ਬਗਾਵਤ ਦੇ ਡਰ ਤੋਂ ਕੈਬਨਿਟ ਰੈਂਕ ਵੰਡ ਰਹੇ ਹਨ ਕੈਪਟਨ ਅਮਰਿੰਦਰ ਸਿੰਘ: ਸੁਖ਼ਪਾਲ ਸਿੰਘ ਖ਼ਹਿਰਾ

ਚੰਡੀਗੜ, 11 ਸਤੰਬਰ, 2019 –

ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੋਕ ਵਿਰੋਧੀ ਨੀਤੀਆਂ ਕਾਰਨ ਕਾਂਗਰਸ ਵਿਧਾਨਕਾਰ ਦਲ ਵਿੱਚ ਹੋਣ ਵਾਲੀ ਬਗਾਵਤ ਨੂੰ ਕਾਬੂ ਕਰਨ ਲਈ ਕੈਬਿਨਟ ਰੈਂਕ ਵੰਡਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਅਤੇ ਇਲਜਾਮ ਲਗਾਇਆ ਕਿ ਆਪਣੇ ਨਿੱਜੀ ਸਿਆਸੀ ਹਿੱਤਾਂ ਦੀ ਖਾਤਿਰ ਉਹ ਸਰਕਾਰੀ ਖਜਾਨੇ ਦੀ ਦੁਰਵਰਤੋਂ ਕਰ ਰਹੇ ਹਨ।

ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਮਾੜੀ ਗਵਰਨੈਂਸ, ਭਾਜਪਾ ਅਤੇ ਬਾਦਲ ਪਰਿਵਾਰ ਦੇ ਹਿੱਤਾਂ ਨੂੰ ਪ੍ਰਮੋਟ ਕਰਨ ਅਤੇ ਡਰੱਗ, ਮਾਈਨਿੰਗ ਅਤੇ ਟਰਾਂਸਪੋਰਟ ਮਾਫੀਆ ਨੂੰ ਸ਼ਹਿ ਦੇਣ ਕਾਰਨ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸਮਾਜ ਦੇ ਹਰ ਵਰਗ ਦੇ ਨਾਲ ਨਾਲ ਉਹਨਾਂ ਦੀ ਹੀ ਪਾਰਟੀ ਦੇ ਲੋਕਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲਿਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਚਿੰਤਤ ਹਨ।

ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ ਕੋਲ ਆਪਣੇ ਕਰਮਚਾਰੀਆਂ ਨੂੰ ਦੇਣ ਲਈ ਤਨਖਾਹਾਂ ਨਹੀਂ ਹਨ ਅਤੇ ਨਵੇਂ ਮੁਲਾਜਮਾਂ ਨੂੰ ਨਾਂ ਮਾਤਰ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਟਾ ਦਾਲ ਸਕੀਮ, ਸ਼ਗਨ ਸਕੀਮ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਰਗੀਆਂ ਸਮਾਜ ਭਲਾਈ ਸਕੀਮਾਂ ਫੰਡਾਂ ਦੀ ਘਾਟ ਕਾਰਨ ਲਗਭਗ ਬੰਦ ਪਈਆਂ ਹਨ। ਹੜ ਪੀੜਤ ਲੋਕਾਂ ਅਤੇ ਬਟਾਲਾ ਫੈਕਟਰੀ ਬਲਾਸਟ, ਅੰਮ੍ਰਿਤਸਰ ਦੁਸਿਹਰਾ ਰੇਲ ਹਾਦਸੇ ਦੇ ਪੀੜਤਾਂ ਨੂੰ ਮੁਆਵਜਾ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਹਨ।

ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਿਟਾਇਰ ਅਫਸਰਾਂ, ਗੈਰ ਕਾਂਗਰਸੀ ਵਿਅਕਤੀਆਂ ਅਤੇ ਆਪਣੇ ਪਰਿਵਾਰ ਦੇ ਵਫਾਦਾਰ ਲੋਕਾਂ ਨੂੰ ਕਾਰਪੋਰੇਸ਼ਨਾਂ ਅਤੇ ਬੋਰਡਾਂ ਵਿੱਚ ਆਲਾ ਸੰਵਿਧਾਨਕ ਕੁਰਸੀਆਂ ਨਾਲ ਨਿਵਾਜੇ ਜਾਣ ਕਾਰਨ ਵੀ ਉਹਨਾਂ ਨੂੰ ਪਾਰਟੀ ਵਿਧਾਇਕਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਅਫਸਰਸ਼ਾਹੀ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਚੁਣੇ ਹੋਏ ਨੁਮਾਂਇੰਦੇਆਂ ਦੀ ਕੋਈ ਸੁਣਵਾਈ ਨਹੀਂ ਹੈ।

