ਬਲਬੀਰ ਸਿੰਘ ਸਿੱਧੂ ਨੇ ਜਲਾਲਾਬਾਦ ਦੀਆਂ 184 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 20 ਕਰੋੜ ਦੀਆਂ ਗ੍ਰਾਂਟਾਂ ਵੰਡੀਆਂ

ਜਲਾਲਾਬਾਦ (ਫ਼ਾਜ਼ਿਲਕਾ), 12 ਸਤੰਬਰ, 2019 –
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਜਲਾਲਾਬਾਦ ਹਲਕੇ ਦੇ 184 ਪਿੰਡਾਂ ਦੇ ਵਿਕਾਸ ਕਾਰਜਾਂ ਲਈ 20 ਕਰੋੜ ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਦੇ ਪ੍ਰਵਾਨਗੀ ਪੱਤਰ ਪੰਚਾਇਤਾਂ ਨੂੰ ਸੌਂਪੇ। ਜਲਾਲਾਬਾਦ ਵਿਖੇ ਸਰਪੰਚਾਂ ਅਤੇ ਪੰਚਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦਾ ਬਿਨਾਂ ਭੇਦਭਾਵ ਵਿਕਾਸ ਕਰਨ ਲਈ ਵਚਨਬੱਧਤਾ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੈਂ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਆਪਣੇ ਹਲਕੇ ਵਾਂਗ ਵਿਚਰਿਆਂ ਹਾਂ ਅਤੇ ਸਵਾ ਕੁ ਸਾਲ ਪਹਿਲਾਂ ਮੈਨੂੰ ਜ਼ਿਲ੍ਹਾ ਫ਼ਾਜ਼ਿਲਕਾ ਦਾ ਇੰਚਾਰਜ ਲਾਉਣ ਤੋਂ ਹੁਣ ਤੱਕ ਮੈਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਿੱਜੀ ਤੌਰ ’ਤੇ ਸੁਣ ਕੇ ਹੱਲ ਕਰਦਾ ਰਿਹਾ ਹਾਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਹਲਕੇ ਦੇ ਜਲਾਲਾਬਾਦ ਬਲਾਕ ਦੇ 142 ਅਤੇ ਅਰਨੀਵਾਲਾ ਬਲਾਕ 42 ਪਿੰਡਾਂ ਨੂੰ ਬਿਨਾਂ ਭੇਦਭਾਵਤ ਤੋਂ ਵਿਕਾਸ ਕਾਰਜਾਂ ਲਈ 20 ਕਰੋੜ 4 ਲੱਖ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਹਨ, ਜਿਸ ਨਾਲ ਇਲਾਕੇ ਦਾ ਸਮੁੱਚਿਤ ਵਿਕਾਸ ਯਕੀਨੀ ਬਣੇਗਾ। ਪਿਛਲੀ ਅਕਾਲੀ-ਭਾਜਪਾ ਸਰਕਾਰ ’ਤੇ ਵਰ੍ਹਦਿਆਂ ਸ. ਸਿੱਧੂ ਨੇ ਕਿਹਾ ਕਿ ਉਦੋਂ ਪੰਜਾਬ ਨੂੰ ਲੁੱਟਿਆ, ਆਮ ਲੋਕਾਂ ਨੂੰ ਕੁੱਟਿਆ ਗਿਆ ਅਤੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ।

