ਪੰਜਾਬ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੇ ਕਿਸਾਨਾਂ ਲਈ ਵਿਸ਼ੇਸ਼ ਖੇਤੀਬਾੜੀ ਸਿਖਲਾਈ ਕੈਂਪ ਦੀ ਪੇਸ਼ਕਸ਼

ਚੰਡੀਗੜ੍ਹ, 18 ਅਕਤੂਬਰ, 2019 –

ਜੰਮੂ-ਕਸਮੀਰ ਨੂੰ ਖੇਤੀਬਾੜੀ ਸੈਕਟਰ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੰਦਿਆਂ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਸਰਹੱਦੀ ਸੂਬੇ ਦੇ ਕਿਸਾਨਾਂ ਅਤੇ ਅਧਿਕਾਰੀਆਂ ਲਈ ਵਿਸੇਸ ਸਿਖਲਾਈ ਕੈਂਪਾਂ ਦੀ ਪੇਸ਼ਕਸ਼ ਕੀਤੀ ਗਈ ਤਾਂ ਜੋ ਤਕਨੀਕੀ ਅਤੇ ਉਤਪਾਦਾਂ ਸਬੰਧੀ ਜਾਣਕਾਰੀ ਦਾ ਆਦਾਨ-ਪ੍ਰਦਾਨ ਕੀਤਾ ਜਾ ਸਕੇ।

ਅੱਜ ਸਵੇਰੇ ਇਥੇ ਪੰਜਾਬ ਭਵਨ ਵਿਖੇ ਭਾਰਤੀ ਸੈਨਾ ਦੇ ਆਪ੍ਰੇਸਨ ਸਦਭਾਵਨਾ ਦੇ ਹਿੱਸੇ ਵਜੋਂ ਪੰਜਾਬ ਦਾ ਦੌਰਾ ਕਰਨ ਵਾਲੇ ਅਖਨੂਰ ਤਹਿਸੀਲ ਦੇ ਕਿਸਾਨਾਂ ਦੇ ਸਮੂਹ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਸ੍ਰੀ ਟੀ.ਐਸ ਸ਼ੇਰਗਿੱਲ ਨੇ ਡਾਇਰੈਕਟਰ ਖੇਤੀਬਾੜੀ ਨੂੰ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਬਰਾਬਰ ਸਹਿਯੋਗ ਦੇਣ ਅਤੇ ਜਲਦ ਤੋਂ ਜਲਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਵਿਖੇ ਕਿਸਾਨਾਂ ਲਈ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ ਕਰਨ ਲਈ ਇੱਕ ਪ੍ਰਣਾਲੀ ਵਿਕਸਤ ਕਰਨ ਲਈ ਕਿਹਾ।

ਦੋਵਾਂ ਸੂਬਿਆਂ ਵਿਚਲੇ ਖੇਤੀਬਾੜੀ ਈਕੋ-ਸਿਸਟਮ ਦੀਆਂ ਸਮਾਨਤਾਵਾਂ ਨੂੰ ਦਰਸਾਉਂਦਿਆਂ ਜਨਰਲ ਸ਼ੇਰਗਿੱਲ ਨੇ ਵਿਭਾਗ ਨੂੰ ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਸੰਭਾਵਨਾ ਜਾਣਨ ਲਈ ਵੀ ਕਿਹਾ ਤਾਂ ਜੋ ਗੁਆਂਢੀ ਸੂਬਿਆਂ ਦੇ ਕਿਸਾਨਾਂ ਨਾਲ ਮਸ਼ੀਨੀ ਤਕਨੀਕਾਂ ਅਤੇ ਖੇਤਬਾੜੀ ਦੇ ਤਰੀਕਿਆਂ ਬਾਰੇ ਜਾਣਕਾਰੀ ਦੇ ਨਿਰੰਤਰ ਅਦਾਨ-ਪ੍ਰਦਾਨ ਨੂੰ ਯਕੀਨੀ ਬਣਾਇਆ ਜਾ ਸਕੇ।

ਸ੍ਰੀ ਸ਼ੇਰਗਿੱਲ ਨੇ ਸਪੱਸ਼ਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਨੇ ਖੇਤੀ ਵਿਭਿੰਨਤਾ ਦੇ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ । ਉਨ੍ਹਾਂ ਕਿਹਾ ਕਿ ਝੋਨੇ ਅਤੇ ਕਣਕ ਦੀਆਂ ਵੱਖ ਵੱਖ ਕਿਸਮਾਂ ਬੀਜਣ ਲਈ ਜੰਮੂ ਤੇ ਕਸ਼ਮੀਰ ਨਾਲ ਆਪਣੇ ਆਧਾਰ ਸਰੋਤਾਂ ਨੂੰ ਸਾਂਝੇ ਕਰ ਕੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ।

ਸਾਲ 1996 ਤੋਂ 1998 ਤੱਕ ਅਖ਼ਨੂਰ ਖੇਤਰ ਵਿੱਚ 10 ਡਿਵੀਜ਼ਨ ਦੀ ਅਗਵਾਈ ਕਰਨ ਵਾਲੇ ਜਨਰਲ ਸ਼ੇਰਗਿੱਲ ਨੇ ਉਸ ਸਮੇਂ ਦੇ ਆਪਣੇ ਸੇਵਾ ਕਾਲ ਨੂੰ ਯਾਦ ਕਰਦਿਆਂ ਫੌਜ ਵਲੋਂ ਵੱਖ ਵੱਖ ਵਿਚਾਰਾਂ ਨੂੰ ਇੱਕ ਉਸਾਰੂ ਮੰਚ ਪ੍ਰਦਾਨ ਕਰਨ ਲਈ ਫੌਜ ਦੀ ਪਿੱਠ ਥਾਪੜੀ।

ਮੇਜਰ ਅਮਿਤ ਚੌਧਰੀ ਦੀ ਅਗਵਾਈ ਵਿੱਚ 25 ਕਿਸਾਨਾਂ ਦੇ ਸਮੂਹ ਨੇ ਜਨਰਲ ਸ਼ੇਰਗਿੱਲ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ। ਇਸ ਦੌਰੇ ਵਿੱਚ ਸ਼ਾਮਲ ਕਿਸਾਨਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ ਦਾ ਵੀ ਦੌਰਾ ਕੀਤਾ ਅਤੇ ਵੱਡਮੁੱਲੀ ਪ੍ਰਾਹੁਣਚਾਰੀ ਤੇ ਸਹਿਯੋਗ ਲਈ ਸਰਕਾਰ ਦਾ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਵਿਕਾਸ ਸ੍ਰੀ ਵਿਸਵਜੀਤ ਖੰਨਾ, ਡੀਜੀਪੀ ਇੰਟੈਲੀਜੈਂਸ ਸ੍ਰੀ ਵੀ ਕੇ ਭਾਵਰਾ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ੍ਰੀ ਸਵਤੰਤਰ ਕੁਮਾਰ, ਸੀਨੀਅਰ ਸਲਾਹਕਾਰ ਦੇ ਓ.ਐਸ.ਡੀ ਕਰਨ ਸਿੰਘ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ. ਸੁਰਿੰਦਰਪਾਲ ਸਿਘ ਵੀ ਸ਼ਾਮਲ ਸਨ।

Share News / Article

Yes Punjab - TOP STORIES