ਬਰਿੰਦਰ ਢਿੱਲੋਂ ਦੀ ਕਮਾਨ ਹੇਠ ਪੰਜਾਬ ਯੂਥ ਕਾਂਗਰਸ ਨੇ ਦਿੱਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ਼ ਧਰਨੇ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ, 4 ਅਗਸਤ, 2020 –

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸ ਦਾ ਵਿਰੋਧ ਕਰਦਿਆਂ ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਆਪਣੀ ਪਾਰਟੀ ਦੇ ਹੋਰਨਾਂ ਅਹੁਦੇਦਾਰਾਂ ਨਾਲ ਮੁਹਾਲੀ ਵਿਖੇ ਪੰਜਾਬ ਮੰਡੀ ਬੋਰਡ ਦੇ ਦਫਤਰ ਅੱਗੇ ਧਰਨਾ ਦਿੱਤਾ।

ਧਰਨੇ ਵਾਲੀ ਥਾਂ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਖੇਤੀ ਖੇਤਰ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ। ਉਨਾਂ ਦੱਸਿਆ ਕਿ ਪੰਜਾਬ ਯੂਥ ਕਾਂਗਰਸ ਦੇ ਅਹੁਦੇਦਾਰਾਂ ਨੇ ਸੂਬੇ ਵਿੱਚ 500 ਤੋਂ ਵੱਧ ਥਾਵਾਂ ’ਤੇ ਧਰਨੇ ਦਿੱਤੇ। ਉਨਾਂ ਦੱਸਿਆ ਕਿ ਕੋਵਿਡ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੇ 117 ਹਲਕਿਆਂ ਵਿਚ ਹਰ ਜਗਾ ਸਿਰਫ 5 ਲੋਕ ਮੌਜੂਦ ਰਹੇ।

ਉਨਾਂ ਕਿਹਾ ਕਿ ਇਨਾਂ ਆਰਡੀਨੈਂਸਾਂ ਰਾਹੀਂ ਮੰਡੀ ਬੋਰਡ ਦਾ ਮੌਜੂਦਾ ਢਾਂਚਾ ਤਬਾਹ ਹੋ ਜਾਵੇਗਾ ਅਤੇ ਪੰਜਾਬ ਮੰਡੀ ਬੋਰਡ ਦੇ ਵਿਕਾਸ ਕਾਰਜ ਜਾਂ ਮਾਲੀਆ ਉਤਪਾਦਨ ਰੁਕ ਜਾਣਗੇ, ਜੋ ਪੰਜਾਬ ਦੀ ਤਰੱਕੀ ਵਿਚ ਰੁਕਾਵਟ ਬਣਨਗੇ। ਸਰਕਾਰੀ ਏਜੰਸੀਆਂ ਦੀ ਖਰੀਦ ਸਿਰਫ ਪੀ.ਡੀ.ਐੱਸ. ਵੰਡ ਤਕ ਸੀਮਤ ਰਹਿ ਜਾਵੇਗੀ। ਪੰਜਾਬ ਦਾ ਮੌਜੂਦਾ 1 ਕਰੋੜ 27 ਲੱਖ ਮੀਟਿ੍ਰਕ ਟਨ ਦਾ ਕੋਟਾ, ਜੋ ਕੇਂਦਰ ਸਰਕਾਰ ਵੱਲੋਂ ਖਰੀਦਿਆ ਜਾਂਦਾ ਹੈ, 8.5 ਲੱਖ ਮੀਟਿ੍ਰਕ ਟਨ ਤੱਕ ਸੀਮਿਤ ਕਰ ਦਿੱਤਾ ਜਾਵੇਗਾ।

ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਦੋ-ਤਿੰਨ ਕਾਰੋਬਾਰੀ ਘਰਾਣਿਆਂ ਦਾ ਏਕਾਧਿਕਾਰ ਟੈਲੀਕਾਮ, ਕੋਲਾ ਅਤੇ ਪੈਟਰੋਲੀਅਮ ਖੇਤਰ ’ਤੇ ਬਣਾ ਦਿੱਤਾ ਹੈ ਜਿਸ ਨਾਲ ਵੱਡੀਆਂ ਕੰਪਨੀਆਂ ਬਾਹਰ ਹੋ ਗਈਆਂ ਹਨ। ਜੇ ਖੇਤੀ ਖੇਤਰ ਵਿੱਚ ਵੀ ਅਜਿਹੀ ਹੀ ਪ੍ਰਣਾਲੀ ਲਾਗੂ ਕਰ ਦਿੱਤੀ ਗਈ ਤਾਂ ਕਿਸਾਨ ਆਪਣੀ ਹੀ ਜ਼ਮੀਨ ਵਿੱਚ ਮਜ਼ਦੂਰ ਬਣ ਕੇ ਰਹਿ ਜਾਵੇਗਾ। ਪੰਜਾਬ ਦੀ ਆਰਥਿਕਤਾ ਅਤੇ ਕਿਸਾਨੀ ਤਬਾਹ ਹੋ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ’ਤੇ ਧਾਵਾ ਬੋਲਦਿਆਂ ਢਿੱਲੋਂ ਨੇ ਕਿਹਾ ਕਿ ਹਰਸਿਮਰਤ ਬਾਦਲ ਨੇ ਇਨਾਂ ਕਿਸਾਨ ਵਿਰੋਧੀ ਆਰਡੀਨੈਂਸ’ ਤੇ ਦਸਤਖਤ ਕਰਕੇ ਆਪਣੀ ਸਹਿਮਤੀ ਦਿੱਤੀ ਹੈ, ਜਦਕਿ ਦੂਜੇ ਬੰਨੇ ਉਸ ਦੇ ਪਤੀ ਸੁਖਬੀਰ ਬਾਦਲ ਇਹ ਕਹਿ ਕੇ ਕਿਸਾਨਾਂ ਦੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਰੋਕਣ ਲਈ ਕਿਸੇ ਵੀ ਕੁਰਬਾਨੀ ਤੋਂ ਪਿਛੇ ਨਹੀਂ ਹਟੇਗਾ। ਢਿੱਲੋਂ ਨੇ ਸੁਖਬੀਰ ਬਾਦਲ ਨੂੰ ਸੰਬੋਧਨ ਹੁੰਦਿਆਂ ਪੁੱਛਿਆ ਕਿ ਸੁਖਬੀਰ ਬੱਸ ਇਹ ਸਪਸ਼ਟ ਕਰ ਦੇਵੇ ਕਿ ਉਸ ਨੇ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਕਿਹੜੀ ਕੁਰਬਾਨੀ ਦਿੱਤੀ ਹੈ? ਤੁਸੀਂ ਲੰਮੇ ਸਮੇਂ ਤੋਂ ਆਪਣੀਆਂ ਕੋਝੀਆਂ ਚਾਲਾਂ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਹੈ ਪਰ ਹੁਣ ਤੁਹਾਡੀਆਂ ਚਾਲਾਂ ਕੰਮ ਨਹੀਂ ਆਉਣਗੀਆਂ।

