ਬਠਿੰਡਾ ਸਾਈਕਲਿੰਗ ਗਰੁੱਪ ਨੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਾਉਣ ਦੇ ਮੰਤਵ ਨਾਲ ਵੰਡੇ ਜੂਟ ਦੇ ਬਣੇ ਬੈਗ

ਬਠਿੰਡਾ, 11 ਸਤੰਬਰ, 2019 –

ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੇ ਮੰਤਵ ਨਾਲ ਬਠਿੰਡਾ ਸਾਈਕਲਿੰਗ ਗਰੁੱਪ ਦੇ ਨੁਮਾਇੰਦਿਆਂ ਵਲੋਂ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਕੁਝ ਵਿਭਾਗਾਂ ਵਿੱਚ ਜਾ ਕੇ ਕਲਕੱਤਾ ਤੋਂ ਮੰਗਵਾਏ ਜੂਟ ਦੇ ਬੈਗਾਂ ਨੂੰ ਮੁਫਤ ਵਿੱਚ ਵੰਡਿਆ ਗਿਆ।

ਸਾਈਕਲਿੰਗ ਗਰੁੱਪ ਦੇ ਇਨਾਂ ਨੁਮਾਇੰਦਿਆਂ ਵੱਲੋਂ ਇਸ ਨਿਵੇਕਲੇ ਕੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੂੰ ਜੂਟ ਦਾ ਬੈਗ ਦੇ ਕੇ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਸਾਈਕਲਿੰਗ ਗਰੁੱਪ ਦੇ ਨੁਮਾਇੰਦਿਆਂ ਦੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਨੂੰ ਪਲਾਸਟਿਕ ਤੋਂ ਬਣੇ ਲਿਫ਼ਾਫ਼ਿਆਂ ਦੀ ਥਾਂ ਥੈਲਿਆਂ ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਘਰੇਲੂ ਬਣੇ ਕੱਪੜੇ ਦੇ ਬੈਗਾਂ ਦੀ ਵਰਤੋਂ ਨਾਲ ਵਾਤਾਵਰਣ ਨੂੰ ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।

ਉਨਾਂ ਸਾਈਕਲਿੰਗ ਗਰੁੱਪ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਪਲਾਸਟਿਕ ਦੇ ਔਗੁਣਾ ਬਾਰੇ ਵੱਧ ਤੋਂ ਵੱਧ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਅਤੇ ਉਨਾਂ ਨੂੰ ਪਲਾਸਟਿਕ ਦੀ ਬਜਾਏ ਘਰੇਲੂ ਬਣੇ ਕੱਪੜੇ ਜਾਂ ਕਾਗਜ ਦੇ ਬੈਗ ਵਰਤਣ ਲਈ ਜਾਗਰੂਕ ਕੀਤਾ ਜਾਵੇ।

ਸਾਈਕਲਿੰਗ ਗਰੁੱਪ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਹ ਜੂਟ ਦੇ ਬੈਗ ਵਿਸ਼ੇਸ਼ ਤੌਰ ‘ਤੇ ਕਲਕੱਤਾ ਤੋਂ ਮੰਗਵਾਏ ਗਏ ਹਨ ਅਤੇ ਜਿਸ ਉਪਰ ਬਠਿੰਡਾ ਸ਼ਹਿਰ ਦੀ ਪਹਿਚਾਣ, ਬਠਿੰਡੇ ਦੇ ਕਿਲੇ ਦਾ ਚਿੱਤਰ ਵੀ ਉਕੇਰਿਆ ਗਿਆ ਹੈ, ਜਿਸ ਦਾ ਡਿਜ਼ਾਇਨ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ ਵੱਲੋਂ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਫਿਲਹਾਲ ਸਾਈਕਲਿੰਗ ਗਰੁੱਪ ਅਤੇ ਇੰਡੀਅਨ ਆਇਲ ਡਿਪੂ ਬਠਿੰਡਾ ਦੇ ਸਹਿਯੋਗ ਨਾਲ ਤਕਰੀਬਨ 500 ਬੈਗ ਮੰਗਵਾਏ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਨਾਂ ਦੀ ਗਿਣਤੀ ਹੋਰ ਵੀ ਵਧਾਈ ਜਾਵੇਗੀ। ਉਨਾਂ ਕਿਹਾ ਕਿ ਆਮ ਲੋਕਾਂ ਵਿੱਚ ਇਨਾਂ ਖੂਬਸੂਰਤ ਬੈਗਾਂ ਨੂੰ ਲੈ ਕੇ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ।

ਸਾਈਕਲਿੰਗ ਗੁਰੱਪ ਦੇ ਮੈਂਬਰ ਪ੍ਰੀਤ ਮਹਿੰਦਰ ਬਰਾੜ, ਅਭਿਨਾਸ਼ ਕੁਮਾਰ, ਕਰਨ ਮੌਂਗਾ, ਕ੍ਰਿਸ਼ਨ ਕੁਮਾਰ, ਹਰਵਿੰਦਰ ਸਿੰਘ, ਕੇਵਲ ਕ੍ਰਿਸ਼ਨ ਅਤੇ ਨਰਿੰਦਰ ਸੋਨੀ ਨੇ ਦੱਸਿਆ ਕਿ ਜੂਟ ਦੇ ਬੈਗਾਂ ਦਾ ਪ੍ਰਚਲਨ ਵਧਾਉਣ ਲਈ ਸਮੂਹ ਗਰੱਪ ਦੇ ਮੈਂਬਰਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਸਾਈਕਲਿੰਗ ਗਰੁੱਪ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵਿੱਚ ਤਾਇਨਾਤ ਸਰਕਾਰੀ ਵਿਭਾਗਾਂ ਦੇ ਮੁਖੀਆਂ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਜੂਟ ਬੈਗ ਦੇ ਇਸਤੇਮਾਲ ਅਤੇ ਇਸ ਦੇ ਪ੍ਰਚਾਰ ਸਬੰਧੀ ਸਾਈਕਲਿੰਗ ਗਰੁੱਪ ਦੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।

Share News / Article

Yes Punjab - TOP STORIES