ਪੰਡਿਤ ਰਾਓ ਧਰਨੇਵਰ ਵੱਲੋਂ ਪੰਜਾਬੀ ਲੇਖ਼ਕ ਜਸਵੰਤ ਸਿੰਘ ਕੰਵਲ ਨੂੰ ਗੁਰਦਾਸ ਮਾਨ ਅਤੇ ਹੁਕਮ ਚੰਦ ਦੀ ਸ਼ਿਕਾਇਤ

ਜਗਰਾਂਉ, 22 ਸਤੰਬਰ, 2019:

ਕਰਨਾਟਕਾ ਦੇ ਮੂਲ ਨਿਵਾਸੀ ਅਤੇ ਪੰਜਾਬੀ ਭਾਸ਼ਾ ਪ੍ਰਤੀ ਅਥਾਹ ਪਿਆਰ ਰੱਖਣ ਵਾਲੇ ਪੰਡਿਤ ਰਾਓ ਧਰੇਂਨਵਰ ਨੇ ਅੱਜ ਪ੍ਰਸਿੱਧ ਲੇਖਕ ਜਸਵੰਤ ਸਿੰਘ ਕੰਵਲ ਦੇ ਕੋਲ ਪਹੁੰਚ ਕੇ ਪੰਜਾਬੀ ਭਾਸ਼ਾ ਦਾ ਕਥਿਤ ਤੌਰ ‘ਤੇ ਨਿਰਾਦਰ ਕਰਨ ਵਾਲੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਅਤੇ ਪ੍ਰੋ. ਹੁਕਮ ਚੰਦ ਰਾਜਪਾਲ ਸਮੇਤ ਪੰਜਾਬ ਦੇ ਕਈ ਗਾਇਕਾਂ ਦੀ ਸ਼ਿਕਾਇਤ ਕੀਤੀ ਹੈ।

ਜਸਵੰਤ ਸਿੰਘ ਕੰਵਲ ਦੇ ਘਰ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਡਿਤ ਰਾਓ ਧਰੇਂਨਵਰ ਨੇ ਲਿਖਤੀ ਸ਼ਿਕਾਇਤ ਦਿੰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਲਈ ਤੁਹਾਡਾ ਯੋਗਦਾਨ ਸਰਬੋਤਮ ਹੈ। ਪੰਜਾਬੀ ਭਾਸ਼ਾ ਦੇ ਸਤਿਕਾਰ ਅਤੇ ਸਨਮਾਨ ਨੂੰ ਉੱਚੀ ਪੱਧਰ ‘ਤੇ ਰੱਖਣ ਲਈ ਤੁਸੀਂ ਉਮਰ ਭਰ ਯਤਨ ਕੀਤੇ ਹਨ।

ਪਰ ਅੱਜ ਕੱਲ੍ਹ ਦੇ ਕੁਝ ਲੋਕਾਂ ਵੱਲੋਂ ਪੰਜਾਬੀ ਭਾਸ਼ਾ ਦੀ ਬੇਕਦਰੀ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਵੇਂ ਕਿ ਪ੍ਰੋ. ਹੁਕਮ ਚੰਦ ਰਾਜਪਾਲ ਨੇ ਪਟਿਆਲਾ ਦੇ ਸੈਮੀਨਾਰ ਵਿੱਚ ਅਤੇ ਗਾਇਕ ਗੁਰਦਾਸ ਮਾਨ ਕੈਨੇਡਾ ਦੇ ਇੱਕ ਰੇਡੀਓ ਇੰਟਰਵਿਊ ਦੌਰਾਨ ਪੰਜਾਬੀ ਭਾਸ਼ਾ ਦੀ ਬੇਕਦਰੀ ਕਰਦੇ ਨਜ਼ਰ ਆਏ ਹਨ। ਉਨ੍ਹਾਂ ਕੰਵਲ ਜੀ ਨੂੰ ਕਿਹਾ ਕਿ ਉਹ ਇਨ੍ਹਾਂ ਦੋਵਾਂ ਨੂੰ ਆਪਣੇ ਘਰ ਬੁਲਾ ਕੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਸਮਝਾਉਣ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਬੇਇੱਜਤੀ ਕਰਦੇ ਹੋਏ ਕਥਿਤ ਤੌਰ ‘ਤੇ ਸ਼ਰਾਬੀ ਅਤੇ ਹਥਿਆਰਾਂ ਦੀ ਗਾਇਕੀ ਕਰਨ ਵਾਲੇ ਕਰਨ ਔਜਲਾ, ਦਿਲਜੀਤ ਦੁਸਾਂਝ, ਸਿੱਧੂ ਮੂਸੇ ਵਾਲਾ, ਐਲੀ ਮਾਂਗਟ, ਆਰ ਨੈਤ, ਸ਼ੈਰੀ ਮਾਨ, ਦਿਲਪ੍ਰੀਤ ਢਿੱਲੋਂ, ਜੈਸਮੀਨ ਸੈਂਡਲਸ ਵਰਗੇ ਗਾਇਕਾਂ ਨੂੰ ਵੀ ਘਰੇ ਬੁਲਾ ਕੇ ਚੰਗੇ ਗੀਤ ਲਿਖਣ ਅਤੇ ਗਾਉਣ ਬਾਰੇ ਸਮਝਾਉਣ ਦੀ ਲੋੜ ਹੈ।

Share News / Article

Yes Punjab - TOP STORIES