ਬਲਬੀਰ ਸਿੰਘ ਸਿੱਧੂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਪੈਸ਼ਲਿਸਟ ਡਾਕਟਰਾਂ ਸਮੇਤ 3 ਮੈਡੀਕਲ ਰਾਹਤ ਵੈਨਾਂ ਨੂੰ ਰਵਾਨਾ ਕੀਤਾ

ਚੰਡੀਗੜ੍ਹ, 29 ਅਗਸਤ, 2019 –

ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦੇ ਸਿਵਲ ਹਸਪਤਾਲ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 3 ਮੈਡੀਕਲ ਰਾਹਤ ਵੈਨਾਂ ਨੂੰ ਰਵਾਨਾ ਕੀਤਾ। ਇਹਨਾਂ ਵੈਨਾਂ ਵਿੱਚ ਮੈਡੀਕਲ ਸਪੈਸ਼ਲਿਸਟ, ਚਮੜੀ ਰੋਗਾਂ ਦੇ ਮਾਹਿਰ ਅਤੇ ਗਾਇਨੀ ਦੇ ਮੈਡੀਕਲ ਅਫਸਰਾਂ ਤੋਂ ਇਲਾਵਾ ਪੈਰਾ-ਮੈਡੀਕਲ ਸਟਾਫ ਦੀਆਂ ਟੀਮਾਂ ਵੀ ਭੇਜੀਆਂ ਗਈਆਂ ਹਨ।

ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਮੈਡੀਕਲ ਰਾਹਤ ਵੈਨਾਂ ਰੋਪੜ, ਜਲੰਧਰ ਤੇ ਕਪੂਰਥਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪੀੜਤ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਨਾਉਣਗੀਆਂ ਜਿਸ ਲਈ ਵੈਨਾਂ ਦੇ ਨਾਲ ਸਪੈਸ਼ਲਿਸਟਾਂ ਡਾਕਟਰਾਂ ਨੂੰ ਵੀ ਤੈਨਾਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੈਡੀਕਲ ਕੈਂਪਾਂ ਵਿਚ ਮਿਲਣ ਵਾਲੀਆਂ ਦਵਾਈਆਂ ਤੋਂ ਇਲਾਵਾ ਹਰ ਵੈਨ ਵਿਚ 5000 ਵਿਅਕਤੀਆਂ ਅਤੇ ਲਗਭਗ 2000 ਬੱਚਿਆਂ ਨੂੰ ਇਲਾਜ ਸੁਵਿਧਾਵਾਂ ਦੇਣ ਲਈ ਵੱਖ-ਵੱਖ ਦਵਾਈਆਂ ਅਤੇ ਪਾਣੀ ਦੀਆਂ ਬਿਮਾਰੀਆਂ ਨੂੰ ਰੋਕਣ ਲਈ 2 ਲੱਖ ਕਲੋਰੀਨ ਦੀਆਂ ਗੋਲੀਆਂ ਵੀ ਭੇਜੀਆਂ ਗਈਆਂ ਹਨ।

ਸਿਹਤ ਮੰਤਰੀ ਨੇ ਅੱਗੇ ਮੈਡੀਕਲ ਕੈਂਪਾਂ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਹਤ ਵਿਭਾਗ ਵਲੋਂ 18 ਅਗਸਤ ਤੋਂ ਲੈ ਕੇ 28 ਅਗਸਤ ਤੱਕ ਮੈਡੀਕਲ ਕੈਂਪਾਂ ਵਿਚ ਲਗਭਗ 17,000 ਮਰੀਜਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਇਹਨਾਂ ਮਰੀਜਾਂ ਵਿੱਚ ਪਾਏ ਗਏ ਬੁਖਾਰ, ਦਸਤ, ਉਲਟੀਆਂ, ਚਮੜ੍ਹੀ ਅਤੇ ਹੋਰ ਰੋਗਾਂ ਸਬੰਧੀ ਇਲਾਜ ਕੀਤਾ ਜਾ ਰਿਹਾ ਹੈ।। ਇਸ ਤੋਂ ਇਲਾਵਾ ਸੱਪਾਂ ਦੇ ਡੰਗਣ, ਕੁੱਤਿਆਂ ਦੇ ਵੱਡਣ ਤੇ ਹੋਰ ਜਾਨਵਰਾਂ ਦੇ ਕੱਟਣ ’ਤੇ ਬਚਾੳ ਲਈ ਵੈਕਸੀਨ ਵੀ ਸਿਹਤ ਵਿਭਾਗ ਵੱਲੋਂ ਮੁਹੱਈਆਂ ਕਰਵਾਈ ਜਾ ਰਹੀ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਕਾਰਣ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਪੁਖਤਾ ਢੰਗ ਨਾਲ ਨਿਪਟਣ ਲਈ 74 ਵੈਕਟਰ ਬੋਰਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਖੜੇ ਪਾਣੀ ਵਾਲੀਆਂ ਥਾਵਾਂ ’ਤੇ ਲਾਰਵੀਸਾਈਡ ਅਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰ ਰਹੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਸ਼ਹਿਰਾਂ ਤੇ ਪਿੰਡਾਂ ਵਿਚ ਸਥਾਨਕ ਸਰਕਾਰਾਂ ਤੇ ਪੇਂਡੂ ਵਿਕਾਸ ਵਿਭਾਗ ਨਾਲ ਮਿਲ ਕੇ ਸੰਯੁਕਤ ਰੂਪ ਵਿਚ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਸਾਰੇ ਪ੍ਰਭਾਵਿਤ ਜਿਲ੍ਹਿਆਂ ਦੇ ਵਿੱਚ ਪੀਣ ਦੇ ਪਾਣੀ ਦੇ ਤੁਰੰਤ ਸੈਂਪਲ ਲੈਣ ਲਈ ਹਦਾਇਤਾ ਵੀ ਜਾਰੀ ਕੀਤੀ ਗਈ ਹੈ।

ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਲਗਭਗ 60 ਲੱਖ ਕਲੋਰੀਨ ਦੀਆਂ ਗੋਲੀਆ ਖਰੀਦੀਆਂ ਗਈਆ ਸਨ ਤੇ ਹੁਣ ਹੜਾਂ ਦੀ ਸਥਿਤੀ ਨੂੰ ਦੇਖਦਿਆਂ 17 ਲੱਖ ਹੋਰ ਕਲੋਰੀਨ ਦੀਆਂ ਗੋਲੀਆਂ ਦੀ ਖ੍ਰੀਦ ਕੀਤੀ ਗਈ ਹੈ। ਦੂਸ਼ਿਤ ਪਾਣੀ ਤੋਂ ਹੋਣ ਵਾਲੀਆ ਬੀਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਗੰਭੀਰ ਮਰੀਜਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਲਿਜਾ ਕੇ ਇਲਾਜ ਕੀਤਾ ਜਾ ਸਕੇ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਵਿਚ ਨੁਕਸਾਨੇ ਗਏ ਖੇਤਰਾਂ ਵਿਚ ਕਿਸੇ ਵੀ ਤਰ੍ਹਾਂ ਦੀ ਸਿਹਤ ਸਹੂਲਤ ਲੈਣ ਦੇ ਲਈ ਟੋਲ ਫਰੀ ਨੰਬਰ 104 ’ਤੇ ਸੰਪਰਕ ਕਰ ਸਕਦੇ ਹਨ।

Share News / Article

YP Headlines