ਬਲਬੀਰ ਸਿੱਧੂ ਨੇ ਈ.ਐਸ.ਆਈ. ਹਸਪਤਾਲਾਂ ’ਚ ਨਿਯੁਕਤ ਕੀਤੇ 130 ਪੈਰਾ ਮੈਡੀਕਲ ਸਟਾਫ਼ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ, 14 ਅਗਸਤ, 2019 –

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬਲਬੀਰ ਸਿੰਘ ਸਿੱਧੂ ਵੱਲੋਂ ਈ.ਐਸ.ਆਈ. ਹਸਪਤਾਲਾਂ ਅਧੀਨ ਵੱਖ-ਵੱਖ ਸ੍ਰੇਣੀਆਂ ਦੇ ਨਵ ਨਿਯੁਕਤ 130 ਪੈਰਾ ਮੈਡੀਕਲ ਸਟਾਫ਼ ਨੂੰ ਨਿਯੁਕਤੀ ਪੱਤਰ ਦਿੱਤੇ ਗਏ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਈ.ਐਸ.ਆਈ. (ਕਰਮਚਾਰੀ ਸਮਾਜਿਕ ਇੰਸ਼ੋਰੈਂਸ) ਹਸਪਤਾਲਾਂ ਦੀ ਕਾਰਗੁਜ਼ਾਰੀ ਨੂੰ ਹੋਰ ਮਜਬੂਤ ਕਰਨ ਦੀ ਕੋਸ਼ਿਸ਼ ਤਹਿਤ ਸੂਬੇ ਦੇ ਸਾਰੇ ਈ.ਐਸ.ਆਈ. ਹਸਪਤਾਲਾਂ ਵਿੱਚ ਰਜਿਸਟਰਡ ਮਜ਼ਦੂਰਾਂ ਅਤੇ ਹੋਰ ਨਿਰਮਾਣ ਕਾਰਜਾਂ ਵਾਲੇ ਕਾਮਿਆਂ ਨੂੰ 24 ਘੰਟੇ ਐਮਰਜੈਂਸੀ ਸੇਵਾਵਾਂ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਜਿਸ ਲਈ ਈ.ਐਸ.ਆਈ. ਹਸਪਤਾਲਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਭਰਤੀ ਅਧੀਨ 130 ਪੈਰਾ ਮੈਡੀਕਲ ਸਟਾਫ਼ ਜਿਹਨਾਂ ਵਿੱਚ 55 ਏ.ਐਨ.ਐਮਜ਼, 35 ਸਟਾਫ਼ ਨਰਸਾਂ, 28 ਫਾਰਮਾਸਿਸਟ, 11 ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਨ ਅਤੇ ਇੱਕ ਰੇਡੀਓ ਗਰਾਫਰ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ।

ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਈ.ਐਸ.ਆਈ. ਹਸਪਤਾਲ ਤੇ ਡਿਸਪੈਂਸਰੀਆਂ ਵਿਚ 13 ਲੱਖ ਦੇ ਕਰੀਬ ਉਦਯੋਗਾਂ ਵਿਚ ਕੰਮ ਕਰਦੇ ਬੀਮਾ ਕਾਮਿਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸਿਹਤ ਸੇਵਾਵਾਂ ਦਿੱਤੀ ਜਾ ਰਹੀਆਂ ਹਨ। ਇਨ੍ਹਾਂ ਹਸਪਤਾਲਾਂ ਵਿਚ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ‘ਤੇ 05 ਸਪੈਸ਼ਲਿਸਟ ਡਾਕਟਰ ਅਤੇ 50 ਮੈਡੀਕਲ ਅਫ਼ਸਰਾ ਦੀ ਭਰਤੀ ਕੀਤੀ ਗਈ ਸੀ ਜਿਸ ਨਾਲ ਹੁਣ ਈ.ਐਸ.ਆਈ ਹਸਪਤਾਲਾਂ ਵਿਚ ਇਕ ਵੀ ਡਾਕਟਰ ਦੀ ਅਸਾਮੀ ਖਾਲੀ ਨਹੀਂ ਰਹੀ ਹੈ।

ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਭਰਤੀ ਉਪਰੰਤ ਹਸਪਤਾਲਾਂ ਦੀ ਓ.ਪੀ.ਡੀ. ਵਿਚ ਕਾਫੀ ਵਾਧਾ ਹੋਇਆ ਹੈ ਅਤੇ ਕਿਰਤੀ ਵਰਗ ਨੂੰ ਬਿਹਤਰ ਸਿਹਤ ਸੇਵਾਵਾਂ ਵੀ ਮੁਹੱਈਆ ਹੋ ਰਹੀਆਂ ਹਨ। ਇਸ ਭਰਤੀ ਤੋਂ ਇਲਾਵਾ ਜਲਦ ਈ.ਐਸ.ਆਈ ਹਸਪਤਾਲਾਂ ਵਿੱਚ ਹੋਰ ਖਾਲੀ ਪਈਆ ਆਸਾਮੀਆ ਨੂੰ ਵੀ ਭਰ ਦਿੱਤਾ ਜਾਵੇਗਾ ।

ਸ੍ਰੀ ਬਲਬੀਰ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਪੰਜਾਬ ਵਿਚੋਂ ਟੀ.ਬੀ. ਦੇ ਖਾਤਮੇ ਲਈ ਜਲਦ ਮੁਫਤ ਟੈਸਟ ਅਤੇ ਟੀ.ਬੀ. ਦੀਆਂ ਇਲਾਜ ਸੇਵਾਵਾਂ ਈ.ਐਸ.ਆਈ. ਹਸਪਤਾਲਾਂ ਵਿਖੇ ਮੁਹੱਈਆ ਕਰਵਾਈਆਂ ਜਾਣਗੀਆਂ। ਟੀ. ਬੀ. ਦਾ ਟੈਸਟ ਕਰਨ ਲਈ ਲੈਬ ਟੈਕਨੀਸ਼ਨਾਂ ਦੇ ਨਾਲ ਡੈਸੀਗਨੇਟਿਡ ਮਾਈਕਰੋਸਕੋਪਿਕ ਕੇਂਦਰ ਵੀ ਸਥਾਪਿਤ ਕੀਤੇ ਜਾਣਗੇ।

ਇਸ ਮੌਕੇ ਸਿਹਤ ਮੰਤਰੀ ਨੇ ਨਵ ਨਿਯੁਕਤ ਕਰਮਚਾਰੀਆ ਨੂੰ ਨੌਕਰੀ ਵਿੱਚ ਆਉਣ ਤੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਦਭਾਵਨਾ ਨਾਲ ਜਨਤਾ ਦੀ ਸੇਵਾ ਕਰਨਾ ਹੀ ਤੁਹਾਡੀ ਮੁੱਖ ਜਿੰਮੇਵਾਰੀ ਹੈ ਅਤੇ ਆਮ ਲੋਕਾਂ ਨੂੰ ਸਮੇਂ ਸਿਰ ਲੋੜੀਂਦੀਆਂ ਸੇਵਾਵਾਂ ਦੇਣ ਨਾਲ ਹੀ ਸਰਕਾਰੀ ਹਸਪਤਾਲਾਂ ਦੀ ਕਾਇਆ ਕਲਪ ਹੋ ਸਕਦੀ ਹੈ ।

ਉਹਨਾਂ ਦੱਸਿਆ ਕਿ ਬੀਮਾ ਵਰਕਰਾਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਸਰਕਾਰ ਵੱਲੋਂ ਈ.ਐਸ.ਆਈ ਕਾਰਪੋਰੇਸ਼ਨ ਤੋਂ ਰੇਟ ਕੰਟਰੈਕਟ ਦੇ ਅਧਾਰ ਤੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ ਅਤੇ ਅੱਗੇ ਵੀ ਸਮਾਜਿਕ ਬੀਮਾ ਅਧੀਨ ਆਉਂਦੇ ਬੀਮਾ ਕਾਮਿਆਂ ਨੂੰ ਦਵਾਈਆਂ ਦੀ ਘਾਟ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

ਹੋਰਾਂ ਤੋਂ ਇਲਾਵਾ ਇਸ ਮੌਕੇ ‘ਤੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦਰ ਸ਼ਰਮਾ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ.ਜਸਪਾਲ ਕੌਰ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ.ਅਵਨੀਤ ਕੌਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ( ਸਮਾਜਿਕ ਬੀਮਾ) ਡਾ. ਜਗਪਾਲ ਸਿੰਘ ਬਾਸੀ ਵੀ ਹਾਜਰ ਸਨ।

Yes Punjab - Top Stories