ਉਹਨਾਂ ਕਿਹਾ ਕਿ ਪਹਿਲਾਂ ਹੀ ਰਜਿੰਦਰ ਕੋਰ ਭੱਠਲ ਅਤੇ ਸਨਅਤਕਾਰ ਅਮ੍ਰਿਤ ਸਾਗਰ ਮਿੱਤਲ ਨੂੰ ਪੰਜਾਬ ਸਟੇਟ ਪਲਾਂਨਿੰਗ ਬੋਰਡ ਦੇ ਵਾਈਸ ਚੇਅਰਪਰਸਨ ਬਣਾ ਕੇ ਕੈਬਿਨਟ ਰੈਂਕ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਰਾਜ ਕੁਮਾਰ ਵੇਰਕਾ ਨੂੰ ਵੀ ਪੰਜਾਬ ਵੈਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਕੇ ਕੈਬਿਨਟ ਰੈਂਕ ਦਿੱਤਾ ਜਾ ਚੁੱਕਾ ਹੈ ਅਤੇ ਇਸ ਦੇ ਨਤੀਜੇ ਵਜੋਂ 24 ਵਿਧਾਇਕ ਕੈਬਿਨਟ ਰੈਂਕ ਦੀਆਂ ਸੁਵਿਧਾਵਾਂ ਲੈ ਰਹੇ ਹਨ ਜਿਹਨਾਂ ਵਿੱਚ 15 ਕੈਬਿਨਟ ਮੰਤਰੀ ਵੀ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕਾਂ ਉੱਪਰ ਕਰੋੜਾਂ ਰੁਪਏ ਦਾ ਵਾਧੂ ਬੋਝ ਪਿਆ ਹੈ।

ਖਹਿਰਾ ਨੇ ਕਿਹਾ ਕਿ ਵਿਧਾਇਕਾਂ ਨੂੰ ਕੈਬਿਨਟ ਰੈਂਕ ਦਿੱਤੇ ਜਾਣ ਨਾਲ ਸਰਕਾਰ ਦੀ ਕਾਰਗੁਜਾਰੀ ਵਿੱਚ ਸੁਧਾਰ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਚਾਰ ਵਿਧਾਇਕ ਮੁੱਖ ਮੰਤਰੀ ਦੇ ਸਲਾਹਕਾਰ ਨਿਯੁਕਤ ਕੀਤੇ ਗਏ ਹਨ ਜਦਕਿ ਪਹਿਲਾਂ ਹੀ ਮੁੱਖ ਮੰਤਰੀ ਦਫਤਰ ਵਿੱਚ ਅੋ.ਐਸ.ਡੀ ਅਤੇ ਸਲਾਹਕਾਰਾਂ ਦੀ ਭਾਰੀ ਭਰਕਮ ਫੋਜ ਮੋਜੂਦ ਹੈ। ਉਹਨਾਂ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਵੱਲੋਂ ਦਿੱਤੇ ਜਾ ਰਹੇ ਕੈਬਿਨਟ ਰੈਂਕ ਮਨਜੂਰ ਨਾ ਕਰਨ ਅਤੇ ਹਿੰਮਤ ਜੁਟਾ ਕੇ ਮੁੱਖ ਮੰਤਰੀ ਨੂੰ ਕਾਰਗੁਜਾਰੀ ਦਿਖਾਉਣ ਜਾਂ ਪਾਸੇ ਹੋ ਜਾਣ ਦੀ ਸਲਾਹ ਦੇਣ। ਉਹਨਾਂ ਨੇ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਦੀ ਸ਼ਲਾਘਾ ਕੀਤੀ ਜਿਹਨਾਂ ਨੇ ਇਹ ਰੈਂਕ ਮਨਜੂਰ ਨਹੀਂ ਕੀਤਾ।

ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਫੈਸਲਾ ਨਾ ਸਿਰਫ ਸੰਵਿਧਾਨ ਦੀ ਉਲੰਘਣਾ ਹੈ ਬਲਕਿ ਇਹ ਵੀ ਦਿਖਾਉਂਦਾ ਹੈ ਕਿ ਆਪਣੀ ਕੁਰਸੀ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਕਿਸ ਹੱਦ ਤੱਕ ਡਿਗ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਹੋ ਰਹੇ ਘਟਨਾਕ੍ਰਮ ਉੱਪਰ ਕਾਂਗਰਸ ਹਾਈ ਕਮਾਂਡ ਨੂੰ ਤੁਰੰਤ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਕਿ ਪੰਜਾਬ ਨੂੰ ਹੋਰ ਤਬਾਹੀ ਤੋਂ ਬਚਾਇਆ ਜਾ ਸਕੇ।

Share News / Article

Yes Punjab - TOP STORIES