ਪੰਜਾਬ ਸਰਕਾਰ ਵੱਲੋਂ ਸੈਰ-ਸਪਾਟਾ ਖੇਤਰ ਵਿੱਚ ਨੌਜਵਾਨਾਂ ਲਈ ਸਵੈ ਰੁਜ਼ਗਾਰ ਦੇ 10,000 ਮੌਕੇ ਪੈਦਾ ਕਰਨ ਦਾ ਐਲਾਨ

ਚੰਡੀਗੜ੍ਹ, 27 ਸਤੰਬਰ, 2019:
‘ਵਿਸ਼ਵ ਸੈਰ ਸਪਾਟਾ ਦਿਵਸ’ ਮੌਕੇ ਪੰਜਾਬ ਸਰਕਾਰ ਵੱਲੋਂ ਸੈਰ-ਸਪਾਟਾ ਉਦਯੋਗ ਵਿੱਚ ਨੌਜਵਾਨਾਂ ਲਈ ਸਵੈ ਰੁਜ਼ਗਾਰ ਦੇ 10000 ਮੌਕੇ ਪੈਦਾ ਕਰਨ ਦਾ ਐਲਾਨ ਕੀਤਾ ਗਿਆ ਹੈ।

ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਸੂਬੇ ਵਿੱਚ ਸੈਲਾਨੀਆਂ ਨੂੰ ਆਕਰਸ਼ਤ ਕਰਨ ਵਿੱਚ ਮਦਦ ਮਿਲੇਗੀ ਸਗੋਂ ਇਹ ਕਦਮ ਸੂਬੇ ਦੇ ਨੌਜਵਾਨਾਂ ਦੇ ਸਸ਼ਕਤੀਕਰਨ ਵਿੱਚ ਲਾਹੇਵੰਦ ਸਿੱਧ ਹੋਵੇਗਾ।

ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੈਰ ਸਪਾਟਾ ਵਿਭਾਗ ਦੀਆਂ 15 ਸੰਪਤੀਆਂ ਨੂੰ ਵਿਸ਼ਵ ਪੱਧਰ ਦੇ ਸੈਲਾਨੀਆਂ ਲਈ ਖਿੱਚ ਦੇ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ।

ਇਨ੍ਹਾਂ ਸੰਪਤੀਆਂ ਵਿੱਚ ਅਮਲਤਾਸ ਹੋਟਲ, ਲੁਧਿਆਣਾ, ਸਿਲਵਰ ਓਕ ਟੂਰਿਸ਼ਟ ਕੰਪਲੈਕਸ, ਮਲੋਟ, ਪਿੰਕਾਸੀਆ ਟੂਰਿਸਟ ਕੰਪਲੈਕਸ, ਰੋਪੜ, ਕਡੰਮਬਾ ਟੂਰਿਸਟ ਕੰਪਲੈਕਸ, ਨੰਗਲ, ਸੂਰਜਮੁਖੀ ਟੂਰਿਸਟ ਕੰਪਲੈਕਸ, ਖਨੌਰੀ, ਟੂਰਿਸਟ ਓਆਸਿਸ, ਲੁਧਿਆਣਾ, ਹੋਟਲ ਬਲਿਊ ਬੈੱਲ, ਫਗਵਾੜਾ, ਲਾਜਵੰਤੀ ਫਿਲਿੰਗ ਸਟੇਸ਼ਨ, ਹੁਸ਼ਿਆਰਪੁਰ, ਬੋਗੈਨਵਿਲੀਆ ਫਲੋਟਿੰਗ ਰੈਸਟੋਰੈਂਟ, ਸਰਹਿੰਦ, ਮੈਗਨੋਲੀਆ ਟੂਰਿਸਟ ਕੰਪਲੈਕਸ, ਕਰਤਾਰਪੁਰ, ਟੂਰਿਸਟ ਕੰਪਲੈਕਸ ਚੋਹਲ ਡੈਮ, ਹੁਸ਼ਿਆਰਪੁਰ, ਐਥਨਿਕ ਸੈਂਟਰ, ਚਮਕੌਰ ਸਾਹਿਬ, ਟੂਰਿਸਟ ਰਿਸੈਪਸ਼ਨ ਸੈਂਟਰ ਅਨੰਦਪੁਰ ਸਾਹਿਬ, ਪਿੰਡ ਤਰੇਤੀ ਵਿਖੇ ਜ਼ਮੀਨ, ਸ਼ਾਹਪੁਰ ਕੰਢੀ, ਜ਼ਿਲ੍ਹਾ ਪਠਾਨਕੋਟ, ਆਈ.ਐਚ.ਐਮ. ਬੂਥਗੜ੍ਹ ਜ਼ਿਲ੍ਹਾ ਮੋਹਾਲੀ ਸ਼ਾਮਲ ਹਨ।

ਸ੍ਰੀ ਚੰਨੀ ਨੇ ਦੱਸਿਆ ਕਿ ਇਹਨਾਂ ਵਿਚੋਂ ਜ਼ਿਆਦਾਤਰ ਜਾਇਦਾਦਾਂ ਬਹੁਤ ਸੁੰਦਰ ਕੁਦਰਤੀ ਥਾਵਾਂ ‘ਤੇ ਸਥਿਤ ਹਨ ਅਤੇ ਜੇ ਇਹਨਾਂ ਨੂੰ ਵਿਕਸਿਤ ਕੀਤਾ ਜਾਵੇਗਾ ਤਾਂ ਇਹ ਵਿਸ਼ਵ ਭਰ ਦੇ ਸੈਲਾਨੀਆਂ ਲਈ ਯਕੀਨਨ ਖਿੱਚ ਦਾ ਕੇਂਦਰ ਬਣਨਗੀਆਂ। ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਜਾਇਦਾਦਾਂ ਨੂੰ ਵਿਕਸਿਤ ਕਰਨ ਲਈ ਉਹਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਬਲਿਊ ਪ੍ਰਿੰਟ ਤਿਆਰ ਕਰਨ ਦੇ ਨਿਰਦੇਸ਼ ਪਹਿਲਾਂ ਹੀ ਦੇ ਦਿੱਤੇ ਹਨ।

