ਬਟਾਲਾ ਦੀ ਪਟਾਕਾ ਫ਼ੈਕਟਰੀ ’ਚ ਵੱਡਾ ਧਮਾਕਾ, 40 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਸ਼ੰਕਾ

ਯੈੱਸ ਪੰਜਾਬ
ਬਟਾਲਾ, 4 ਸਤੰਬਰ, 2019:

ਬਟਾਲਾ ਦੀ ਇਕ ਪਟਾਕਾ ਫ਼ੈਕਟਰੀ ਵਿਚ ਇਕ ਵੱਡੇ ਧਮਾਕੇ ਤੋਂ ਬਾਅਦ ਲਗਾਤਾਰ ਧਮਾਕੇ ਹੋਣ ਦੀ ਖ਼ਬਰ ਹੈ। ਸੂਤਰਾਂ ਤੋਂ ਮਿਲ ਰਹੀ ਅਪੁਸ਼ਟ ਜਾਣਕਾਰੀ ਅਨੁਸਾਰ ਇਸ ਧਮਾਕੇ ਵਿਚ 50 ਦੇ ਲਗਪਗ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਲਪਗਪ ਇਕ ਦਰਜਨ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।

ਪਤਾ ਲੱਗਾ ਹੈ ਕਿ ਪਹਿਲੇ ਜ਼ਬਰਦਸਤ ਧਮਾਕੇ, ਜਿਸ ਨਾਲ ਫ਼ੈਕਟਰੀ ਇਕ ਲਗਦਮ ਮਲਬੇ ਵਿਚ ਤਬਦੀਲ ਹੋ ਗਈ, ਤੋਂ ਬਾਅਦ ਵੀ ਲਗਾਤਾਰ ਕਈ ਧਮਾਕੇ ਇਸ ਫ਼ੈਕਟਰੀ ਵਿਚ ਹੋਏ।

ਬਾਅਦ ਦੁਪਹਿਰ ਜਲੰਧਰ ਰੋਡ ’ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਸ ਪਟਾਕਾ ਫ਼ੈਕਟਰੀ ਵਿਚ ਪਹਿਲਾਂ ਇਕ ਜ਼ਬਰਦਸਤ ਧਮਾਕਾ ਹੋਇਆ ਜਿਸ ਨਾਲ ਕਈ ਗੁਆਂਢੀ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪੁੱਜਿਆ। ਪਟਾਕਾ ਫ਼ੈਕਟਰੀ ਅਤੇ ਹੋਰ ਲਗਪਗ ਅੱਧੀ ਦਰਜਨ ਇਮਾਰਤਾਂ ਇਸ ਧਮਾਕੇ ਨਾਲ ਢਹਿ ਢੇਰੀ ਹੋ ਗਈਆਂ ਅਤੇ ਕਈ ਕਾਰਾਂ ਸਣੇ ਹੋਰ ਵਾਹਨਾਂ ਨੂੂੰ ਵੀ ਭਾਰੀ ਨੁਕਸਾਨ ਪੁੱਜਾ।

ਰਿਹਾਇਸ਼ੀ ਇਲਾਕੇ ਵਿਚ ਸੇਂਟ ਫ਼ਰਾਂਸਿਸ ਸਕੂਲ ਨੇੜੇ ਸਥਿਤ ਇਸ ਪਟਾਕਾ ਫ਼ੈਕਟਰੀ ਵਿਚ ਧਮਾਕੇ ਦੀ ਖ਼ਬਰ ਤੋਂ ਬਾਅਦ ਪ੍ਰਸ਼ਾਸ਼ਨ ਹਰਕਤ ਵਿਚ ਆਇਆ ਹੈ। ਪੁਲਿਸ ਅਤੇ ਹੋਰ ਫ਼ੋਰਸਾਂ ਧਮਾਕੇ ਵਾਲੀ ਥਾਂ ’ਤੇ ਪੁੱਜੀਆਂ ਹਨ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ। ਮੁੱਢਲੇ ਤੌਰ ’ਤੇ ਇਲਾਕਾ ਨਿਵਾਸੀ ਹੀ ਰਾਹਤ ਕਾਰਜਾਂ ਵਿਚ ਸਾਥ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਇਸ ਪਟਾਕਾ ਫ਼ੈਕਟਰੀ ਵਿਚ ਪਹਿਲਾਂ ਵੀ ਇਕ ਵਾਰ ਧਮਾਕਾ ਹੋ ਚੁੱਕਾ ਹੈ ਅਤੇ ਉਦੋਂ ਵੀ ਇਸ ਫ਼ੈਕਟਰੀ ਨੂੰ ਰਿਹਾਇਸ਼ੀ ਇਲਾਕੇ ਵਿਚੋਂ ਬਾਹਰ ਲਿਜਾਏ ਜਾਣ ਦੀ ਮੰਗ ਉੱਠੀ ਸੀ ਪਰ ਪ੍ਰਸ਼ਾਸ਼ਨ ਵੱਲੋਂ ਇਸ ਬਾਰੇ ਕੋਈ ਪੁਖ਼ਤਾ ਕਦਮ ਨਾ ਚੁੱਕੇ ਜਾਣ ਕਾਰਨ ਅੱਜ ਹਾਦਸਾ ਵਾਪਰਿਆ ਹੈ।

Share News / Article

Yes Punjab - TOP STORIES