ਅਕਾਲੀਆਂ ਦੇ ਸਮੇਂ ਪੰਚਾਇਤਾਂ ਨੂੰ ਗ੍ਰਾਂਟਾਂ ਦੇਣ ਸਮੇਂ ਪੱਖਪਾਤ ਦਾ ਪੂਰਾ ਬੋਲਬਾਲਾ ਰਿਹਾ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਅਜਿਹਾ ਨਹੀਂ। ਸਾਡੀ ਸਰਕਾਰ ਪਾਰਟੀ ਦੇ ਆਧਾਰ ’ਤੇ ਕਿਸੇ ਨਾਲ ਵਖਰੇਵਾਂ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਆਟਾ-ਦਾਲ ਸਕੀਮ ਤਹਿਤ ਸਮਾਰਟ ਕਾਰਡ, ਵਿਕਾਸ ਕਾਰਜਾਂ ਲਈ ਗ੍ਰਾਂਟਾਂ ਅਤੇ ਸਰਬੱਤ ਸਿਹਤ ਬੀਮਾ ਸਕੀਮ ਤਹਿਤ ਈ-ਕਾਰਡ ਬਣਾਉਣ ਸਮੇਂ ਕੋਈ ਪੱਖਪਾਤ ਨਹੀਂ ਕੀਤਾ, ਸਗੋਂ ਯੋਗਤਾ ਦੇ ਆਧਾਰ ’ਤੇ ਸਭ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਦਾ ਸਿਹਤ ਮੰਤਰੀ ਹੋਣ ਦੇ ਬਾਵਜੂਦ ਪਿਛਲੇ 10 ਸਾਲਾਂ ਦੌਰਾਨ ਫ਼ਾਜ਼ਿਲਕਾ ਵਿੱਚ ਡਾਕਟਰਾਂ ਦੀ ਭਾਰੀ ਕਮੀ ਰਹੀ ਜਦਕਿ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਡਾਕਟਰਾਂ ਨੂੰ ਨਿਰਧਾਰਤ ਨਾਲੋਂ ਵੱਧ ਤਨਖ਼ਾਹ ਅਤੇ ਇਨਸੈਂਟਿਵ ਦੇ ਰਹੇ ਹਾਂ ਅਤੇ ਫ਼ਾਜ਼ਿਲਕਾ ਜਿਹੇ ਦੂਰ-ਦੁਰਾਡੇ ਇਲਾਕੇ ਵਿੱਚ ਤੈਨਾਤੀ ’ਤੇ ਤਨਖ਼ਾਹ 60 ਹਜ਼ਾਰ ਤੋਂ ਵਧਾ ਕੇ 1 ਲੱਖ 60 ਹਜ਼ਾਰ ਕਰਨ ਦੀ ਵੀ ਡਾਕਟਰਾਂ ਨੂੰ ਪੇਸ਼ਕਸ਼ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਿਛਲੇ 10 ਸਾਲਾਂ ’ਚ ਆਈ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਨਵੇਂ ਡਾਕਟਰਾਂ ਦੀ ਨਿਯੁਕਤੀ ਉਪਰੰਤ ਉਨ੍ਹਾਂ ਨੂੰ ਫ਼ਾਜ਼ਿਲਕਾ ਵਿਖੇ ਤੈਨਾਤ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਛੇਤੀ ਹੀ ਜ਼ਿਲ੍ਹੇ ਵਿੱਚ ਡਾਕਟਰੀ ਦੀ ਗਿਣਤੀ ਪੂਰੀ ਕਰ ਲਈ ਜਾਵੇਗੀ।

ਪੰਜਾਬ ਸਰਕਾਰ ਦੀ ਵਕਾਰੀ ਸਰਬੱਤ ਸਿਹਤ ਬੀਮਾ ਸਕੀਮ ਦਾ ਜ਼ਿਕਰ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਦੇ 46 ਲੱਖ ਪਰਿਵਾਰਾਂ ਨੂੰ ਇਸ ਸਕੀਮ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਇਸ ਤਰ੍ਹਾਂ ਸੂਬੇ ਦੀ 2 ਕਰੋੜ 20 ਲੱਖ ਆਬਾਦੀ ਨੂੰ 5 ਲੱਖ ਰੁਪਏ ਸਾਲਾਨਾ ਸਿਹਤ ਬੀਮੇ ਦੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ 2 ਲੱਖ ਤੋਂ ਵੱਧ ਪਰਿਵਾਰਾਂ ਨੂੰ ਸਿਹਤ ਬੀਮਾ ਸਕੀਮ ਅਧੀਨ ਲਿਆਂਦਾ ਗਿਆ ਹੈ ਜਿਸ ਦੀ ਪ੍ਰਤੀ ਜੀਅ ਆਬਾਦੀ ਕਰੀਬ 10 ਲੱਖ ਬਣਦੀ ਹੈ।

ਕੇਂਦਰ ਦੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਸ. ਸਿੱਧੂ ਨੇ ਕਿਹਾ, ‘‘ਮੋਦੀ ਨੇ 100 ਦਿਨਾਂ ਵਿੱਚ ਹੀ ਦੇਸ਼ ਦੀ ਆਰਥਿਕਤਾ ਦਾ ਬੇੜਾ ਗ਼ਰਕ ਕਰ ਦਿੱਤਾ ਹੈ। ਵਪਾਰਕ ਕੰਪਨੀਆਂ ਵਰਕਰਾਂ ਨੂੰ ਨੌਕਰੀ ਤੋਂ ਕੱਢ ਰਹੀਆਂ ਹਨ ਪਰ ਮੋਦੀ ਸਰਕਾਰ ਇਸ ਪਾਸੇ ਧਿਆਨ ਨਾ ਦੇ ਕੇ ਲੋਕਾਂ ਨੂੰ ਹੋਰ-ਹੋਰ ਪਾਸੇ ਉਲਝਾ ਰਹੀ ਹੈ।’’ ਉਨ੍ਹਾਂ ਦਿ੍ਰੜ੍ਹਤਾ ਨਾਲ ਕਿਹਾ ਕਿ ਕੈਪਟਨ ਸਰਕਾਰ ਦੇਸ਼ ਦੀ ਮਾੜੀ ਆਰਥਿਕਤਾ ਦੇ ਬਾਵਜੂਦ ਸੂਬੇ ਵਿੱਚ ਨਿਰੰਤਰ ਵੱਡੇ ਵਪਾਰਕ ਅਦਾਰਿਆਂ ਤੋਂ ਨਿਵੇਸ਼ ਲਿਆ ਰਹੀ ਹੈ ਅਤੇ ਨੌਕਰੀਆਂ ਪੈਦਾ ਕਰ ਰਹੀ ਹੈ। ਉਨ੍ਹਾਂ ਇਕੱਠ ਨੂੰ ਵੰਗਾਰਦਿਆਂ ਕਿਹਾ ਕਿ ਜੇ ਤੁਸੀਂ ਸੂਬੇ ਦਾ ਨਿਰੰਤਰ ਵਿਕਾਸ ਚਾਹੁੰਦੇ ਹੋ ਤਾਂ ਕੈਪਟਨ ਸਰਕਾਰ ਦੇ ਹੱਥ ਮਜ਼ਬੂਤ ਕਰੋ। ਜਲਾਲਾਬਾਦ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਭੇਜੋ ਤਾਂ ਜੋ ਮੈਂ ਮੁੱਖ ਮੰਤਰੀ ਤੋਂ ਦਾਅਵੇ ਨਾਲ ਹਲਕੇ ਅਤੇ ਜ਼ਿਲ੍ਹੇ ਵਾਸਤੇ ਗ੍ਰਾਂਟਾਂ ਦੇ ਵੱਧ ਤੋਂ ਵੱਧ ਗੱਫੇ ਲੈ ਸਕਾਂ।

ਫ਼ਾਜ਼ਿਲਕਾ ਦੇ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼੍ਰੀ ਰੰਜਮ ਕਾਮਰਾ ਨੇ ਜਲਾਲਾਬਾਦ ਵਿੱਚ ਨਹਿਰੀ ਸਿੰਜਾਈ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਸੁਹੇਲੇਵਾਲਾ ਡਿਸਟ੍ਰੀਬਿਊਟਰੀ ਦਾ 13.52 ਕਰੋੜ ਰੁਪਏ ਨਾਲ ਵਿਸਥਾਰ ਕਰਨ ਨੂੰ ਪੰਜਾਬ ਕੈਬਨਿਟ ਦੀ ਪ੍ਰਵਾਨਗੀ ਮਿਲਣ ਲਈ ਸ. ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਕਿਹਾ ਕਿ ਸਿਹਤ ਮੰਤਰੀ ਦੇ ਨਿੱਜੀ ਦਖ਼ਲ ਸਦਕਾ ਜਲਾਲਾਬਾਦ ਵਿਖੇ ਸਰਕਾਰੀ ਦਫ਼ਤਰਾਂ ਨੂੰ ਇੱਕ ਛੱਤ ਥੱਲੇ ਇਕੱਠਾ ਕੀਤਾ ਗਿਆ ਹੈ ਜਿਸ ਨਾਲ ਹੁਣ ਲੋਕਾਂ ਦੀ ਖੱਜਲ-ਖੁਆਰੀ ਘਟੇਗੀ। ਉਨ੍ਹਾਂ ਜ਼ਿਲ੍ਹੇ ਦੀਆਂ ਸਮੱਸਿਆਵਾਂ ਨੂੰ ਪਹਿਲੇ ਦੇ ਆਧਾਰ ’ਤੇ ਹੱਲ ਕਰਾਉਣ ਲਈ ਪੂਰੀ ਦਿਲਚਸਪੀ ਨਾਲ ਕੰਮ ਕਰਨ ਵਾਲੇ ਸਿਹਤ ਮੰਤਰੀ ਦਾ ਉਚੇਚਾ ਧੰਨਵਾਦ ਕੀਤਾ।

ਇਸ ਤੋਂ ਪਹਿਲਾਂ ਸ. ਸਿੱਧੂ ਨੇ ਜਲਾਲਾਬਾਦ ਦੇ ਸਰਕਾਰੀ ਕੰਨਿਆ ਕਾਲਜ ਨੇੜੇ ਖ਼ੁਰਾਕ ਤੇ ਸਿਵਲ ਸਪਲਾਈ, ਭੂਮੀ ਰੱਖਿਆ, ਡਰੇਨੇਜ, ਸਹਿਕਾਰੀ ਸਭਾਵਾਂ ਅਤੇ ਮਾਈਨਿੰਗ ਵਿਭਾਗਾਂ ਨੂੰ ਇਕੋ ਛੱਤ ਹੇਠ ਇਕੱਠਾ ਕਰਨ ਸਬੰਧੀ ਸਥਾਪਤ ਇਮਾਰਤ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਲੋਕ ਵੱਖੋ-ਵੱਖ ਥਾਵਾਂ ’ਤੇ ਖੱਜਲ ਨਹੀਂ ਹੋਣਗੇ ਕਿਉਂ ਜੋ ਆਮ ਲੋਕਾਂ ਖ਼ਾਸਕਰ ਕਿਸਾਨਾਂ ਨਾਲ ਜੁੜੇ ਹੋਏ ਵਿਭਾਗਾਂ ਨੂੰ ਇੱਕ ਥਾਂ ’ਤੇ ਇਕੱਠਾ ਕਰ ਦਿੱਤਾ ਗਿਆ ਹੈ।

