ਚੰਡੀਗੜ੍ਹ, 23 ਜੂਨ, 2019:
ਹੁਸ਼ਿਆਰਪੁਰ ਦੇ ਪਿੰਡ ਮੋਤੀਆਂ ਵਾਸੀ ਅਸ਼ੋਕ ਕੁਮਾਰ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਰਾਤੋ ਰਾਤ ਕਰੋੜਪਤੀ ਬਣ ਜਾਵੇਗਾ। ਪੰਜਾਬ ਪੁਲੀਸ ਵਿੱਚ ਕਾਂਸਟੇਬਲ ਵਜੋਂ ਸੇਵਾਵਾਂ ਨਿਭਾਅ ਰਹੇ 30 ਸਾਲਾ ਅਸ਼ੋਕ ਕੁਮਾਰ ਦੀ ਮਾਲੀ ਤੰਗੀਆਂ-ਤੁਰਸ਼ੀਆਂ ਦਾ ਪੰਜਾਬ ਸਰਕਾਰ ਦੇ ਲੋਹੜੀ ਬੰਪਰ-2019 ਨੇ ਅੰਤ ਕਰ ਦਿੱਤਾ ਹੈ, ਜਿਸ ਦੀ ਟਿਕਟ ਖਰੀਦ ਕੇ ਉਹ ਭੁੱਲ ਗਿਆ ਸੀ।
ਪੰਜਾਬ ਲਾਟਰੀਜ਼ ਵਿਭਾਗ ਨੇ ਜਦੋਂ 2 ਕਰੋੜ ਰੁਪਏ ਦਾ ਇਨਾਮ ਨਿਕਲਣ ਬਾਰੇ ਫੋਨ ਕੀਤਾ ਤਾਂ ਅਸ਼ੋਕ ਕੁਮਾਰ ਨੂੰ ਯਕੀਨ ਨਾ ਆਇਆ। ਫਿਰ ਉਸ ਨੇ ਲੋਹੜੀ ਬੰਪਰ ਦੀ ਟਿਕਟ ਲੱਭਣੀ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਇਕ ਵਾਰ ਉਸ ਨੂੰ ਲੱਗਿਆ ਕਿ ਇਸ ਤੋਂ ਚੰਗਾ ਸੀ ਕਿ ਉਸ ਦੀ ਲਾਟਰੀ ਨਾ ਹੀ ਨਿਕਲਦੀ ਕਿਉਂਕਿ ਉਹ ਟਿਕਟ ਕਿਤੇ ਰੱਖ ਕੇ ਭੁੱਲ ਗਿਆ ਸੀ।
ਅਖ਼ੀਰ ਉਸ ਨੂੰ ਲੋਹੜੀ ਬੰਪਰ ਦੀ ਟਿਕਟ ਹੁਸ਼ਿਆਰਪੁਰ ਥਾਣੇ, ਜਿਥੇ ਉਹ ਤਾਇਨਾਤ ਹੈ, ਵਿੱਚ ਆਪਣੀ ਮੇਜ਼ ਦੇ ਦਰਾਜ ਵਿੱਚੋਂ ਮਿਲੀ। ਅਸ਼ੋਕ ਨੇ ਦੱਸਿਆ ਕਿ ਲਾਟਰੀ ਬੰਪਰ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਹੈ, ਜਿਸ ਬਦੌਲਤ ਉਹ ਮਕਾਨ ਬਣਾ ਸਕਿਆ ਅਤੇ ਆਪਣਾ ਲੋਨ ਵੀ ਲਾਹ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਇਸ ਰਾਸ਼ੀ ਨਾਲ ਆਪਣੇ ਛੋਟੇ ਭਰਾਵਾਂ ਦੀ ਸੈਂਟਲ ਹੋਣ ਵਿੱਚ ਮਦਦ ਕਰਨਾ ਚਾਹੁੰਦਾ ਹੈ।
ਅਸ਼ੋਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਲੋਹੜੀ ਬੰਪਰ ਨੇ ਉਸ ਨੂੰ ਉਹ ਕੰਮ ਕਰਨ ਦਾ ਹੌਂਸਲਾ ਦਿੱਤਾ ਜਿਨ੍ਹਾਂ ਬਾਰੇ ਪਹਿਲਾਂ ਉਹ ਕਦੇ ਪੈਸੇ ਦੀ ਘਾਟ ਕਾਰਨ ਸੋਚ ਵੀ ਨਹੀਂ ਸਕਦਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਲੱਗਦਾ ਸੀ ਕਿ ਇਨਾਮੀ ਰਾਸ਼ੀ ਲੈਣ ਵਿੱਚ ਦਿੱਕਤ ਆਵੇਗੀ ਪਰ ਪੰਜਾਬ ਲਾਟਰੀਜ਼ ਵਿਭਾਗ ਨੇ ਉਸ ਨੂੰ ਇਨਾਮੀ ਰਾਸ਼ੀ ਹਾਸਲ ਕਰਨ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ।
ਸਾਵਣ ਬੰਪਰ 2019 ਦੀ ਵਿਕਰੀ ਜਾਰੀ
ਪੰਜਾਬ ਲਾਟਰੀਜ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੁਣ ਪੰਜਾਬ ਰਾਜ ਸਾਵਣ ਬੰਪਰ-2019 ਦੀ ਵਿਕਰੀ ਜਾਰੀ ਹੈ, ਜਿਸ ਦਾ ਡਰਾਅ 8 ਜੁਲਾਈ ਨੂੰ ਕੱਢਿਆ ਜਾਵੇਗਾ। ਇਸ ਬੰਪਰ ਬਾਰੇ ਉਨ੍ਹਾਂ ਦੱਸਿਆ ਕਿ ਪਹਿਲਾ ਇਨਾਮ ਤਿੰਨ ਕਰੋੜ ਰੁਪਏ ਦਾ ਹੋਵੇਗਾ, ਜੋ ਕਿ ਦੋ ਜੇਤੂਆਂ ਨੂੰ ਡੇਢ-ਡੇਢ ਕਰੋੜ ਰੁਪਏ ਦਿੱਤਾ ਜਾਵੇਗਾ।
ਭਾਰਤ ਵਿੱਚ ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿਸ ਵੱਲੋਂ ਪਹਿਲਾ ਇਨਾਮ ਗਾਰੰਟਿਡ ਜਨਤਾ ਵਿੱਚ ਦਿੱਤਾ ਜਾਂਦਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਦੂਜਾ 10 ਲੱਖ ਰੁਪਏ ਦਾ ਇਨਾਮ ਪੰਜ ਜੇਤੂਆਂ ਨੂੰ ਦਿੱਤਾ ਜਾਵੇਗਾ ਅਤੇ ਤੀਜਾ ਢਾਈ ਲੱਖ ਰੁਪਏ ਦਾ ਇਨਾਮ 20 ਜੇਤੂਆਂ ਨੂੰ ਦਿੱੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚੌਥਾ ਇਕ ਲੱਖ ਰੁਪਏ ਦਾ ਇਨਾਮ 20 ਜੇਤੂਆਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੂਬਾਈ ਸਰਕਾਰ ਦੀ ਇਸ ਸਕੀਮ ਦਾ ਲਾਹਾ ਲੈਣ ਦੀ ਅਪੀਲ ਕੀਤੀ ਹੈ। ਇਕ ਟਿਕਟ ਦੀ ਕੀਮਤ 200 ਰੁਪਏ ਹੈ।