ਬਰੈਂਪਟਨ ਦੇ ਐਮ.ਐਲ.ਏ ਅਮਰਜੋਤ ਸੰਧੂ ਵਲੋਂ ਸਪੀਕਰ ਰਾਣਾ ਕੇ.ਪੀ.ਸਿੰਘ ਨਾਲ ਮੁਲਾਕਾਤ, ਆਪਸੀ ਸੰਬੰਧ ਮਜ਼ਬੂਤ ਕਰਨ ’ਤੇ ਜ਼ੋਰ

ਚੰਡੀਗੜ੍ਹ, 4 ਫਰਵਰੀ, 2020 –

ਬਰੈਂਪਟਨ ਪੱਛਮੀ ਦੇ ਐਮ.ਐਲ.ਏ (ਐਮ.ਪੀ.ਪੀ) ਅਮਰਜੋਤ ਸੰਧੂ ਨੇ ਮੰਗਲਵਾਰ ਨੂੰ ਇੱਥੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰਵਾਸੀ ਭਾਰਤੀਆਂ ਦੇ ਵੱਖ ਵੱਖ ਮੁੱਦਿਆਂ ਤੋਂ ਜਾਣੂ ਕਰਵਾਇਆ। ਜ਼ਿਕਰਯੋਗ ਹੈ ਕਿ ਸ੍ਰੀ ਸੰਧੂ ਅਜਿਹਾ ਪਹਿਲਾ ਕੈਨੇਡੀਅਨ ਅੰਤਰਰਾਸ਼ਟਰੀ ਵਿਦਿਆਰਥੀ ਹੈ ਜੋ ਓਂਟਾਰੀਓ ਦੀ ਲੈਜਿਸਲੇਟਿਵ ਅਸੈਂਬਲੀ ਵਿੱਚ ਚੁਣਿਆ ਗਿਆ ਹੈ।

ਕਨੇਡੀਅਨ ਵਿਧਾਇਕ ਦਾ ਸਵਾਗਤ ਕਰਦਿਆਂ ਸਪੀਕਰ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਲਮੇਂ ਸਮੇਂ ਤੋਂ ਲੋਕਤਾਂਤ੍ਰਿਕ ਅਤੇ ਬਹੁਲਵਾਦ ਦੀਆਂ ਸਾਂਝੀਆਂ ਪਰੰਪਰਾਵਾਂ ਉੱਤੇ ਅਧਾਰਤ ਬੜੀ ਗੂੜ੍ਹੀ ਸਾਂਝ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਪੰਜਾਬੀਆਂ ਲਈ ਦੂਜੇ ਘਰ ਵਰਗਾ ਹੈ ਅਤੇ ਵਿਦੇਸ਼ਾਂ ਵਿੱਚ ਪੰਜਾਬੀਆਂ ਨੂੰ ਅੱਗੇ ਵੱਖ ਵੱਖ ਖੇਤਰਾਂ ’ਚ ਵੱਧਦੇ ਵੇਖ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਸ੍ਰੀ ਅਮਰਜੋਤ ਸੰਧੂ ਕੈਨੇਡੀਅਨ ਰਾਜਨੀਤੀ ਵਿਚ ਪੰਜਾਬੀਆਂ ਦੀ ਮਜ਼ਬੂਤ ਹਾਜ਼ਰੀ ਦੀ ਜੀਵਤ ਉਦਾਹਰਣ ਹਨ ।

ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਨੂੰ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਾਂਝੀ ਹਿੱਤਾਂ ਦੇ ਵਧੇਰੇ ਮੌਕੇ ਤਲਾਸ਼ਣ ਦੀ ਲੋੜ ਹੈ। ਸ੍ਰੀ ਸੰਧੂ ਨੇ ਪ੍ਰਵਾਸੀ ਭਾਰਤੀਆਂ ਦੀ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਕਦਮਾਂ ‘ਤੇ ਵੀ ਤਸੱਲੀ ਪ੍ਰਗਟਾਈ । ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਵਿਧਾਇਕ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਸ੍ਰੀ ਸੰਧੂ ਨਾਲ ਬਾਬਾ ਬਕਾਲਾ ਦੇ ਵਿਧਾਇਕ ਸ੍ਰੀ ਸੰਤੋਖ ਸਿੰਘ ਭਲਾਈਪੁਰ ਵੀ ਮੌਜੂਦ ਸਨ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਅਸੈਂਬਲੀ ਹਾਲ ਦਾ ਦੌਰਾ ਵੀ ਕੀਤਾ ਅਤੇ ਪੰਜਾਬ ਵਿਧਾਨ ਸਭਾ ਸਕੱਤਰ ਸ਼੍ਰੀਮਤੀ ਸ਼ਸ਼ੀ ਲਖਨਪਾਲ ਮਿਸ਼ਰਾ ਨੇ ਵਿਧਾਨ ਸਭਾ ਦੇ ਇਤਿਹਾਸ ਅਤੇ ਮੌਜੂਦਾ ਬਣਤਰ ਬਾਰੇ ਜਾਣਕਾਰੀ ਦਿੱਤੀ।

Share News / Article

Yes Punjab - TOP STORIES