‘ਪੰਜਾਬ ਸੜਕ ਦੁਰਘਟਨਾ ਬਲੈਕ ਸਪਾਟਸ ਦੀ ਪਛਾਣ ਅਤੇ ਸੁਧਾਰ’ ਦੀ ਪਹਿਲੀ ਰਿਪੋਰਟ ਜਾਰੀ, 391 ਬਲੈਕ ਸਪਾਟਸ ਦੀ ਕੀਤੀ ਗਈ ਪਛਾਣ

ਚੰਡੀਗੜ, 19 ਸਤੰਬਰ, 2019 –
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਲਾਏ ਜਾ ਰਹੇ ਪ੍ਰੋਗਰਾਮ ‘ਪੰਜਾਬ ਸੜਕ ਦੁਰਘਟਨਾ ਬਲੈਕ ਸਪਾਟਸ ਦੀ ਪਛਾਣ ਅਤੇ ਸੁਧਾਰ’ ਦੀ ਪਹਿਲੀ ਰਿਪੋਰਟ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪਨੂੰ ਵਲੋਂ ਅੱਜ ਜਾਰੀ ਕੀਤੀ ਗਈ ਹੈ।

ਸ. ਪਨੂੰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸੜਕ ਐਕਸੀਡੈਂਟ ਬਲੈਕ ਸਪਾਟਸ ਦੀ ਇਹ ਰਿਪੋਰਟ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਪੰਜਾਬ ਵਿਜਨ ਜ਼ੀਰੋ ਐਕਸੀਡੈਂਟ ਟੀਮ ਨੇ ਪੰਜਾਬ ਪੁਲਿਸ ਦੇ ਟ੍ਰੈਫਿਕ ਵਿਭਾਗ ਨਾਲ ਮਿਲ ਕੇ ਤਿਆਰ ਕੀਤੀ ਹੈ।

ਉਹਨਾਂ ਦੱਸਿਆ ਕਿ ਰਿਪੋਰਟ ਦੇ ਪਹਿਲੇ ਹਿੱਸੇ ਵਿੱਚ, ਸੂਬੇ ਭਰ ਦੇ 12 ਜ਼ਿਲਿਆਂ ਵਿੱਚ 391 ਪੰਜਾਬ ਸੜਕ ਐਕਸੀਡੈਂਟ ਬਲੈਕ ਸਪਾਟਸ ਦੀ ਪਛਾਣ ਕੀਤੀ ਗਈ ਹੈ। ਇਹਨਾਂ ਵਿੱਚੋਂ 256 (65 ਫ਼ੀਸਦੀ) ਬਲੈਕ ਸਪਾਟਸ ਪੰਜਾਬ ਦੇ ਕੌਮੀ ਰਾਜ ਮਾਰਗਾਂ ’ਤੇ, 66 (17 ਫ਼ੀਸਦੀ) ਸਪਾਟਸ ਪੰਜਾਬ ਦੀਆਂ ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ ’ਤੇ, 42 (11 ਫ਼ੀਸਦੀ) ਸ਼ਹਿਰੀ ਸੜਕਾਂ ’ਤੇ ਅਤੇ 27 (7 ਫ਼ੀਸਦੀ) ਪੇਂਡੂ ਸੜਕਾਂ ’ਤੇ ਹਨ।

ਮਿਸ਼ਨ ਡਾਇਰੈਕਟਰ ਨੇ ਅੱਗੇ ਕਿਹਾ ਕਿ ਇਹਨਾਂ 391 ਸੜਕ ਦੁਰਘਟਨਾ ਬਲੈਕ ਸਪਾਟਾਂ ਵਿੱਚ ਪਿਛਲੇ 3 ਸਾਲਾਂ (2016 ਤੋਂ 2018) ਦੌਰਾਨ, 2898 ਸੜਕੀ ਹਾਦਸੇ ਹੋਏ ਜਿਹਨਾਂ ਵਿੱਚ 1910 ਲੋਕ ਮਾਰੇ ਗਏ, 1401 ਲੋਕ ਗੰਭੀਰ ਰੂਪ ਵਿੱਚ ਜਖ਼ਮੀ ਹੋਏ ਤੇ 488 ਲੋਕਾਂ ਨੂੰ ਹੋਰ ਸੱਟਾਂ ਲੱਗੀਆਂ।

ਬਲੈਕ ਸਪਾਟ ਦੀ ਜ਼ਿਲਾਵਾਰ ਜਾਣਕਾਰੀ ਦਿੰਦਿਆਂ, ਸ. ਪਨੂੰ ਨੇ ਕਿਹਾ ਕਿ ਮੋਹਾਲੀ ਜ਼ਿਲੇ ਵਿੱਚ ਸਭ ਤੋਂ ਵੱਧ 92 ਸੜਕ ਦੁਰਘਟਨਾ ਬਲੈਕ ਸਪਾਟਾਂ ਦੀ ਪਛਾਣ ਕੀਤੀ ਗਈ ਹੈ, ਇਸ ਪਿੱਛੋਂ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਅਧਿਕਾਰ ਖੇਤਰ ਵਿੱਚ ਆਉਂਦੇ 91 ਬਲੈਕ ਸਪਾਟਾਂ ਦੀ ਪਛਾਣ ਕੀਤੀ ਗਈ। ਇਸ ਤੋਂ ਇਲਾਵਾ, ਅੰਮਿ੍ਰਤਸਰ ਪੁਲਿਸ (ਦਿਹਾਤੀ) ਦੇ ਅਧਿਕਾਰ ਖੇਤਰ ਵਿੱਚ 6, ਅੰਮਿ੍ਰਤਸਰ ਪੁਲਿਸ ਕਮਿਸ਼ਨਰੇਟ ਦੇ ਅਧੀਨ 23, ਬਟਾਲਾ ਵਿੱਚ 9, ਗੁਰਦਾਸਪੁਰ ਵਿੱਚ 12, ਤਰਨਤਾਰਨ ਵਿੱਚ 8, ਜਲੰਧਰ ਪੁਲਿਸ ਕਮਿਸ਼ਨਰੇਟ ਅਧੀਨ 21, ਮੋਗੇ ਵਿੱਚ 9, ਪਟਿਆਲਾ ਵਿੱਚ 55, ਰੂਪਨਗਰ ਵਿੱਚ 30, ਸ਼ਹੀਦ ਭਗਤ ਸਿੰਘ ਨਗਰ ਵਿੱਚ 21, ਬਠਿੰਡਾ ਵਿੱਚ 8 ਅਤੇ ਸੰਗਰੂਰ ਵਿੱਚ 6 ਬਲੈਕ ਸਪਾਟਾਂ ਦੀ ਪਛਾਣ ਕੀਤੀ ਗਈ ਹੈ।

ਉਨਾਂ ਦੱਸਿਆ ਕਿ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਸ ਸੜਕ ਨੂੰ ਐਕਸੀਡੈਂਟ ਬਲੈਕ ਸਪਾਟ ਮੰਨਿਆਂ ਜਾਂਦਾ ਹੈ ਜਿਸ ਸੜਕ ਦੇ ਕਿਸੇ ਵੀ 500 ਮੀਟਰ ਹਿੱਸੇ ਵਿੱਚ ਪਿਛਲੇ 3 ਸਾਲਾਂ ਦੌਰਾਨ 5 ਤੋਂ ਵੱਧ ਹਾਦਸੇ ਵਾਪਰਦੇ ਹਨ, ਜਿਸ ਨਾਲ ਮੌਤ/ਗੰਭੀਰ ਸੱਟਾਂ ਲੱਗਣ ਜਾਂ ਅਜਿਹੀ ਥਾਂ ਜਿਥੇ ਪਿਛਲੇ 3 ਸਾਲਾਂ ਵਿਚ ਸੜਕ ਹਾਦਸਿਆਂ ਦੌਰਾਨ 10 ਵਿਅਕਤੀਆਂ ਦੀਆਂ ਜਾਨਾਂ ਗਈਆਂ ਹੋਣ।

ਮਿਸ਼ਨ ਡਾਇਰੈਕਟਰ ਨੇ ਅਗਲੇਰੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾਂ ਬਲੈਕ ਸਪਾਟਾਂ ਨੂੰ ਠੀਕ ਕਰਨ ਲਈ ਸੂਬਾ ਸਰਕਾਰ ਦੇ ਸਬੰਧਤ ਵਿਭਾਗਾਂ ਨੂੰ ਕਿਹਾ ਗਿਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਦੇ ਮੱਦੇਨਜ਼ਰ ਕੌਮੀ ਰਾਜਮਾਰਗ ਦੇ ਬਲੈਕ ਸਪਾਟਾਂ ਨੂੰ ਜਲਦ ਠੀਕ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਅਪੀਲ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਹ ਰਿਪੋਰਟ ਟ੍ਰੈਫਿਕ ਸਲਾਹਕਾਰ, ਪੰਜਾਬ ਸ੍ਰੀ ਨਵਦੀਪ ਅਸੀਜਾ ਅਤੇ ਪ੍ਰੋਜੈਕਟ ਮੈਨੇਜਰ, ਪੰਜਾਬ ਵਿਜਨ ਜ਼ੀਰੋ ਐਕਸੀਡੈਂਟ ਸ੍ਰੀ ਅਰਬਾਬ ਅਹਿਮਦ ਦੀਆਂ ਕੋਸ਼ਿਸ਼ਾਂ ਸਦਕਾ 4 ਮਹੀਨਿਆਂ ਵਿੱਚ ਤਿਆਰ ਕੀਤੀ ਗਈ।

Share News / Article

Yes Punjab - TOP STORIES