ ਸਿੰਘ ਮਹਿਦੂਦਾਂ ਅਤੇ ਹੋਰ ਹਾਜਰ ਸਨ।

Share News / Article

Yes Punjab - TOP STORIES