ਯੈੱਸ ਪੰਜਾਬ
ਸੰਗਰੂਰ, 11 ਜੂਨ, 2019:
ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਵੀਰਵਾਰ ਨੂੰ ਬੋਰਵੈਲ ਵਿਚ ਡਿੱਗੇ ਬੱਚੇ ਫ਼ਤਹਿਵੀਰ ਸਿੰਘ ਨੂੰ ਨਾ ਬਚਾਏ ਜਾ ਸਕਣ ’ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਫ਼ਤਹਿਵੀਰ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕੀਤੀ ਗਈ।
ਸ੍ਰੀ ਸਿੰਗਲਾ ਨੇ ਕਿਹਾ ਕਿ ਇਹ ਗੱਲ ਹੋਰ ਵੀ ਦੁੱਖਦਾਈ ਹੈ ਕਿ ਹਰ ਸੰਭਵ ਯਤਨ ਕੀਤੇ ਜਾਣ ਦੇ ਬਾਵਜੂਦ ਫ਼ਤਹਿਵੀਰ ਨੂੰ ਬਚਾਇਆ ਨਹੀਂ ਜਾ ਸਕਿਆ।
ਫ਼ਤਹਿਵੀਰ ਨੂੰ ਬਚਾਉਣ ਦੇ ਆਪਰੇਸ਼ਨ ਵਿਚ ਸਾਥ ਦੇਣ ਵਾਲੇ ਲੋਕਾਂ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਮਿਹਨਤ ਕਰਕੇ, ਦਿਨ ਰਾਤ ਇਕ ਕਰਦਿਆਂ ਪ੍ਰਸ਼ਾਸ਼ਨ ਦਾ ਸਾਥ ਦਿੱਤਾ ਪਰ ਸਾਡੀਆਂ ਕੋਸ਼ਿਸ਼ਾਂ ਸਫ਼ਲ ਨਾ ਹੋ ਸਕੀਆਂ। ਇਸ ਘਟਨਾ ਦਾ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੈ।
ਸਿੱਖਿਆ ਮੰਤਰੀ, ਜਿਹੜੇ ਫ਼ਤਹਿਵੀਰ ਦੀ ਮ੍ਰਿਤਕ ਦੇਹ ਨੂੰ ਕੰਧਾ ਦੇਣ ਮਗਰੋਂ ਗੱਲ ਕਰ ਰਹੇ ਸਨ, ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਉਹ ਫ਼ਤਹਿਵੀਰ ਦੇ ਪਰਿਵਾਰ ਨਾਲ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ।
ਜ਼ਿਕਰਯੋਗ ਹੈ ਕਿ ਅੱਜ ਪੀ.ਜੀ.ਆਈ. ਵਿਖ਼ੇ ਡਾਕਟਰਾਂ ਦੇ ਪੰਜ ਮੈਂਬਰੀ ਪੈਨਲ ਵੱਲੋਂ ਫ਼ਤਹਿਵੀਰ ਦਾ ਪੋਸਟਮਾਰਟਮ ਕਰਨ ਮਗਰੋਂ ਉਸਦੀ ਮ੍ਰਿਤਕ ਉਸਦੇ ਪਿੰਡ ਲਿਜਾਈ ਗਈ ਜਿੱਥੇ ਉਸਦਾ ਅੰਤਿਮ ਸਸਕਾਰ ਕਰਦਿਆਂ ਉਸਨੂੰ ਹਜ਼ਾਰਾਂ ਲੋਕਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।