ਢਿੱਲੋਂ ਨੇ ਕੇਂਦਰ ਸਰਕਾਰ ’ਤੇ ਖੇਤੀ ਖੇਤਰ ਨੂੰ ਦਬਾਉਣ ਲਈ ਨੀਤੀਆਂ ਘੜਣ ਦਾ ਦੋਸ਼ ਲਾਇਆ। ਉਨਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨੋ ਆਰਡੀਨੈਂਸ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਹਿਤਾਂ ਵਿਰੁੱਧ ਹਨ ਅਤੇ ਉਨਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕਿਸਾਨ ਭਾਈਚਾਰੇ ਨੂੰ ਗੰਭੀਰ ਖਦਸ਼ਾ ਹੈ ਕਿ ਕੇਂਦਰ ਦੁਆਰਾ ਕਾਰਪੋਰੇਟ ਸੈਕਟਰ ਨੂੰ ਲਾਭ ਪਹੁੰਚਾਉਣ ਦੀ ਮਨਸ਼ਾ ਨਾਲ ਘੱਟੋ-ਘੱਟ ਸਮਰਥਨ ਮੁੱਲ ਵਿਧੀ ਅਤੇ ਯਕੀਨਨ ਮੰਡੀਕਰਣ ਪ੍ਰਣਾਲੀ ਨੂੰ ਬਰਬਾਦ ਕੀਤਾ ਜਾ ਸਕਦਾ ਹੈ।

ਉਨਾਂ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ’ਚ ਆਈ ਹੈੈ, ਕੇਂਦਰ ਵਿਚ ਸਰਕਾਰ ਨਾਲ ਸਬੰਧਤ ਸੰਸਥਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਤਾਜ਼ਾ ਆਰਡੀਨੈਂਸ ਮਜ਼ਬੂਤ ਮੰਡੀ ਪ੍ਰਣਾਲੀ ਨੂੰ ਵਿਗਾੜਨ ਦੀ ਸਾਜ਼ਿਸ਼ ਹੈ। ਉਨਾਂ ਕਿਹਾ ਕਿ ਹਰੀ ਕ੍ਰਾਂਤੀ ਦੇ ਮੁੱਖ ਨਤੀਜੇ ਵਜੋਂ ਛੋਟੇ ਵਪਾਰੀਆਂ ਦੁਆਰਾ ਮੰਡੀ ਪ੍ਰਣਾਲੀ ਦਾ ਗਠਨ ਹੋਇਆ ਸੀ ਅਤੇ ਹੁਣ ਮੋਦੀ ਸਰਕਾਰ ਇਸ ਨੂੰ ਵੱਡੇ ਵਪਾਰਕ ਘਰਾਣਿਆਂ ਵਿੱਚ ਤਬਦੀਲ ਕਰਨ ਜਾ ਰਹੀ ਹੈ, ਜੋ ਸੀਮਾਂਤ ਕਿਸਾਨਾਂ ਲਈ ਬਿਲਕੁਲ ਚੰਗਾ ਨਹੀਂ ਹੈ।

ਢਿੱਲੋਂ ਨੇ ਕਿਹਾ ਕਿ ਅਕਾਲੀ-ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੇ ਰਾਜ ਦੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ ਹੈ ਅਤੇ ਹੁਣ ਖੇਤੀਬਾੜੀ ਖੇਤਰ ਵਿੱਚ ਇਹ ਭਿਆਨਕ ਤਬਦੀਲੀਆਂ ਕਰਨ ਨਾਲ ਖੇਤੀ ਖੇਤਰ ਹੋਰ ਬਰਬਾਦ ਹੋ ਜਾਵੇਗਾ। ਉਨਾਂ ਹਰਸਿਮਰਤ ਬਾਦਲ ਨੂੰ ਇਹ ਦੱਸਣ ਲਈ ਕਿਹਾ ਕਿ ਕੇਂਦਰ ਵਿੱਚ ਮੰਤਰੀ ਹੁੰਦਿਆਂ ਹਰਸਿਮਰਤ ਬਾਦਲ ਨੇ ਰਾਜ ਦੇ ਕਿਸਾਨਾਂ ਨੂੰ ਬਚਾਉਣ ਲਈ ਕੀ ਕੀਤਾ ਹੈ। ਉਨਾਂ ਚੇਤਾਵਨੀ ਦਿੱਤੀ ਕਿ ਜੇ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਨਾ ਲਿਆ ਗਿਆ ਤਾਂ ਹਰਸਿਮਰਤ ਬਾਦਲ ਅਤੇ ਨਰਿੰਦਰ ਮੋਦੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •