ਪੰਥਕ ਤਾਲਮੇਲ ਸੰਗਠਨ ਦੀ ‘ਜਲ ਹੀ ਜੀਵਨ ਹੈ’ ਮੁਹਿੰਮ ਤਹਿਤ ‘ਪਾਣੀ ਪੰਚਾਇਤ’ 14 ਸਤੰਬਰ ਨੂੰ

ਅੰਮ੍ਰਿਤਸਰ, 11 ਸਤੰਬਰ, 2019 –

ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਵਲੋਂ ਜਲ ਸੰਕਟ ਦੇ ਮੱਦੇ-ਨਜ਼ਰ 14 ਸਤੰਬਰ 2019 ਦਿਨ ਸ਼ਨਿਚਰਵਾਰ ਨੂੰ ਦੁਪਹਿਰ ਤੱਕ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ, ਜਵੱਦੀ, ਲੁਧਿਆਣਾ ਵਿਖੇ ਪਾਣੀ-ਪੰਚਾਇਤ ਕੀਤੀ ਜਾ ਰਹੀ ਹੈ। ਜਿਸ ਵਿਚ ਵਾਤਾਵਰਣ ਪ੍ਰੇਮੀ, ਮਾਹਿਰ, ਵਿਦਿਅਕ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧ ਸ਼ਾਮਲ ਹੋਣਗੇ।

ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਇੱਕੀਵੀਂ ਸਦੀ ਜਲ-ਸੋਮਿਆਂ ਦੇ ਸ਼ੋਸ਼ਣ ਅਤੇ ਪ੍ਰਦੂਸ਼ਣ ਦੀ ਸਦੀ ਹੋ ਨਿਬੜੀ ਹੈ। ਸ਼ੁੱਧ ਪਾਣੀ ਦੀ ਕਿੱਲਤ ਕਾਰਨ ਵਿਸ਼ਵ ਸ਼ਾਂਤੀ ਖਤਰੇ ਵਿਚ ਹੈ। ਸਤਲੁਜ-ਯਮਨਾ ਲਿੰਕ ਨਹਿਰ ਵਰਗੇ ਵਿਵਾਦ ਚਿੰਤਾ ਵਿਚ ਵਾਧਾ ਕਰ ਰਹੇ ਹਨ। ਇਕ ਅੰਦਾਜ਼ੇ ਮੁਤਾਬਿਕ 2025 ਤੱਕ ਮੱਧ ਪੂਰਬ ਤੇ ਅਫਰੀਕਾ ਦੇ 40 ਮੁਲਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ।

2030 ਤੱਕ ਪਾਣੀ ਦੀ ਮੰਗ 40 ਫੀਸਦੀ ਵਧਣ ਦਾ ਅਨੁਮਾਨ ਹੈ। ਏਸ਼ਿਆਈ ਖਿੱਤੇ ਵਿਚ ਤਿੱਬਤੀ ਪਠਾਰ ਉੱਤੇ ਚੀਨ ਦਾ ਕਬਜ਼ਾ ਦੱਖਣੀ ਅਤੇ ਪੂਰਬੀ ਏਸ਼ੀਆ ਲਈ ਸਭ ਤੋਂ ਵੱਡੀ ਚੁਣੌਤੀ ਹੈ। ਦੁਨੀਆਂ ਦਾ ਤੀਜਾ ਧਰੁਵ ਤਿੱਬਤ ਦੇ ਗਲੇਸ਼ੀਅਰ 7 ਫੀਸਦੀ ਸਾਲਾਨਾ ਦਰ ਨਾਲ ਪਿਘਲ ਰਹੇ ਹਨ। 2050 ਤੱਕ ਇਨ੍ਹਾਂ ਦਾ ਦੋ ਤਿਹਾਈ ਹਿੱਸਾ ਖਤਮ ਹੋ ਜਾਵੇਗਾ। ਪਾਣੀ ਖੁਣੋਂ ਨਦੀਆਂ ਸੁੱਕ ਰਹੀਆਂ ਹਨ। ਪੰਜਾਬ ਦੀ ਧਰਤੀ’ਤੇ ਵਗ ਰਹੇ ਸਤਲੁਜ, ਬਿਆਸ ਅਤੇ ਰਾਵੀ ਦਰਿਆ ਸੀਵਰੇਜ ਦੇ ਮਲ-ਮੂਤਰ ਅਤੇ ਉਦਯੋਗਾਂ ਤੋਂ ਨਿੱਕਲਦੇ ਸਾਈਨਾਈਡ, ਪਾਰਾ, ਸੋਡੀਅਮ, ਫਲੈਰੀਨ, ਸਲਫੇਟ ਆਦਿ ਜ਼ਹਿਰਾਂ ਨਾਲ ਦੂਸ਼ਿਤ ਹੋ ਚੁੱਕੇ ਹਨ।

ਇਸ ਨਿਰਮਲ ਪਾਣੀ ਦੀ ਧਾਰਾ ਨੂੰ ਬਚਾਉਣ ਲਈ ਨਿਰਮਲ ਸੋਚ ਨਾਲ ਲੋਕ- ਲਹਿਰ ਨੂੰ ਸਿਰਜਣਾ ਸਮੇਂ ਦੀ ਮੰਗ ਹੈ। ਜਿਸ ਦੁਆਰਾ ਹੀ ਮੀਂਹ ਦੇ ਪਾਣੀ ਦੀ ਸੰਭਾਲ, ਰਵਾਇਤੀ ਤਰੀਕਿਆਂ ਨਾਲ ਪਾਣੀ ਨੂੰ ਸਹੇਜਣ, ਛੱਪੜਾਂ ਤੇ ਤਲਾਬਾਂ ਦੀ ਪੁਨਰ ਸੁਰਜੀਤੀ ਅਤੇ ਕੁਦਰਤੀ ਸੋਮਿਆਂ ਦੀ ਸੁਰੱਖਿਆ ਆਦਿਕ ਅਨੇਕ ਹੋਰ ਪੱਖਾਂ ਲਈ ਅਹਿਦ ਲਿਆ ਜਾ ਸਕਦਾ ਹੈ।