ਸ੍ਰੀ ਚੰਨੀ ਨੇ ਇਹ ਵੀ ਕਿਹਾ ਕਿ ਸੈਰ ਸਪਾਟਾ ਵਿਭਾਗ ਸੂਬੇ ਵਿੱਚ ਫਾਰਮ ਟੂਰੀਜ਼ਮ ਨੂੰ ਉਤਸ਼ਾਹਤ ਕਰਨ ਲਈ ਠੋਸ ਕਦਮ ਚੁੱਕੇਗਾ। ਉਹਨਾਂ ਕਿਹਾ ਕਿ ਵਿਭਾਗ ਵਲੋਂ ਸੈਲਾਨੀਆਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਠਹਿਰਨ ਲਈ ਆਰਾਮਦਾਇਕ ਘਰਾਂ ਦੀ ਸੁਵਿਧਾ ਪ੍ਰਦਾਨ ਕਰਨ ਅਤੇ ਸੈਰ-ਸਪਾਟੇ ਵਾਲੇ ਸਥਾਨਾਂ ਦੇ ਆਸ-ਪਾਸ ਰਹਿਣ ਵਾਲੀ ਜਗ੍ਹਾ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਉੱਚ ਪੱਧਰੀ ਬੈੱਡ ਐਂਡ ਬ੍ਰੇਫਾਸਟ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਇਸ ਦਾ ਮੰਤਵ ਸੁਦੇਸ਼ੀ ਅਤੇ ਵਿਦੇਸ਼ੀ ਸੈਲਾਨੀਆਂ ਲਈ ਇੱਕ ਸਵੱਛ ਅਤੇ ਸਸਤੀ ਜਗ੍ਹਾ ਪ੍ਰਦਾਨ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਪੰਜਾਬ ਦੀਆਂ ਰਵਾਇਤਾਂ ਅਤੇ ਸਭਿਆਚਾਰ ਦਾ ਅਨੁਭਵ ਕਰਨ ਅਤੇ ਪੰਜਾਬੀ ਖਾਣਿਆਂ ਦਾ ਸੁਆਦ ਲੈਣ ਲਈ ਭਾਰਤੀ ਪਰਿਵਾਰਾਂ ਨਾਲ ਰਹਿਣ ਦਾ ਮੌਕਾ ਦਿੱਤਾ ਜਾ ਸਕੇ।

ਸ੍ਰੀ ਚੰਨੀ ਨੇ ਕਿਹਾ ‘ਜਿਹਨਾਂ ਇਛੱਕ ਮਕਾਨ ਮਲਾਕਾਂ ਕੋਲ ਢੁੱਕਵੇਂ ਆਕਾਰ ਅਤੇ ਮਾਪਦੰਡਾਂ ਵਾਲਾ ਮਕਾਨ ਹੈ, ਉਹਨਾਂ ਲਈ ਵਾਧੂ ਆਮਦਨ ਦਾ ਇਹ ਇਕ ਵਧੀਆ ਸ੍ਰੋਤ ਬਣਨ ਦੇ ਨਾਲ ਨਾਲ ਇਕ ਚੰਗੀ ਵਪਾਰਕ ਗਤੀਵਿਧੀ ਵੀ ਬਣ ਸਕਦੀ ਹੈ। ਹੁਣ ਤੱਕ ਵਿਭਾਗ ਕੋਲ ਇਸ ਸਕੀਮ ਤਹਿਤ 100 ਦੇ ਕਰੀਬ ਇਕਾਈਆਂ ਰਜਿਸਟਰਡ ਹੋ ਚੁੱਕੀਆਂ ਹਨ।’

ਮੰਤਰੀ ਨੇ ਇਹ ਵੀ ਦੱਸਿਆ ਕਿ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਅੰਮ੍ਰਿਤਸਰ ਵਿਖੇ ਹੈਰੀਟੇਜ਼ ਬਾਕ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਅਤੇ ਦਰਸ਼ਕਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਪਟਿਆਲਾ ਵਿਖੇ ਪਟਿਆਲਾ ਹੈਰੀਟੇਜ਼ ਬਾਕ ਦਾ ਵੀ ਆਯੋਜਨ ਕੀਤਾ ਗਿਆ।

ਵਿਦੇਸ਼ੀ ਸੈਲਾਨੀਆਂ ਦੀ ਸਹੂਲਤ ਲਈ ਵਿਭਾਗ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਜ਼ਰੀਏ ਵਿਦੇਸ਼ੀ ਭਾਸ਼ਾ (ਫ੍ਰੈਂਚ) ਦੀ ਸਿਖਲਾਈ ਦੇਣ ਲਈ 27 ਟੂਰ ਗਾਈਡਾਂ ਅਤੇ ਟੂਰਿਸਟ ਓਪਰੇਟਰਾਂ ਦਾ ਇੱਕ ਬੈਚ ਸ਼ੁਰੂ ਕੀਤਾ ਗਿਆ ਹੈ ਅਤੇ ਵਿਸ਼ਵ ਸੈਰ-ਸਪਾਟਾ ਦਿਵਸ 2019 ਮੌਕੇ ਵਿਰਾਸਤ-ਏ-ਖਾਲਸਾ ਵਿਖੇ ਸਕੂਲਾਂ/ਕਾਲਜਾਂ ਵਿਚਕਾਰ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES