ਬਰਾਤ ਤੋਂ ਪਹਿਲਾਂ ਕਾਂਗਰਸ ਨੂੰ ਐਲਾਨ ਦੇਣਾ ਚਾਹੀਦਾ ਹੈ ‘ਲਾੜਾ’, ਲੋਕ ਜਾਣਨਾ ਚਾਹੁੰਦੇ ਹਨ ਕੌਣ ਚਿੱਕੜ ਵਿੱਚੋਂ ਕੱਢੇਗਾ ਪੰਜਾਬ ਨੂੰ: ਨਵਜੋਤ ਸਿੱਧੂ

ਯੈੱਸ ਪੰਜਾਬ
ਚੰਡੀਗੜ੍ਹ, 29 ਦਸੰਬਰ, 2021:
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਬਰਾਤ ਤੋਂ ਪਹਿਲਾਂ ਪਹਿਲਾਂ ‘ਲਾੜਾ’ ਐਲਾਨ ਦੇਣਾ ਚਾਹੀਦਾ ਹੈ।

ਇਕ ਟੀ.ਵੀ.ਚੈਨਲ ਨਾਲ ਗੱਲਬਾਤ ਦੌਰਾਨ ਸ: ਸਿੱਧੂ ਨੇ ਕਿਹਾ ਕਿ ਕਾਂਗਰਸ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਹੀ ਚੋਣ ਮੈਦਾਨ ਵਿੱਚ ਨਿੱਤਰਣਾ ਚਾਹੀਦਾ ਹੈ।

ਉਹਨਾਂ ਆਖ਼ਿਆ ਕਿ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਪੰਜਾਬ ਨੂੰ ‘ਚਿੱਕੜ’ ਵਿੱਚੋਂ ਕੌਣ ਕੱਢੇਗਾ ਅਤੇ ਕਿਵੇਂ ਕੱਢੇਗਾ, ਸਾਡਾ ‘ਰੋਡਮੈਪ’ ਕੀ ਹੈ? ’

ਸ: ਸਿੱਧੂ ਨੇ ਯਾਦ ਕਰਵਾਇਆ ਕਿ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨ ਕੇ ‘ਆਮ ਆਦਮੀ ਪਾਰਟੀ’ ਦਾ ਜੋ ਹਾਲ 2017 ਵਿੱਚ ਹੋਇਆ ਸੀ, ਉਹੀ ਹੁਣ ਕਾਂਗਰਸ ਦਾ ਹੋਵੇਗਾ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਦੋਂ ਵੀ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਚਿ ਹਰਾ ਐਲਾਨਿਆ ਸੀ ਅਤੇ ਪਾਰਟੀ ਨੂੰ ਚਾਹੀਦਾ ਹੈ ਕਿ ਹੁਣ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ।

ਉਹਨਾਂ ਆਖ਼ਿਆ ਕਿ ਉਦੋਂ ਅਸੀਂ ਲੋਕ ‘ਆਮ ਆਦਮੀ ਪਾਰਟੀ’ ਨੂੰ ਪੁੱਛਦੇ ਸਾਂ ਕਿ ‘ਤੁਹਾਡਾ ਲਾੜਾ ਕਿਹੜਾ ਹੈ?’ ਅਤੇ ਜੇ ਕਾਂਗਰਸ ਨੇ ਇਸ ਵਾਰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਿਆ ਤਾਂ ਇਸ ਵਾਰ ਲੋਕ ਸਾਨੂੰ ਪੁੱਛਣਗੇ ਕਿ ‘ਤੁਹਾਡਾ ਲਾੜਾ ਕੌਣ ਹੈ?’

ਉਹਨਾਂ ਆਖ਼ਿਆ ਕਿ ਇਸ ਬਾਰੇ ਕੋਈ ਵੀ ਨਿਰਣਾ ਕਾਂਗਰਸ ਹਾਈਕਮਾਨ ਨੇ ਹੀ ਲੈਣਾ ਹੈ।

ਜ਼ਿਕਰਯੋਗ ਹੈ ਕਿ ਇਸ ਵੇਲੇ ਪੰਜਾਬ ਕਾਂਗਰਸ ਅੰਦਰ ਮੁੱਖ ਮੰਤਰੀ ਦੇ ਚਿਹਰੇ ਲਈ ਦੌੜ ਲੱਗੀ ਹੋਈ ਹੈ। ਕਾਂਗਰਸ ਨੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੂੰ ਲਿਆ ਕੇ ਦਾਅਵਾ ਕੀਤਾ ਸੀ ਕਿ ਉਸਨੇ ਪੰਜਾਬ ਨੂੰ ਪਹਿਲਾ ਦਲਿਤ ਮੁੱਖ ਮੰਤਰੀ ਦਿੱਤਾ ਹੈ ਪਰ ਸ: ਸਿੱਧੂ ਜੋ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਹਮਲਾਵਰ ਰੁਖ਼ ਅਪਨਾਈ ਰੱਖਦੇ ਸਨ, ਹੁਣ ਸ: ਚੰਨੀ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੂੰ ਲੈ ਕੇ ਵੀ ਲਗਪਗ ਰੋਜ਼ ਹੀ ‘ਚੋਭਾਂ’ ਲਾਉਂਦੇ ਵਿਖ਼ਾਈ ਦਿੰਦੇ ਹਨ।

ਇੱਥੇ ਹੀ ਬਸ ਨਹੀਂ ਕਾਂਗਰਸ ਕੋਲ ਕਈ ਹੋਰ ਐਸੇ ਆਗੂ ਹਨ ਜਿਹੜੇ ਅਗਲੇ ਸਮੇਂ ਵਿੱਚ ਮੁੱਖ ਮੰਤਰੀ ਬਣਨ ਦੇ ਚਾਹਵਾਨ ਹਨ ਅਤੇ ਇਸ ਗੱਲ ਦੀ ਆਸ ਲਾਈ ਬੈਠੇ ਹਨ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਲੱਗੀ ਦੌੜ ਵਿੱਚ ਸ:ਚਰਨਜੀਤ ਸਿੰਘ ਚੰਨੀ ’ਤੇ ਗੁਣਾ ਪਿਆ ਸੀ, ਕਿਹਾ ਨਹੀਂ ਜਾ ਸਕਦਾ ਕਿ ਕਾਂਗਰਸ ਦੀ ਜਿੱਤ ਹੋਣ ’ਤੇ ਕਿਸ ’ਤੇ ਗੁਣਾ ਆ ਪੈਂਦਾ ਹੈ।

ਜਿੱਥੇ ਸ: ਚਰਨਜੀਤ ਸਿੰਘ ਚੰਨੀ, ਉਨ੍ਹਾਂ ਨੂੰ ਮਿਲੇ ਥੋੜ੍ਹੇ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਕੇ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਦੌੜ ਵਿੱਚ ਅੱਗੇ ਰੱਖਣ ਦੇ ਆਹਰ ਵਿੱਚ ਹਨ, ਉੱਥੇ ਸ: ਸਿੱਧੂ ਆਪਣੇ ਆਪ ਨੂੂੰ ਹੀ ‘ਇਕੋ ਇਕ ਇਮਾਨਦਾਰ ਅਤੇ ਪੰਜਾਬਪ੍ਰਸਤ’ ਬਦਲ ਵਜੋਂ ਪੇਸ਼ ਕਰ ਰਹੇ ਹਨ ਤਾਂ ਜੋ 2022 ਚੋਣਾਂ ਲਈ ਕਾਂਗਰਸ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨੇ।