ਚੰਡੀਗੜ੍ਹ, 4 ਦਸੰਬਰ, 2019:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ.ਬਲਬੀਰ ਸਿੰਘ ਸਿੱਧੂ ਨੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਖੇ ਬੂਪ੍ਰਿਨੋਰਫਿਨ -ਨਾਲੈਕਸੋਨ ਦੀ ਖ਼ਰੀਦ ਅਤੇ ਵਰਤੋਂ ਦੀ ਨਿੱਜੀ ਤੌਰ ‘ਤੇ ਜਾਂਚ ਕਰਨ ਅਤੇ ਇੱਕ ਹਫਤੇ ਵਿੱਚ ਆਪਣੇ ਸਬੰਧਤ ਜ਼ਿਲਿਆਂ ਦੀ ਰਿਪੋਰਟ ਜਮ੍ਹਾਂ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਸਿਹਤ ਮੰਤਰੀ ਨੇ ਕਿਹਾ ਕਿ ਸਾਰੇ ਸਿਵਲ ਸਰਜਨਾਂ ਨੂੰ 3 ਮੈਂਬਰੀ ਕਮੇਟੀ ਬਣਾਉਣ ਲਈ ਹਦਾਇਤ ਕੀਤੀ ਹੈ ਜਿਸ ਵਿੱਚ 1 ਸਿਵਲ ਸਰਜਨ ਸਮੇਤ ਵਿਭਾਗ ਦੇ 2 ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਉਨ੍ਹਾਂ ਨੇ ਸਿਵਲ ਸਰਜਨਾਂ ਨੂੰ ਸੂਬਾ ਸਰਕਾਰ ਵਲੋਂ ਨਿਰਧਾਰਿਤ ਕੀਤੇ ਐਸ.ਓ.ਪੀ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੀ ਨਿੱਜੀ ਤੌਰ ਤੇ ਜਾਂਚ ਕਰਨ ਸਬੰਧੀ ਵੀ ਨਿਰਦੇਸ਼ ਦਿੱਤੇ ਹਨ।
ਸ. ਬਲਬੀਰ ਸਿੰਘ ਸਿੱਧੂ ੁਨੇ ਅੱਗੇ ਕਿਹਾ ਕਿ ਸਿਹਤ ਵਿਭਾਗ ਨੇ ਆਨਲਾਈਨ ਸਰਕਾਰੀ ਕੇਂਦਰੀ ਰਜਿਸਟਰੀ ਰਾਹੀ ਦਵਾਈਆਂ ਦੀ ਖਰੀਦੋ-ਫਰੋਖ਼ਤ ਦੀ ਨਿਗਰਾਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਇਸੈਂਸ ਨਿਯਮਾਂ 2011 ਦੇ ਅਨੁਸਾਰ ਹਰ ਨਿੱਜੀ ਨਸ਼ਾ ਛਡਾਊ ਕੇਂਦਰ ਲਈ ਸਮੇਂ ਸਮੇਂ ਤੇ ਜਾਰੀ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਪ੍ਰੋਗਰਾਮ ਤਹਿਤ ਸ਼ਤ-ਪ੍ਰਤੀਸ਼ਤ ਪਾਰਦਰਸ਼ਤਾ ਲਿਆਉਣ ਲਈ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੂੰ ਆਪਣੇ ਦਸਤਾਵੇਜ਼ ਦਸਤੀ ਤੌਰ ਅਤੇ ਆਨਲਾਈਨ ਜਮ੍ਹਾਂ ਕਰਵਾਉਣ ਐਫ.ਡੀ.ਏ ਅਤੇ ਜ਼ਿਲ੍ਹਾ ਅਥਾਰਟੀ ਨੂੰ ਜਮ੍ਹਾ ਕਰਨਾਉਣਾ ਵੀ ਲਾਜ਼ਮੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ, ਐਫਡੀਏ (ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ) ਦੁਆਰਾ ਜਮ੍ਹਾ ਕੀਤੇ ਗਏ ਅੰਕੜਿਆਂ ਦੀ ਕਰਾਸ ਚੈਕਿੰਗ ਕੀਤੀ ਗਈ ਸੀ ਜਿੱਥੇ ਅੰਕੜਿਆਂ ਵਿੱਚ ਅੰਤਰ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ 96 ਨਸ਼ਾ ਛੁਡਾਊ ਕੇਂਦਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਾਂਚ ਉਪਰੰਤ ਗ਼ਲਤੀ ਕਰਨ ਵਾਲੇ ਕੇਂਦਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਨੇ 26 ਅਕਤੂਬਰ, 2019 ਨੂੰ ਓ.ਓ.ਏ.ਟੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਦੇ ਨਾਲ ਹੀ ਇੱਕ ਕੇਂਦਰੀ ਰਜਿਸਟਰੀ ਸਾੱਫਟਵੇਅਰ ਸਿਸਟਮ ਜੋ ਇੱਕ ਆਨਲਾਈਨ ਪੋਰਟਲ ਹੈ ਨੂੰ ਵੀ ਸ਼ੁਰੂ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਨਸ਼ਾ ਛਡਾਉਣ ਲਈ ਦਵਾਈ ਲੈਣ ਵਾਲੇ ਹਰੇਕ ਮਰੀਜ਼ ਨੂੰ ਇਸ ਆਨਲਾਈਨ ਪੋਰਟਲ ਵਿੱਚ ਰਜਿਸਟਰ ਕਰਵਾਉਣਾ ਲਾਜ਼ਮੀ ਹੈ ਅਤੇ ਦਵਾਈ ਦੀ ਵੰਡ ਵੀ ਆਨ ਲਾਈਨ ਕੀਤੀ ਜਾਂਦੀ ਹੈ।
ਸ. ਬਲਬੀਰ ਸਿੰਘ ਸਿੱਧੂ ਨੇ ਇਹ ਵੀ ਦੱਸਿਆ ਕਿ 31 ਜੁਲਾਈ, 2018 ਨੂੰ, ਸਰਕਾਰ ਵੱਲੋਂ ਇੱਕ ਮਿਆਰੀ ਓਪਰੇਟਿੰਗ ਪ੍ਰੋਟੋਕੋਲ ਜਾਰੀ ਕੀਤਾ ਗਿਆ ਸ਼, ਜਿਸ ਤਹਿਤ ਹਰੇਕ ਨਸ਼ਾ ਛੁਡਾਊ ਕੇਂਦਰ ਲਈ ਇਸ ਸਿਸਟਮ ‘ਤੇ ਰਜਿਸਟਰ ਹੋਣਾ ਲਾਜ਼ਮੀ ਕੀਤਾ ਗਿਆ ਸੀ ਅਤੇ ਹਰ ਮਰੀਜ਼ ਨੂੰ ਇਸ ਪ੍ਰਣਾਲੀ ਵਿਚ ਦਾਖਲ ਕਰਨਾ ਯਕੀਨੀ ਬਣਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਹਰੇਕ ਸੈਂਟਰ ਨੂੰ ਡਾਕਟਰ ਅਤੇ ਸਹਾਇਤਾ ਅਮਲੇ ਲਈ ਯੂਜ਼ਰ-ਆਈ ਡੀ ਅਤੇ ਪਾਸਵਰਡ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਬੁਪ੍ਰੇਨੋਰਫਿਨ-ਨੈਲੈਕਸੋਨ ਦੀ ਵਰਤੋਂ ਵਿਸ਼ਵ ਪੱਧਰ ਤੇ ਨਸ਼ਾ ਛੁਡਾਊ ਪ੍ਰੋਗਰਾਮ ਤਹਿਤ ਕੀਤੀ ਜਾਂਦੀ ਹੈ ਜੋ ਕਿ ਵਿਸ਼ਵ ਸਿਹਤ ਸੰਸਥਾ ਵਲੋਂ ਪ੍ਰਮਾਣਿਤ ਹੈ।