ਇਸ ਨਾਲ ਜ਼ਾਹਰਾ ਤੌਰ ’ਤੇ ਸਮੇਂ ਦੀ ਬੱਚਤ ਹੋਵੇਗੀ। ਉਨ੍ਹਾਂ ਸਰਕਾਰੀ ਵਿਭਾਗਾਂ ਦੀ ਨਵੀਂ ਇਮਾਰਤ ਨੂੰ ਹਰਿਆਵਲ ਬਣਾਉਣ ਲਈ ਪੌਦੇ ਵੀ ਲਾਏ। ਉਨ੍ਹਾਂ ਡਿਪਟੀ ਕਮਿਸਨਰ ਨੂੰ ਉਚੇਚੇ ਤੌਰ ’ਤੇ ਕਿਹਾ ਕਿ ਕੰਪਲੈਕਸ ਵਿਚ ਵੱਧ ਤੋਂ ਵੱਧ ਬੂਟੇ ਲਾਏ ਜਾਣ। ਇਸ ਉਪਰੰਤ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਨੇੜੇ ਹੀ ਸਥਾਪਤ ਕੀਤੀ ਗਈ ‘ਸਾਡੀ ਰਸੋਈ’ ਦਾ ਦੌਰਾ ਵੀ ਕੀਤਾ। ਡਿਪਟੀ ਕਮਿਸਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਮੰਤਰੀ ਨੂੰ ਦੱਸਿਆ ਕਿ ਫ਼ਾਜ਼ਿਲਕਾ ਪਿਛੋਂ ਜਲਾਲਾਬਾਦ ਵਿਖੇ ਵੀ ਪਿਛਲੇ ਮਹੀਨੇ ‘ਸਾਡੀ ਰਸੋਈ’ ਦੀ ਸ਼ੁਰੂਆਤ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਰਸੋਈ ਵਿੱਚ ਲੋੜਵੰਦਾਂ ਲਈ 10 ਰੁਪਏ ਵਿੱਚ ਭਰ ਪੇਟ ਖਾਣਾ ਉਪਲੱਬਧ ਕਰਵਾਇਆ ਜਾ ਰਿਹਾ ਹੈ ਅਤੇ ਰਸੋਈ ਤੋਂ ਹੁਣ ਤੱਕ 8255 ਲੋੜਵੰਦ ਖਾਣਾ ਖਾ ਚੁੱਕੇ ਹਨ। ਸਿਹਤ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਲੋਕ-ਪੱਖੀ ਉਦਮ ਦੀ ਸ਼ਲਾਘਾ ਕਰਦਿਆਂ ਸੁਝਾਅ ਦਿੱਤਾ ਕਿ ਜ਼ਿਲ੍ਹੇ ਦੀਆਂ ਹੋਰਨਾਂ ਥਾਵਾਂ ’ਤੇ ਵੀ ਅਜਿਹੇ ਪ੍ਰਾਜੈਕਟ ਸੁਰੂ ਕੀਤੇ ਜਾਣ।

ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ. ਭੁਪਿੰਦਰ ਸਿੰਘ, ਸਾਬਕਾ ਸੰਸਦ ਮੈਂਬਰ ਸ. ਮੋਹਣ ਸਿੰਘ ਫਲੀਆਂਵਾਲਾ, ਪੰਜਾਬ ਕਾਂਗਰਸ ਦੇ ਬੁਲਾਰੇ ਸ੍ਰੀ ਰਾਜ ਬਖ਼ਸ਼ ਕੰਬੋਜ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਸ. ਰਣਜੀਤ ਸਿੰਘ, ਐਸ.ਡੀ.ਐਮ. ਜਲਾਲਾਬਾਦ ਸ੍ਰੀ ਕੇਸ਼ਵ ਗੋਇਲ, ਕਾਂਗਰਸ ਯੂਥ ਮੀਤ ਪ੍ਰਧਾਨ ਸ. ਸੁਖਵਿੰਦਰ ਸਿੰਘ ਕਾਕਾ ਕੰਬੋਜ, ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਕਾਂਗਰਸੀ ਆਗੂ ਸ੍ਰੀ ਸ਼ੇਰਬਾਜ ਸਿੰਘ ਸੰਧੂ ਵੈਰੋਕੇ, ਮਦਨ ਕਾਠਗੜ੍ਹ ਅਤੇ ਸਰਪੰਚ ਕੁਲਵੰਤ ਸਿੰਘ ਅਰਾਈਆਂ ਵਾਲਾ ਆਦਿ ਹਾਜ਼ਰ ਸਨ।

Share News / Article

Yes Punjab - TOP STORIES